ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਿਵਲ ਹਸਪਤਾਲ ਦਾ ਅਚਨਚੇਤ ਕੀਤਾ ਦੌਰਾ, ਦਿੱਤੀਆਂ ਇਹ ਹਦਾਇਤਾਂ

Thursday, Jul 11, 2024 - 06:23 PM (IST)

ਰੂਪਨਗਰ (ਵਿਜੇ)- ਰੂਪਨਗਰ ਜ਼ਿਲ੍ਹੇ ਅੰਦਰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਮੁਲਾਂਕਣ ਕਰਨ ਹਿੱਤ ਅਤੇ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਦੇ ਮੰਤਵ ਤਹਿਤ ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵੱਲੋਂ ਸਥਾਨਕ ਸਿਵਲ ਹਸਪਤਾਲ ਰੂਪਨਗਰ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਸਿਵਲ ਸਰਜਨ ਰੂਪਨਗਰ ਨੂੰ ਸਾਫ਼-ਸਫ਼ਾਈ, ਮੁਰੰਮਤ ਦਾ ਹੋਣ ਵਾਲਾ ਕੰਮ ਅਤੇ ਐਮਰਜੈਂਸੀ ਸੇਵਾਵਾਂ ਵੱਲ ਵਿਸ਼ੇਸ਼ ਤੌਰ ’ਤੇ ਧਿਆਨ ਦੇਣ ਦੀ ਹਦਾਇਤ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਨੈਸ਼ਨਲ ਫਰਟੀਲਾਈਜ਼ਰ ਲਿਮਿਟਿਡ ਨੰਗਲ ਵੱਲੋਂ ਸੀ. ਐੱਸ. ਆਰ. ਅਧੀਨ ਐਫਰੇਸਿਸ ਮਸ਼ੀਨ ਭੇਟ ਕੀਤੀ ਗਈ ਹੈ, ਜਿਸ ਦੀ ਕੀਮਤ ਤਕਰੀਬਨ 32 ਲੱਖ ਰੁਪਏ ਹੈ ਅਤੇ ਇਸ ਨੂੰ ਜ਼ਿਲ੍ਹਾ ਹਸਪਤਾਲ ਦੇ ਬਲੱਡ ਬੈਂਕ ਵਿਖੇ ਸਥਾਪਿਤ ਕੀਤਾ ਗਿਆ ਹੈ।

PunjabKesari

ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਲਈ ਬਲੱਡ ਬੈਂਕ ਵਿਖੇ ਇਕ ਵੱਖਰਾ ਕਮਰਾ ਲੋੜੀਂਦਾ ਸੀ, ਜੋਕਿ ਬਣਨਾ ਸ਼ੁਰੂ ਹੋ ਗਿਆ ਹੈ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਅਫੇਰੇਸਿਸ ਮਸ਼ੀਨ ਖ਼ੂਨ ਦੀ ਸੰਘਣਤਾ, ਪਲੇਟਲੇਟ, ਪਲਾਜ਼ਮਾ ਜਾਂ ਹੋਰ ਖ਼ਾਸ ਤੱਤਾਂ ਨੂੰ ਵੱਖ ਕਰਨ ਲਈ ਵਰਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਫੇਰੇਸਿਸ ਮਸ਼ੀਨ ਨੂੰ ਖ਼ੂਨ ਦੇ ਰੋਗਾਂ, ਜਿਵੇਂ ਕਿ ਲੇਕੀਮੀਆ, ਐਨਮੀਆ ਅਤੇ ਡੇਂਗੂ ਰੋਗਾਂ ਦੇ ਇਲਾਜ ਵਿਚ ਵਰਤਿਆ ਜਾਂਦਾ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਹਸਪਤਾਲ ਵਿਚ ਇਹ ਮਸ਼ੀਨ ਸਥਾਪਤ ਹੋਣ ਉਪਰੰਤ ਕਈ ਤਰ੍ਹਾਂ ਦੇ ਰੋਗਾਂ ਦੇ ਮਰੀਜ਼ਾਂ ਦੇ ਇਲਾਜ ਵਿਚ ਮਦਦਗਾਰ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਮਸ਼ੀਨ ਦੇ ਲਾਇਸੈਂਸ, ਇੰਸਟਾਲੇਸ਼ਨ ਅਤੇ ਸਬੰਧਤ ਸਟਾਫ਼ ਦੀ ਟ੍ਰੇਨਿੰਗ ਸਬੰਧੀ ਕਾਰਵਾਈ ਆਰੰਭ ਦਿੱਤੀ ਗਈ ਹੈ ਅਤੇ ਜਲਦੀ ਹੀ ਇਸ ਮਸ਼ੀਨ ਨੂੰ ਲੋਕ ਹਿੱਤ ਵਿਚ ਵਰਤੋਂ ਲਈ ਸ਼ੁਰੂ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਵੱਡਾ ਖ਼ੁਲਾਸਾ: ਭਾਰਤੀ ਕਸ਼ਮੀਰ 'ਚ ਦਹਿਸ਼ਤ ਫ਼ੈਲਾਉਣਾ ਚਾਹੁੰਦਾ ਹੈ ਪਾਕਿਸਤਾਨ, ਖ਼ੁਦ ਕਰਵਾਈ ਰਾਵਲਕੋਟ ਜੇਲ੍ਹ ਬ੍ਰੇਕ

PunjabKesari

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਆਪਣੇ ਇਸ ਦੌਰੇ ਦੌਰਾਨ ਬਲੱਡ ਬੈਂਕ, ਐਮਰਜੈਂਸੀ ਵਿਭਾਗ, ਨਸ਼ਾ ਛੁਡਾਊ ਕੇਂਦਰ ਅਤੇ ਜੱਚਾ ਬੱਚਾ ਵਿਭਾਗ ਵਿਖੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਵੀ ਲਿਆ ਗਿਆ। ਉਨ੍ਹਾਂ ਵੱਲੋਂ ਵੱਖ-ਵੱਖ ਵਿਭਾਗਾਂ ਵਿਚ ਦਾਖ਼ਲ ਮਰੀਜ਼ਾਂ ਨਾਲ ਗੱਲਬਾਤ ਕਰਕੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ।

ਉਨ੍ਹਾਂ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕਰਦਿਆਂ ਪੀੜ੍ਹਤ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆਮ ਜ਼ਿੰਦਗੀ ਵਿਚ ਵਾਪਸ ਲਿਆਉਣ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਨਿਰੀਖਣ ਕੀਤਾ। ਉਨ੍ਹਾਂ ਪਿਛਲੇ ਦੌਰੇ ਦੌਰਾਨ ‘ਸੀ. ਐੱਮ. ਦੀ ਯੋਗਸ਼ਾਲਾ’ਤਹਿਤ ਮਰੀਜ਼ਾਂ ਨੂੰ ਯੋਗਾ ਦੀਆਂ ਕਲਾਸਾਂ ਲਗਾਉਣ ਦੀ ਦਿੱਤੀ ਗਈ ਹਦਾਇਤ ਦਾ ਵੀ ਨਿਰੀਖਣ ਕੀਤਾ। ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਆਪਣੇ ਇਸ ਰੂਪਨਗਰ ਦੌਰੇ ਦੌਰਾਨ ਉਨ੍ਹਾਂ ਕਟਲੀ ਰੋਡ ਰੂਪਨਗਰ 'ਤੇ ਸਥਿਤ ਨਸ਼ਾ ਛੁਡਾਊ ਕੇਂਦਰ ਦੀ ਇਮਾਰਤ ਦਾ ਦੌਰਾ ਕੀਤਾ ਅਤੇ ਜਲਦ ਇਸ ਦਾ ਕੋਈ ਢੁੱਕਵਾਂ ਹੱਲ ਕਰਨ ਲਈ ਭਰੋਸਾ ਵੀ ਦਿੱਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸੰਜੀਵ ਕੁਮਾਰ, ਐੱਸ. ਡੀ. ਐੱਮ. ਰੂਪਨਗਰ ਨਵਦੀਪ ਕੁਮਾਰ, ਸਿਵਲ ਸਰਜਨ ਡਾ. ਮਨੂੰ ਵਿੱਜ, ਐੱਸ. ਪੀ. ਰਾਜਪਾਲ ਸਿੰਘ ਹੁੰਦਲ, ਡਿਪਟੀ ਮੈਡੀਕਲ ਅਫ਼ਸਰ ਡਾ. ਬਲਦੇਵ ਸਿੰਘ, ਡੀ. ਐੱਸ. ਪੀ ਹਰਪਿੰਦਰ ਗਿੱਲ, ਤਹਿਸੀਲਦਾਰ ਕੁਲਦੀਪ ਸਿੰਘ ਜ਼ਿਲ੍ਹੇ ਦੇ ਹੋਰ ਉੱਚ ਅਧਿਕਾਰੀ ਅਤੇ ਸਮੂਹ ਸਟਾਫ਼ ਹਾਜ਼ਰ ਸੀ।

ਇਹ ਵੀ ਪੜ੍ਹੋ- 7 ਮਹੀਨੇ ਪਹਿਲਾਂ ਧੀ ਦੇ ਵਿਆਹ 'ਚ ਮਾਪਿਆਂ ਨੇ ਖ਼ਰਚੇ 22 ਲੱਖ ਰੁਪਏ, ਫਿਰ ਵੀ ਨਾ ਰੱਜੇ ਲਾਲਚੀ ਸਹੁਰੇ, ਹੋਇਆ ਖ਼ੌਫ਼ਨਾਕ ਅੰਜਾਮ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News