ਬਰਗਾਡ਼ੀ ਕਾਂਡ ਦੇ ਦੋਸ਼ੀਆਂ ਨੂੰ ਦਿਵਾਈਆਂ ਜਾਣਗੀਆਂ ਸਖਤ ਸਜ਼ਾਵਾਂ : ਰੰਧਾਵਾ

01/05/2019 2:23:47 AM

ਹੁਸ਼ਿਆਰਪੁਰ,(ਘੁੰਮਣ)- ਸਹਿਕਾਰਤਾ ਤੇ ਜੇਲ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬਰਗਾਡ਼ੀ ਕਾਂਡ ਦੇ ਦੋਸ਼ੀ ਕਿਸੇ ਵੀ ਕੀਮਤ ’ਤੇ ਬਖਸ਼ੇ ਨਹੀਂ ਜਾਣਗੇ, ਉਨ੍ਹਾਂ ਨੂੰ  ਸਖਤ  ਸਜ਼ਾਵਾਂ ਦਿਵਾਈਆਂ  ਜਾਣਗੀਆਂ। ਉਹ  ਗੁਰਦੁਆਰਾ ਰਾਮਪੁਰ ਖੇਡ਼ਾ ਸਾਹਿਬ ਗਡ਼੍ਹਦੀਵਾਲਾ ਵਿਖੇ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਬਰਸੀ ਸਮਾਗਮ ਵਿਚ ਸ਼ਾਮਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਟਾਂਡਾ ਸੰਗਤ ਸਿੰਘ ਗਿਲਜੀਆਂ ਵੀ ਸਨ।  
ਸ. ਰੰਧਾਵਾ ਨੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਬਰਗਾਡ਼ੀ ਕਾਂਡ ਸਬੰਧੀ ਐੱਸ. ਆਈ. ਟੀ. ਗਠਿਤ ਕੀਤੀ ਹੋਈ ਹੈ ਅਤੇ ਜਿਹਡ਼ੇ ਵੀ ਦੋਸ਼ੀ ਪਾਏ ਗਏ, ਉਨ੍ਹਾਂ ਨੂੰ ਸਖਤ ਸਜ਼ਾਵਾਂ ਦਿਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਨਸ਼ਾ-ਮੁਕਤ ਕਰਨ ਲਈ ਦ੍ਰਿੜ੍ਹ ਸੰਕਲਪ ਹੈ ਅਤੇ ਐੱਸ. ਟੀ. ਐੱਫ. ਵੱਲੋਂ ਨਸ਼ਾ ਸਮੱਗਲਰਾਂ ਨੂੰ ਨੱਥ ਪਾਈ ਗਈ ਹੈ।   
ਕੈਬਨਿਟ ਮੰਤਰੀ ਨੇ ਕਿਹਾ ਕਿ ਦੇਸ਼-ਵਿਦੇਸ਼ ਵਿਚ ਵਸਦੀਆਂ ਸ੍ਰੀ ਗੁਰੂ ਨਾਨਕ ਨਾਮਲੇਵਾ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਲਾਂਘਾ ਖੁਲ੍ਹਵਾਉਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਯਤਨ ਸ਼ਲਾਘਾਯੋਗ ਹਨ। ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਅਤੇ ਇਸ ਦੇ ਆਲੇ-ਦੁਆਲੇ ਦੇ ਵਿਕਾਸ ਅਤੇ ਸੁੰਦਰੀਕਰਨ ਲਈ ‘ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ’ ਸਥਾਪਤ ਕਰ ਦਿੱਤੀ ਗਈ ਹੈ, ਜਿਸ ਨਾਲ ਇਲਾਕੇ ਦਾ ਸਰਬਪੱਖੀ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਵਿਕਾਸ ਪੱਖੋਂ ਡੇਰਾ ਬਾਬਾ ਨਾਨਕ ਦੀ ਨੁਹਾਰ ਬਦਲ ਦਿੱਤੀ ਜਾਵੇਗੀ ਅਤੇ ਪੰਜਾਬ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਸਬੰਧੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦਾ ਉਹ ਖੁਦ ਲਗਾਤਾਰ ਜਾਇਜ਼ਾ ਲੈ ਰਹੇ ਹਨ। 
ਇਸ ਤੋਂ ਪਹਿਲਾਂ ਬਰਸੀ ਸਮਾਗਮ ਵਿਚ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਨੁੱਖਤਾ ਦੀ ਸੇਵਾ ਲਈ ਬਹੁਤ ਕੁਝ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਸਮਾਜਕ ਬੁਰਾਈਆਂ ਖਿਲਾਫ਼ ਇਕਜੁੱਟਤਾ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਸਮੁੱਚੀ ਮਨੁੱਖਤਾ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਲੋਡ਼ ਹੈ। ਗੁਰਦੁਆਰਾ ਰਾਮਪੁਰ ਖੇਡ਼ਾ ਵਿਖੇ ਮੁੱਖ ਸੇਵਾਦਾਰ ਸੰਤ ਸੇਵਾ ਸਿੰਘ ਦੀ ਸੁਚੱਜੀ ਅਗਵਾਈ ਵਿਚ ਸੰਤ ਬਾਬਾ ਹਰਨਾਮ ਸਿੰਘ ਦੀ 36ਵੀਂ ਬਰਸੀ ਸਬੰਧੀ ਚਾਰ ਰੋਜ਼ਾ ਧਾਰਮਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਖੁੱਲ੍ਹੇ ਪੰਡਾਲ ਵਿਚ ਸਜਾਏ ਗਏ ਦੀਵਾਨ ਵਿਚ ਭਾਈ ਹਰਜੋਤ ਸਿੰਘ ਜ਼ਖਮੀ ਅਤੇ ਭਾਈ ਧਨਵੰਤ ਸਿੰਘ ਆਦਿ ਨੇ ਸੰਗਤਾਂ ਨੂੰ ਗੁਰਬਾਣੀ ਦਾ ਰਸਭਿੰਨਾ ਕੀਰਤਨ ਸਰਵਣ ਕਰਵਾਇਆ।
ਇਸ ਮੌਕੇ ਸੰਤ ਬਾਬਾ ਸਰਬਜੋਤ ਸਿੰਘ ਬੇਦੀ ਸੰਤ ਸਮਾਜ, ਮੁੱਖ ਸੇਵਾਦਾਰ ਗੁਰਦੁਆਰਾ ਰਾਮਪੁਰ ਖੇਡ਼ਾ ਸਾਹਿਬ ਸੰਤ ਬਾਬਾ ਸੇਵਾ ਸਿੰਘ, ਪੁਲਸ ਕਮਿਸ਼ਨਰ ਜਲੰਧਰ  ਗੁਰਪ੍ਰੀਤ ਸਿੰਘ ਭੁੱਲਰ, ਐੱਸ.ਐੱਸ.ਪੀ.  ਜੇ. ਏਲੀਚੇਲੀਅਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ)  ਹਰਬੀਰ ਸਿੰਘ, ਐੱਸ. ਡੀ.ਐੱਮ. ਮੁਕੇਰੀਆਂ ਸ਼੍ਰੀ ਅਦਿੱਤਿਆ ਉੱਪਲ, ਸੰਤ ਬਾਬਾ ਹਰੀ ਸਿੰਘ, ਸੰਤ ਬਾਬਾ ਗੁਰਚਰਨ ਸਿੰਘ, ਸੰਤ ਬਾਬਾ ਗੁਰਦੇਵ ਸਿੰਘ, ਸੰਤ ਬਾਬਾ ਦੀਦਾਰ ਸਿੰਘ, ਸੰਤ ਬਾਬਾ ਧਿਆਨ ਸਿੰਘ, ਸੰਤ ਬਾਬਾ ਬਲਵੰਤ ਸਿੰਘ, ਸੰਤ ਬਾਬਾ ਮਹਿੰਦਰ ਸਿੰਘ, ਸੰਤ ਬਾਬਾ ਗੁਰਦਿਆਲ ਸਿੰਘ ਤੋਂ ਇਲਾਵਾ ਵੱਖ-ਵੱਖ ਧਾਰਮਕ, ਸਮਾਜਕ ਅਤੇ ਰਾਜਨੀਤਿਕ ਸ਼ਖਸੀਅਤਾਂ ਹਾਜ਼ਰ ਸਨ।


Related News