ਉਲਝਣਾਂ ’ਚ ਉਲਝੇ ਜਿਮਖਾਨਾ ਦੇ ਇਲੈਕਸ਼ਨ, ਤਾਸ਼ ਦੇ ਪੱਤਿਆਂ ਵਾਂਗ ਖਿਲਰ ਗਿਆ ਜਿਮਖਾਨਾ ’ਤੇ ਕਾਬਜ਼ ਗਰੁੱਪ

Thursday, Dec 02, 2021 - 02:42 PM (IST)

ਜਲੰਧਰ (ਖੁਰਾਣਾ)– ਜਿਮਖਾਨਾ ਕਲੱਬ ਦੀਆਂ ਚੋਣਾਂ ਸਿਰ ’ਤੇ ਆ ਗਈਆਂ ਹਨ ਅਤੇ ਨਾਮਜ਼ਦਗੀ ਪੱਤਰ ਭਰਨ ਵਿਚ ਵੀ 3 ਦਿਨ ਦਾ ਸਮਾਂ ਬਾਕੀ ਰਹਿ ਗਿਆ ਹੈ। ਅਜਿਹੇ ਵਿਚ ਜਿਮਖਾਨਾ ਕਲੱਬ ਦੀਆਂ ਚੋਣਾਂ ਉਲਝਣਾਂ ਵਿਚ ਉਲਝੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਕਿਉਂਕਿ ਦੋਵਾਂ ਹੀ ਗਰੁੱਪਾਂ ਵਿਚ ਸਥਿਤੀ ਸਾਫ ਨਹੀਂ ਹੋ ਸਕੀ ਹੈ। ਇਸ ਸਮੇਂ ਜਿਮਖਾਨਾ ਕਲੱਬ ਦੀ ਸੱਤਾ ’ਤੇ ਕਾਬਜ਼ ਗਰੁੱਪ ਤਾਸ਼ ਦੇ ਪੱਤਿਆਂ ਵਾਂਗ ਖਿਲਰ ਰਿਹਾ ਜਾਪ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਗਰੁੱਪ ਦਾ ਮੁੱਖ ਹਿੱਸਾ ਰਹੇ ਜੂਨੀਅਰ ਵਾਈਸ ਪ੍ਰੈਜ਼ੀਡੈਂਟ ਰਾਜੂ ਵਿਰਕ ਨੇ ਆਪਣੇ ਤਿੱਖੇ ਤੇਵਰ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਨੇ ਪਿਛਲੀ ਰਾਤ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਕੀਤੀ ਹੈ, ਜਿਸ ਵਿਚ ਰਾਜੂ ਵਿਰਕ ਸਾਫ਼ ਕਹਿ ਰਹੇ ਹਨ ਕਿ ਪਿਛਲੀ ਟੀਮ ਨੂੰ ਕੋਰੋਨਾ ਕਾਲ ਦੌਰਾਨ ਕਲੱਬ ਮੈਂਬਰਾਂ ਤੋਂ ਮੈਂਬਰਸ਼ਿਪ ਫ਼ੀਸ ਨਹੀਂ ਵਸੂਲਣੀ ਚਾਹੀਦੀ ਸੀ ਅਤੇ ਕਲੱਬ ਮੈਂਬਰਾਂ ਤੱਕ ਇਹ ਰਾਹਤ ਜ਼ਰੂਰ ਪਹੁੰਚਾਉਣੀ ਚਾਹੀਦੀ ਸੀ।

ਰਾਜੂ ਵਿਰਕ ਤਾਂ ਇਥੋਂ ਤੱਕ ਕਹਿ ਗਏ ਕਿ ਉਨ੍ਹਾਂ ਨੇ ਇਹ ਮੁੱਦਾ ਐਗਜ਼ੀਕਿਊਟਿਵ ਬੈਠਕ ਵਿਚ ਵੀ ਉਠਾਇਆ ਸੀ ਪਰ ਕਿਉਂਕਿ ਕਲੱਬ ਵਿਚ ਸੈਕਰੇਟਰੀ ਤੋਂ ਇਲਾਵਾ ਬਾਕੀ ਸਾਰੇ ਅਹੁਦੇ ਸਿਰਫ ਡੈਕੋਰੇਟਿਵ ਹੀ ਹੁੰਦੇ ਹਨ, ਇਸ ਲਈ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ ਅਤੇ ਪੂਰੀ ਮੈਂਬਰਸ਼ਿਪ ਫ਼ੀਸ ਮੈਂਬਰਾਂ ਤੋਂ ਵਸੂਲੀ ਗਈ, ਹਾਲਾਂਕਿ ਕੋਰੋਨਾ ਮਹਾਮਾਰੀ ਦੌਰਾਨ ਕਲੱਬ ਕਈ ਮਹੀਨੇ ਬਿਲਕੁਲ ਬੰਦ ਰਿਹਾ। ਮੰਨਿਆ ਜਾ ਰਿਹਾ ਹੈ ਕਿ ਰਾਜੂ ਵਿਰਕ ਦੀ ਇਸ ਵੀਡੀਓ ਨਾਲ ਸੱਤਾਧਾਰੀ ਭਾਵ ਅਚੀਵਰਸ ਗਰੁੱਪ ਨੂੰ ਡੂੰਘੀ ਸੱਟ ਲੱਗੀ ਹੈ ਕਿਉਂਕਿ ਏ. ਜੀ. ਐੱਮ. ਵਿਚ ਮੌਜੂਦਾ ਸਮੇਂ ਟੀਮ ਨੂੰ ਕਈ ਮਾਮਲਿਆਂ ’ਚ ਪ੍ਰਸ਼ੰਸਾ ਮਿਲੀ ਸੀ।
ਦੂਜੇ ਪਾਸੇ ਅਚੀਵਰਸ ਗਰੁੱਪ ਦੇ ਮੁੱਖ ਮੈਂਬਰ ਰਹੇ ਸਤੀਸ਼ ਕੁਮਾਰ ਗੋਰਾ ਅਤੇ ਕੁੱਕੀ ਬਹਿਲ ਪਹਿਲਾਂ ਹੀ ਬਾਗੀ ਤੇਵਰ ਦਿਖਾ ਚੁੱਕੇ ਹਨ ਅਤੇ ਹੁਣ ਧੀਰਜ ਸੇਠ ਨੇ ਵੀ ਅਚੀਵਰਸ ਗਰੁੱਪ ਤੋਂ ਕਿਨਾਰਾ ਕਰਨ ਦਾ ਮਨ ਬਣਾ ਲਿਆ ਲੱਗਦਾ ਹੈ। ਗਰੁੱਪ ਵਿਚ ਵਖਰੇਵਾਂ ਹੁੰਦਾ ਦੇਖ ਅਚੀਵਰਸ ਗਰੁੱਪ ਦੇ ਸੰਸਥਾਪਕ ਅਤੇ ਸੈਕਟਰੀ ਰਹੇ ਤਰੁਣ ਸਿੱਕਾ ਨੇ ਆਪਣੇ ਸਮਰਥਕਾਂ ਦੀ ਇਕ ਬੈਠਕ ਬੁੱਧਵਾਰ ਸ਼ਾਮ ਬੁਲਾਈ, ਜਿਸ ਦੌਰਾਨ ਚੋਣਾਂ ’ਤੇ ਡੂੰਘਾ ਮੰਥਨ ਕੀਤਾ ਗਿਆ।

ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਸੁਖਬੀਰ ਸਿੰਘ ਬਾਦਲ ਡੇਰਾ ਸੱਚਖੰਡ ਬੱਲਾਂ ਵਿਖੇ ਹੋਏ ਨਤਮਸਤਕ

ਵਾਅਦਾਖਿਲਾਫ਼ੀ ਤੋਂ ਨਿਰਾਸ਼ ਧੀਰਜ ਸੇਠ ਨੇ ਦਾਅਵੇਦਾਰੀ ਠੁਕਰਾਈ
ਅਚੀਵਰਸ ਗਰੁੱਪ ਨੇ ਪਿਛਲੀ ਵਾਰ ਕਲੱਬ ਦੀ ਸੱਤਾ ’ਤੇ ਕਾਬਜ਼ ਹੋਣ ਲਈ ਜਿੱਥੇ ਕਈ ਹੱਥਕੰਡੇ ਅਪਣਾਏ ਸਨ, ਉਥੇ ਹੀ ਗੋਰਾ ਠਾਕੁਰ, ਕੁੱਕੀ ਬਹਿਲ ਅਤੇ ਹੋਰਾਂ ਦਾ ਸਮਰਥਨ ਲੈਣ ਲਈ ਧੀਰਜ ਸੇਠ ਨਾਲ ਵਾਅਦਾ ਕੀਤਾ ਗਿਆ ਸੀ ਕਿ ਅਗਲੀਆਂ ਚੋਣਾਂ ਵਿਚ ਉਨ੍ਹਾਂ ਨੂੰ ਬਤੌਰ ਸੈਕਰੇਟਰੀ ਉਤਾਰਿਆ ਜਾਵੇਗਾ। ਇਸੇ ਵਾਅਦੇ ਕਾਰਨ ਧੀਰਜ ਸੇਠ ਨੇ ਸੈਕਰੇਟਰੀ ਪੋਸਟ ’ਤੇ ਲੜਨ ਦੀ ਪੂਰੀ ਤਿਆਰੀ ਕਰ ਰੱਖੀ ਸੀ ਪਰ ਉਨ੍ਹਾਂ ਦੀ ਦਾਅਵੇਦਾਰੀ ਦੀ ਲਗਾਤਾਰ ਅਣਦੇਖੀ ਕੀਤੀ ਗਈ ਅਤੇ ਦਰਜਨਾਂ ਬੈਠਕਾਂ ਦੌਰਾਨ ਵੀ ਕੋਈ ਫ਼ੈਸਲਾ ਨਹੀਂ ਹੋ ਸਕਿਆ ਕਿ ਸੈਕਰੇਟਰੀ ਦੀ ਪੋਸਟ ’ਤੇ ਦੁਬਾਰਾ ਤਰੁਣ ਸਿੱਕਾ ਖੜ੍ਹੇ ਹੋਣਗੇ ਜਾਂ ਧੀਰਜ ਸੇਠ। ਹੁਣ ਕਿਉਂਕਿ ਧੀਰਜ ਸੇਠ ਦੇ ਸਮਰਥਕ ਵੀ ਰੋਜ਼-ਰੋਜ਼ ਬੈਠਕਾਂ ਅਤੇ ਵਾਰ-ਵਾਰ ਦਿੱਤੀ ਜਾ ਰਹੀ ਡੈੱਡਲਾਈਨ ਤੋਂ ਤੰਗ ਆ ਗਏ ਸਨ, ਇਸ ਲਈ ਉਨ੍ਹਾਂ ਨੇ ਨਵੀਂ ਰਣਨੀਤੀ ਤਹਿਤ ਕੁੱਕੀ ਬਹਿਲ ਨੂੰ ਗਰੁੱਪ ਦੀ ਅਗਵਾਈ ਕਰਨ ਲਈ ਮਨਾ ਲਿਆ। ਹੁਣ ਪਤਾ ਲੱਗਾ ਹੈ ਕਿ ਧੀਰਜ ਸੇਠ ਨੇ ਕੁੱਕੀ ਬਹਿਲ ਦੇ ਸਮਰਥਨ ਵਿਚ ਖੁੱਲ੍ਹ ਕੇ ਆਉਂਦਿਆਂ ਅਚੀਵਰਸ ਗਰੁੱਪ ਵੱਲੋਂ ਸੈਕਰੇਟਰੀ ਪੋਸਟ ਦੀ ਦਾਅਵੇਦਾਰੀ ਨੂੰ ਠੁਕਰਾ ਦਿੱਤਾ ਹੈ। ਧੀਰਜ ਸੇਠ ਦੇ ਸਮਰਥਕਾਂ ਦਾ ਤਾਂ ਇਥੋਂ ਤੱਕ ਕਹਿਣਾ ਹੈ ਕਿ ਸਮਰਥਨ ਲੈਣ ਤੋਂ ਬਾਅਦ ਉਨ੍ਹਾਂ ਨੂੰ ਦੁੱਧ ਵਿਚੋਂ ਮੱਖੀ ਵਾਂਗ ਕੱਢ ਕੇ ਸੁੱਟ ਦਿੱਤਾ ਗਿਆ ਅਤੇ ਉਸ ਦੇ ਬਾਅਦ ਸੈਕਰੇਟਰੀ ਦੀ ਪੋਸਟ ਲਈ ਉਨ੍ਹਾਂ ਦੀ ਦੌੜ ਲਗਵਾਈ ਗਈ। ਇਸ ਸਥਿਤੀ ਦੇ ਬਾਅਦ ਧੀਰਜ ਸੇਠ ਨੇ ਵੀ ਹੁਣ ਰਾਜੂ ਵਿਰਕ ਦੀ ਤਰਜ਼ ’ਤੇ ਹੀ ਤਰੁਣ ਸਿੱਕਾ ਦੇ ਖ਼ਿਲਾਫ਼ ਬਗਾਵਤੀ ਤੇਵਰ ਬਣਾ ਲਏ ਹਨ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਜਲੰਧਰ ਵਿਖੇ ਕਾਂਸਟੇਬਲ ਦੀ ਭਰਤੀ ਲਈ ਆਏ ਮੁੰਡੇ-ਕੁੜੀਆਂ ਨੇ ਜਾਮ ਕੀਤਾ BSF ਚੌਂਕ

ਅੱਜ ਧਮਾਕਾ ਕਰੇਗਾ ਮਹਾ-ਗਠਜੋੜ
ਅਚੀਵਰਸ ਗਰੁੱਪ ਵਿਚ ਸੈਕਰੇਟਰੀ ਪੋਸਟ ਨੂੰ ਲੈ ਕੇ ਪਿਛਲੇ ਦਿਨੀਂ ਚੱਲੀ ਖਿੱਚੋਤਾਣ ਤੋਂ ਬਾਅਦ ਕਲੱਬ ਵਿਚ ਹੁਣ ਇਕ ਮਹਾ-ਗੱਠਜੋੜ ਦਾ ਉਦੇ ਹੋਇਆ ਹੈ, ਜਿਸ ਵਿਚ ਸਤੀਸ਼ ਠਾਕੁਰ ਗੋਰਾ, ਕੁੱਕੀ ਬਹਿਲ, ਦਲਜੀਤ ਛਾਬੜਾ, ਗੁਲਸ਼ਨ ਛਾਬੜਾ, ਅਨੂ ਮਾਟਾ, ਕੋਕੀ ਸ਼ਰਮਾ, ਰਾਜੂ ਸਿੱਧੂ, ਜਗਜੀਤ ਕੰਬੋਜ ਵਰਗੇ ਵੱਡੇ-ਵੱਡੇ ਨਾਂ ਗਿਣਾਏ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਮਹਾ-ਗੱਠਜੋੜ ਵੀਰਵਾਰ ਨੂੰ ਕਲੱਬ ਚੋਣਾਂ ਦੇ ਮੱਦੇਨਜ਼ਰ ਵੱਡਾ ਧਮਾਕਾ ਕਰ ਸਕਦਾ ਹੈ ਅਤੇ ਸੈਕਰੇਟਰੀ ਪੋਸਟ ’ਤੇ ਕੁੱਕੀ ਬਹਿਲ ਤੋਂ ਇਲਾਵਾ ਬਾਕੀ ਅਹੁਦਿਆਂ ਦੇ ਉਮੀਦਵਾਰਾਂ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਗਰੁੱਪ ਇਕ-ਦੂਜੇ ਵੱਲ ਦੇਖ ਰਹੇ ਹਨ ਤਾਂ ਜੋ ਉਸੇ ਹਿਸਾਬ ਨਾਲ ਆਪਣੀ ਰਣਨੀਤੀ ਬਣਾ ਸਕਣ। ਫਿਲਹਾਲ ਆਉਣ ਵਾਲੇ ਦਿਨਾਂ ਵਿਚ ਜਿਮਖਾਨਾ ਕਲੱਬ ਦੀਆਂ ਚੋਣਾਂ ਦੀ ਉਲਝਣ ਹੋਰ ਉਲਝ ਸਕਦੀ ਹੈ।

ਇਹ ਵੀ ਪੜ੍ਹੋ: ਕੀ ਮਨਜਿੰਦਰ ਸਿਰਸਾ ਬਣੇਗਾ ਅਕਾਲੀ-ਭਾਜਪਾ ਗਠਜੋੜ ਦੀ ਕੜੀ?

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News