ਗੁ. ਪ੍ਰੀਤ ਨਗਰ ਸੋਢਲ ਰੋਡ ਵਿਖੇ ਹੋਈਆਂ ਘਪਲੇਬਾਜ਼ੀਆਂ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਪੁੱਜਾ

Tuesday, Jun 26, 2018 - 02:01 PM (IST)

ਗੁ. ਪ੍ਰੀਤ ਨਗਰ ਸੋਢਲ ਰੋਡ ਵਿਖੇ ਹੋਈਆਂ ਘਪਲੇਬਾਜ਼ੀਆਂ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਪੁੱਜਾ

ਜਲੰਧਰ (ਚਾਵਲਾ)— ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੀਤ ਨਗਰ ਸੋਢਲ ਰੋਡ ਪ੍ਰਬੰਧਕ ਕਮੇਟੀ ਅਤੇ ਸਾਬਕਾ ਅਹੁਦੇਦਾਰਾਂ ਵਿਚਾਲੇ ਚੱਲ ਰਹੀ ਖਿੱਚੋਤਾਣ ਕਾਰਨ ਇਲਾਕੇ ਦੀਆਂ ਸੰਗਤਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੋਵਾਂ ਧਿਰਾਂ ਵੱਲੋਂ ਇਕ-ਦੂਜੇ ਉਪਰ ਦੁਸ਼ਣਬਾਜ਼ੀ ਦਾ ਦੌਰ ਲਗਾਤਾਰ ਜਾਰੀ ਹੈ। ਸੋਮਵਾਰ ਸਾਬਕਾ ਅਹੁਦੇਦਾਰ ਦਿਲਬਾਗ ਸਿੰਘ ਅਤੇ ਇਕਬਾਲ ਸਿੰਘ ਧੜੇ ਵੱਲੋਂ ਗੁਰੂਘਰ 'ਚ ਹੋਈ ਘਪਲੇਬਾਜ਼ੀ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਨੋਟਿਸ 'ਚ ਲਿਆਂਦਾ ਗਿਆ ਹੈ। 
ਦਿਲਬਾਗ ਸਿੰਘ, ਜੋਗਿੰਦਰ ਸਿੰਘ ਜੋਗੀ, ਗੁਰਮੀਤ ਸਿੰਘ, ਤਰਲੋਚਨ ਸਿੰਘ, ਮਨਦੀਪ ਸਿੰਘ ਬੱਲੂ, ਜਸਪਾਲ ਸਿੰਘ, ਜਗਤਾਰ ਸਿੰਘ ਆਦਿ ਨੇ ਸੋਮਵਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸੈਕਟਰੀ ਗੁਰਬਚਨ ਸਿੰਘ ਨੂੰ ਇਕ ਸ਼ਿਕਾਇਤ ਪੱਤਰ ਸੌਂਪਿਆ, ਜਿਸ 'ਚ ਉਨ੍ਹਾਂ ਨੇ ਪ੍ਰਬੰਧਕ ਕਮੇਟੀ ਉੱਪਰ ਘਪਲੇਬਾਜ਼ੀ ਅਤੇ ਬੇਨਿਯਮੀਆਂ ਦੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਸੈਕਟਰੀ ਗੁਰਬਚਨ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਇਹ ਸੰਗਤਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਮਾਮਲਾ ਹੈ, ਇਸ ਦੀ ਛੇਤੀ ਜਾਂਚ ਕਮੇਟੀ ਬਣਾ ਕੇ ਸਾਰੇ ਮਾਮਲੇ ਦੀ ਪੂਰੀ ਤਰ੍ਹਾਂ ਪੜਤਾਲ ਕੀਤੀ ਜਾਵੇਗੀ।
ਗੁਰੂਘਰ ਦੀ ਬੇਅਦਬੀ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ : ਛਨਬੀਰ ਸਿੰਘ
ਦੂਜੇ ਪਾਸੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੀਤ ਨਗਰ ਸੋਢਲ ਰੋਡ ਦੇ ਪ੍ਰਧਾਨ ਛਨਬੀਰ ਸਿੰਘ ਖਾਲਸਾ ਨੇ ਕਿਹਾ ਕਿ ਗੁਰੂਘਰ ਦੀ ਬੇਅਦਬੀ ਕਰਨ ਵਾਲਿਆਂ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਉੱਪਰ ਘਪਲੇਬਾਜ਼ੀ ਦਾ ਦੋਸ਼ ਲਗਾਉਣ ਵਾਲਿਆਂ ਨੂੰ ਗੁਰੂ ਘਰ ਦੀ ਹੋਈ ਬੇਅਦਬੀ ਦੇ ਦੋਸ਼ 'ਚ ਸਰਬਸੰਮਤੀ ਨਾਲ ਕਮੇਟੀ 'ਚੋਂ ਕੱਢਿਆ ਗਿਆ ਸੀ, ਉਹ ਸ਼ਰਾਰਤੀ ਲੋਕ ਅਸਲ ਗੱਲ ਨੂੰ ਲੁਕਾਉਣ ਲਈ ਆਪਣੇ ਘੋਰ ਅਪਰਾਧ ਨੂੰ ਕਿਸੇ ਹੋਰ ਪਾਸੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਗੁਰੂਘਰ ਦੀ ਬੇਅਦਬੀ ਕੀਤੀ ਹੈ, ਉਸ ਸਬੰਧੀ ਵੀਡੀਓ ਕਲਿੱਪ ਵੀ ਪ੍ਰਬੰਧਕ ਕਮੇਟੀ ਕੋਲ ਮੌਜੂਦ ਹੈ। ਉਸ ਸਬੂਤ ਨੂੰ ਲੈ ਕੇ ਸੰਗਤ ਦੀ ਕਚਹਿਰੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਸਬੂਤ ਰੱਖਾਂਗੇ, ਫਿਰ ਜੋ ਵੀ ਫੈਸਲਾ ਆਵੇਗਾ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਾਂਗੇ।


Related News