ਸ਼ਰਾਬ ਠੇਕੇਦਾਰ ਦੀ ਕੋਠੀ ''ਤੇ ਫਾਇਰਿੰਗ ਕਰਨ ਦੇ ਮੁੱਖ ਦੋਸ਼ੀ ਸਣੇ 3 ਗ੍ਰਿਫਤਾਰ

12/28/2019 2:12:01 PM

ਹੁਸ਼ਿਆਰਪੁਰ (ਘੁੰਮਣ)— ਮਾਡਲ ਟਾਊਨ 'ਚ ਸਥਿਤ ਪ੍ਰਮੁੱਖ ਸ਼ਰਾਬ ਠੇਕੇਦਾਰ ਸੇਠ ਨਰੇਸ਼ ਅਗਰਵਾਲ ਦੀ ਕੋਠੀ 'ਤੇ ਫਾਇਰਿੰਗ ਕਰਨ ਦੇ ਮਾਮਲੇ 'ਚ ਪੁਲਸ ਨੇ ਮੁੱਖ ਦੋਸ਼ੀ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਐੱਸ. ਐੱਸ. ਪੀ. ਗੌਰਵ ਗਰਗ ਨੇ ਦੱਸਿਆ ਕਿ ਸੇਠ ਨਰੇਸ਼ ਅਗਰਵਾਲ ਦੀ ਕੋਠੀ 'ਤੇ ਫਾਇਰਿੰਗ ਕਰਨ ਦੇ ਮਾਮਲੇ ਦੀ ਜਾਂਚ ਲਈ ਐੱਸ. ਪੀ. (ਹੈੱਡਕੁਆਰਟਰ) ਪਰਮਿੰਦਰ ਸਿੰਘ ਹੀਰ, ਐੱਸ. ਪੀ. (ਡਿਟੈਕਟਿਵ) ਧਰਮਵੀਰ ਸਿੰਘ, ਡੀ. ਐੱਸ. ਪੀ. (ਸਿਟੀ) ਜਗਦੀਸ਼ ਅਤਰੀ, ਡੀ. ਐੱਸ. ਪੀ. (ਡਿਟੈਕਟਿਵ) ਰਾਕੇਸ਼ ਕੁਮਾਰ ਅਤੇ ਡੀ. ਐੱਸ. ਪੀ. ਦਸੂਹਾ ਉਪ-ਮੰਡਲ ਅਨਿਲ ਭਨੋਟ 'ਤੇ ਆਧਾਰਿਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ. ਆਈ. ਟੀ.) ਦਾ ਗਠਨ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਫਾਇਰਿੰਗ ਕਰਨ ਵਾਲੇ 2 ਦੋਸ਼ੀਆਂ 'ਚੋਂ 1 ਪਾਰਸ ਸ਼ਰਮਾ ਨੂੰ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਸੀ. ਆਈ. ਏ. ਸਟਾਫ ਦੇ ਇੰਸਪੈਕਟਰ ਗੋਬਿੰਦਰ ਕੁਮਾਰ ਧੋਬੀ ਘਾਟ ਚੌਕ ਤੋਂ ਬੱਸੀ ਗੁਲਾਮ ਹੁਸੈਨ ਨੂੰ ਜਾ ਰਹੇ ਸਨ ਕਿ ਝਾੜੀਆਂ ਨੇੜੇ ਗਰੇਅ ਰੰਗ ਦੀ ਪੋਲੋ ਕਾਰ ਨੰ. ਪੀ. ਬੀ. 08 ਸੀ ਟੀ-9223 ਖੜ੍ਹੀ ਸੀ। ਸ਼ੱਕੀ ਹਾਲਤ 'ਚ ਖੜ੍ਹੀ ਇਸ ਕਾਰ ਦੀ ਜਾਂਚ ਕਰਨ 'ਤੇ ਉਸ 'ਚੋਂ ਪਾਰਸ ਸ਼ਰਮਾ ਪੁੱਤਰ ਹਰਦੀਪ ਕੁਮਾਰ ਨਿਵਾਸੀ ਗੌਰਾਂ ਗੇਟ (ਹੁਸ਼ਿਆਰਪੁਰ), ਸੌਰਭ ਜਿੰਦਲ ਪੁੱਤਰ ਜਸਬੀਰ ਸਿੰਘ ਨਿਵਾਸੀ ਕੀਰਤੀ ਨਗਰ (ਹੁਸ਼ਿਆਰਪੁਰ) ਅਤੇ ਸੰਪਤ ਪੁੱਤਰ ਰਾਮ ਦਿਆਲ ਨਿਵਾਸੀ ਨਿਊ ਫਤਿਹਗੜ੍ਹ ਨਗਰ ਚੁੰਗੀ, ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਐੱਸ. ਐੱਸ. ਪੀ. ਨੇ ਦੱਸਿਆ ਕਿ ਤਿੰਨਾਂ ਦੋਸ਼ੀਆਂ ਦੀ ਤਲਾਸ਼ੀ ਲੈਣ 'ਤੇ 3 ਪਿਸਤੌਲ, ਜਿਨ੍ਹਾਂ 'ਚੋਂ 2 ਪਿਸਤੌਲ 7.65 ਬੋਰ ਸਮੇਤ 2 ਜ਼ਿੰਦਾ ਕਾਰਤੂਸ ਅਤੇ 1 ਪਿਸਤੌਲ 315 ਬੋਰ, ਜੋ ਇਟਲੀ ਦਾ ਬਣਿਆ ਹੋਇਆ ਹੈ, ਬਿਨਾਂ ਰੌਂਦ ਬਰਾਮਦ ਹੋਇਆ। ਸੀ. ਆਈ. ਏ. ਅਧਿਕਾਰੀਆਂ ਵੱਲੋਂ ਸੂਚਿਤ ਕੀਤੇ ਜਾਣ 'ਤੇ ਡੀ. ਐੱਸ. ਪੀ. (ਸਿਟੀ) ਜਗਦੀਸ਼ ਅਤਰੀ ਨੇ ਮੌਕੇ 'ਤੇ ਪਹੁੰਚ ਕੇ ਕਾਰ ਦੀ ਤਲਾਸ਼ੀ ਲਈ। ਕਾਰ ਦੇ ਗੇਅਰ ਬਾਕਸ ਕੰਸੋਲ 'ਤੇ ਇਕ ਪੈਕੇਟ ਪਿਆ ਸੀ, ਜਿਸ 'ਚੋਂ 295 ਗ੍ਰਾਮ ਹੈਰੋਇਨ ਬਰਾਮਦ ਹੋਈ। ਕਾਰ 'ਚੋਂ 5 ਮੋਬਾਇਲ ਵੀ ਬਰਾਮਦ ਕੀਤੇ ਗਏ।
ਸ਼੍ਰੀ ਗੌਰਵ ਗਰਗ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਦਰ 'ਚ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 21-61-85 ਅਤੇ ਹਥਿਆਰ ਐਕਟ ਦੀ ਧਾਰਾ 25-54- 59 ਅਧੀਨ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਇਕ ਦੋਸ਼ੀ ਪਾਰਸ ਸ਼ਰਮਾ ਨੇ ਪੁੱਛਗਿੱਛ ਦੌਰਾਨ ਇਹ ਗੱਲ ਕਬੂਲੀ ਕਿ ਉਸ ਨੇ ਰਾਜਿੰਦਰ ਕੁਮਾਰ ਬੰਗੜ ਪੁੱਤਰ ਸੋਨੀ ਲਾਲ ਨਿਵਾਸੀ ਨਿਆੜਾ ਨਾਲ ਮਿਲ ਕੇ 20 ਦਸੰਬਰ ਦੀ ਰਾਤ ਨੂੰ ਹੈਲਮੇਟ ਪਾ ਕੇ ਆਪਣੀ ਪਛਾਣ ਛੁਪਾਉਂਦਿਆਂ ਸੇਠ ਅਗਰਵਾਲ ਦੀ ਕੋਠੀ 'ਤੇ ਫਾਇਰਿੰਗ ਕੀਤੀ ਸੀ ਅਤੇ ਫਰਾਰ ਹੋ ਗਏ ਸੀ। ਇਸ ਘਟਨਾ ਸਬੰਧੀ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਧਾਰਾ 307, 336, 427, 34 ਅਤੇ ਹਥਿਆਰ ਐਕਟ ਦੀ ਧਾਰਾ 25-27-54-59 ਅਧੀਨ ਕੇਸ ਦਰਜ ਕੀਤਾ ਸੀ।

ਐੱਸ. ਐੱਸ. ਪੀ. ਅਨੁਸਾਰ ਜਾਂਚ ਦੌਰਾਨ ਦੋਸ਼ੀ ਪਾਰਸ ਨੇ ਦੱਸਿਆ ਕਿ ਗੈਂਗਸਟਰ ਬਿੰਨੀ ਗੁੱਜਰ, ਜੋ ਪਟਿਆਲਾ ਦੀ ਜੇਲ ਵਿਚ ਬੰਦ ਸੀ, ਦੇ ਨਿਰਦੇਸ਼ 'ਤੇ ਸੇਠ ਅਗਰਵਾਲ ਕੋਲੋਂ ਫਿਰੌਤੀ ਲੈਣ ਲਈ ਇਹ ਫਾਇਰਿੰਗ ਕੀਤੀ ਗਈ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਬਿੰਨੀ ਗੁੱਜਰ ਦੇ ਗਿਰੋਹ ਵੱਲੋਂ ਕੁਝ ਮਹੀਨੇ ਪਹਿਲਾਂ ਸ਼ਰਾਬ ਦੇ ਇਕ ਹੋਰ ਠੇਕੇਦਾਰ ਗੁਰਿੰਦਰ ਕਾਹਲੋਂ ਨੂੰ ਵੀ ਫੋਨ 'ਤੇ ਫਿਰੌਤੀ ਦੇਣ ਦੀ ਮੰਗ ਕਰਦਿਆਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਬਿੰਨੀ ਗੁੱਜਰ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਪਟਿਆਲਾ ਜੇਲ ਤੋਂ ਪਹਿਲਾਂ ਹੀ ਹੁਸ਼ਿਆਰਪੁਰ ਲਿਆਂਦਾ ਜਾ ਚੁੱਕਿਆ ਹੈ, ਉਸ ਕੋਲੋਂ ਵੀ ਇਸ ਮਾਮਲੇ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ। ਐੱਸ. ਐੱਸ. ਪੀ. ਨੇ ਇਹ ਵੀ ਦੱਸਿਆ ਕਿ ਫਾਇਰਿੰਗ ਦੀ ਘਟਨਾ ਵਿਚ ਫਰਾਰ ਦੋਸ਼ੀ ਰਾਜਿੰਦਰ ਕੁਮਾਰ ਬੰਗੜ ਦੀ ਗ੍ਰਿਫ਼ਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਇਸ ਕੇਸ ਵਿਚ ਕੁਝ ਹੋਰ ਲੋਕਾਂ ਦੀਆਂ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਹਨ ।

ਸੌਰਭ ਜਿੰਦਲ ਬਿੰਨੀ ਗੁੱਜਰ ਦਾ ਹੈ ਚਾਚੇ ਦਾ ਪੁੱਤ
ਐੱਸ. ਐੱਸ. ਪੀ . ਨੇ ਦੱਸਿਆ ਕਿ ਸੌਰਭ ਜਿੰਦਲ ਪੁੱਤਰ ਜਸਬੀਰ ਸਿੰਘ ਬਿੰਨੀ ਗੁੱਜਰ ਦੇ ਚਾਚੇ ਦਾ ਪੁੱਤ ਹੈ। ਬਿੰਨੀ ਗੁੱਜਰ ਦੇ ਜੇਲ ਵਿਚ ਬੰਦ ਹੋਣ ਦੇ ਬਾਅਦ ਤੋਂ ਉਹੀ ਵੱਖ-ਵੱਖ ਘਟਨਾਵਾਂ ਨੂੰ ਅੰਜਾਮ ਦਿੰਦਾ ਰਿਹਾ ਹੈ।

ਪਹਿਲਾਂ ਵੀ ਕਈ ਮਾਮਲੇ ਦਰਜ
ਉਨ੍ਹਾਂ ਦੱਸਿਆ ਕਿ ਪਾਰਸ ਖਿਲਾਫ ਥਾਣਾ ਮਾਡਲ ਟਾਊਨ ਵਿਚ ਆਈ. ਪੀ. ਸੀ. ਦੀ ਧਾਰਾ 307 ਅਧੀਨ ਐੱਫ. ਆਈ. ਆਰ. ਨੰਬਰ 317 ਵੀ ਦਰਜ ਹੈ। ਸੌਰਭ ਜਿੰਦਲ ਖਿਲਾਫ਼ ਥਾਣਾ ਸਿਟੀ ਵਿਚ ਧਾਰਾ 394, 506, 34, 120-ਬੀ ਅਤੇ ਅਸਲਾ ਐਕਟ ਅਧੀਨ 5 ਦਸੰਬਰ 2018 ਨੂੰ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਧਾਰਾ 307 ਅਧੀਨ ਥਾਣਾ ਮਾਡਲ ਟਾਊਨ 'ਚ ਇਕ ਕੇਸ ਦਰਜ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਪ੍ਰਾਪਤ ਕਰਨ ਤੋਂ ਬਾਅਦ ਪੁੱਛਗਿੱਛ ਕੀਤੀ ਜਾਵੇਗੀ।

ਲਾਰੈਂਸ ਬਿਸ਼ਨੋਈ ਗਿਰੋਹ ਨਾਲ ਸਬੰਧਾਂ ਦੀ ਵੀ ਕੀਤੀ ਜਾ ਰਹੀ ਐ ਜਾਂਚ
ਐੱਸ.ਐੱਸ. ਪੀ. ਨੇ ਦੱਸਿਆ ਕਿ ਪੁਲਸ ਇਸ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਗਿਰੋਹ ਨਾਲ ਦੋਸ਼ੀਆਂ ਦੇ ਸਬੰਧਾਂ ਬਾਰੇ ਵੀ ਜਾਂਚ ਕਰ ਰਹੀ ਹੈ । ਵੱਖ-ਵੱਖ ਕਾਲ ਡਿਟੇਲਸ ਅਨੁਸਾਰ ਦੋਸ਼ੀਆਂ ਦੇ ਕਾਲ ਸੈਂਪਲ ਦੇ ਟੈਸਟ ਵੀ ਕਰਵਾਏ ਜਾ ਰਹੇ ਹਨ। ਇਸ ਮੌਕੇ ਐੱਸ. ਪੀ. (ਹੈੱਡਕੁਆਰਟਰ) ਪਰਮਿੰਦਰ ਸਿੰਘ ਹੀਰ, ਡੀ. ਐੱਸ. ਪੀ. (ਸਿਟੀ) ਜਗਦੀਸ਼ ਅਤਰੀ, ਡੀ. ਐੱਸ. ਪੀ. (ਡੀ) ਰਾਕੇਸ਼ ਕੁਮਾਰ ਅਤੇ ਡੀ. ਐੱਸ. ਪੀ. ਦਸੂਹਾ ਅਨਿਲ ਭਨੋਟ ਵੀ ਮੌਜੂਦ ਸਨ।


shivani attri

Content Editor

Related News