ਫਲਾਇੰਗ ਟੀਮ ਵੱਲੋਂ 3 ਵਾਹਨਾਂ ''ਚੋਂ 5.75 ਕੁਇੰਟਲ ਪਨੀਰ ਅਤੇ 70 ਕਿਲੋ ਕਰੀਮ ਬਰਾਮਦ
Wednesday, Mar 27, 2019 - 03:29 PM (IST)

ਮੁਕੇਰੀਆਂ (ਨਾਗਲਾ)-ਮੁਕੇਰੀਆਂ, ਹਾਜੀਪੁਰ ਤੇ ਤਲਵਾੜਾ ਦੇ ਨਾਲ-ਨਾਲ ਨਜ਼ਦੀਕ ਪੈਂਦੇ ਪਿੰਡਾਂ 'ਚ ਪਿਛਲੇ ਕਈ ਵਰ੍ਹਿਆਂ ਤੋਂ ਸਿਹਤ ਵਿਭਾਗ ਅਤੇ ਪੁਲਸ ਵਿਭਾਗ ਦੀ ਮਦਦ ਨਾਲ ਧੜੱਲੇ ਨਾਲ ਵਿਕ ਰਹੇ ਬਨਾਉਟੀ ਪਨੀਰ ਅਤੇ ਕਰੀਮ ਨੂੰ ਨੱਥ ਪਾਉਣ ਲਈ ਐੱਸ. ਡੀ. ਐੱਮ. ਅਦਿੱਤਿਆ ਉੱਪਲ ਆਈ. ਏ. ਐੱਸ. ਵੱਲੋਂ ਗਠਿਤ ਕੀਤੀ ਗਈ ਫਲਾਇੰਗ ਟੀਮ ਨੰਬਰ 3 ਨੇ ਤਿੰਨ ਵਾਹਨਾਂ 'ਚੋਂ 5.75 ਕੁਇੰਟਲ ਪਨੀਰ ਅਤੇ 70 ਕਿਲੋ ਕਰੀਮ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਡੀ. ਐੱਮ. ਅਦਿੱਤਿਆ ਉੱਪਲ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧ 'ਚ ਗੁਪਤ ਸੂਚਨਾ ਮਿਲਣ 'ਤੇ 3 ਦਿਨ ਪਹਿਲਾਂ ਹੀ ਯੋਜਨਾ ਬਣਾ ਲਈ ਸੀ ਪਰ ਫੂਡ ਸੇਫਟੀ ਅਫਸਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਫ਼ਤਰੀ ਕੰਮ 'ਚ ਰੁੱਝੇ ਹੋਏ ਸੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਸਵੇਰੇ 5.30 ਵਜੇ ਫਲਾਇੰਗ ਟੀਮ ਨੰਬਰ 3 ਦੇ ਇੰਚਾਰਜ ਕਮਲਜੀਤ ਸਿੰਘ ਦੀ ਅਗਵਾਈ ਵਿਚ ਨੌਸ਼ਹਿਰਾ ਪੱਤਣ ਵਿਖੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਮੌਕੇ 'ਤੇ ਮੌਜੂਦ ਏ. ਐੱਸ. ਆਈ. ਦਿਲਦਾਰ ਸਿੰਘ, ਹੌਲਦਾਰ ਅਸ਼ੋਕ ਕੁਮਾਰ ਅਤੇ ਭੂਸ਼ਨ ਨੇ ਇਕ ਤੋਂ ਬਾਅਦ ਇਕ ਪਿੱਛੇ-ਪਿੱਛੇ ਆਉਂਦਿਆਂ ਤਿੰਨ ਬੋਲੈਰੋ ਗੱਡੀਆਂ ਨੂੰ ਕਾਬੂ ਕਰ ਲਿਆ। ਫਲਾਇੰਗ ਟੀਮ ਵੱਲੋਂ ਇਸ ਸਬੰਧੀ ਸੂਚਿਤ ਕੀਤੇ ਜਾਣ ਉਪਰੰਤ ਉਨ੍ਹਾਂ ਫੂਡ ਸੇਫਟੀ ਟੀਮ ਨੂੰ ਮੌਕੇ 'ਤੇ ਭੇਜਿਆ, ਜਿਨ੍ਹਾਂ ਵੱਖ-ਵੱਖ ਗੱਡੀਆਂ 'ਚੋਂ 5 ਕੁਇੰਟਲ 75 ਕਿਲੋ ਪਨੀਰ ਅਤੇ 70 ਕਿਲੋ ਕਰੀਮ ਬਰਾਮਦ ਕੀਤੀ।
ਮੌਕੇ 'ਤੇ ਮੌਜੂਦ ਫਲਾਇੰਗ ਟੀਮ ਦੇ ਇੰਚਾਰਜ ਕਮਲਜੀਤ ਨੇ ਦੱਸਿਆ ਕਿ ਬੋਲੈਰੋ ਗੱਡੀ ਨੰਬਰ ਪੀ. ਬੀ 06 ਵੀ-8582, ਜਿਸ ਨੂੰ ਬਲਜਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪੁਰਾਣਾ ਸ਼ਾਲਾ ਗੁਰਦਾਸਪੁਰ ਚਲਾ ਰਿਹਾ ਸੀ, 'ਚੋਂ 2 ਕੁਇੰਟਲ ਪਨੀਰ ਅਤੇ 70 ਕਿਲੋ ਕਰੀਮ ਬਰਾਮਦ ਕੀਤੀ ਗਈ। ਗੱਡੀ ਨੰਬਰ ਪੀ ਬੀ 02 ਟੀ-1212, ਜਿਸ ਨੂੰ ਸਤਿੰਦਰ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਓੜਦੀਪੁਰ ਦੀਨਾਨਗਰ (ਗੁਰਦਾਸਪੁਰ) ਚਲਾ ਰਿਹਾ ਸੀ, 'ਚੋਂ 3 ਕੁਇੰਟਲ ਪਨੀਰ ਬਰਾਮਦ ਕੀਤਾ। ਇਸੇ ਤਰ੍ਹਾਂ ਗੱਡੀ ਨੰ. ਪੀ ਬੀ 07 ਟੀ-1824 ਜਿਸ ਉੱਪਰ ਕੋਈ ਨੰਬਰ ਪਲੇਟ ਨਹੀਂ ਸੀ, ਨੂੰ ਨਰਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਕਿਸ਼ਨਪੁਰ (ਗੁਰਦਾਸਪੁਰ) ਚਲਾ ਰਿਹਾ ਸੀ, 'ਚੋਂ 75 ਕਿਲੋ ਪਨੀਰ ਬਰਾਮਦ ਕੀਤਾ ਗਿਆ।
ਸਿਹਤ ਵਿਭਾਗ ਵੱਲੋਂ ਮੌਕੇ 'ਤੇ ਪਹੁੰਚੇ ਫੂਡ ਸੇਫਟੀ ਅਫਸਰ ਵਿਰਦੀ ਨੇ ਦੱਸਿਆ ਕਿ ਇਨ੍ਹਾਂ ਦੇ ਸੈਂਪਲ ਭਰ ਕੇ ਜਾਂਚ ਲਈ ਲੈਬਾਰਟਰੀ ਭੇਜੇ ਜਾਣਗੇ। ਉਨ੍ਹਾਂ ਇਸ ਮੌਕੇ ਚਿਤਾਵਨੀ ਦਿੰਦਿਆਂ ਕਿਹਾ ਕਿ ਮਨੁੱਖੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਥੇ ਵਰਣਨਯੋਗ ਹੈ ਕਿ ਸਬੰਧਤ ਵਿਭਾਗ ਦੀ ਉੱਚ ਪੱਧਰੀ ਮਿਲੀਭੁਗਤ ਹੋਣ ਕਾਰਨ ਮੁਕੇਰੀਆਂ ਅਤੇ ਆਸ-ਪਾਸ ਦੇ ਇਲਾਕਿਆਂ 'ਚ ਬਨਾਉਟੀ ਪਨੀਰ ਦਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ। ਸ਼ਹਿਰ ਦੀਆਂ ਨਾਮੀ ਦੁਕਾਨਾਂ 'ਤੇ ਰੰਗ-ਬਿਰੰਗੀ ਮਠਿਆਈ ਅਤੇ ਬਨਾਉਟੀ ਪਨੀਰ ਧੜੱਲੇ ਨਾਲ ਵਿਕਦੇ ਆਮ ਦੇਖੇ ਜਾ ਸਕਦੇ ਹਨ।