ਕੋਵਿਡ ਸੰਬੰਧੀ ਸਰਕਾਰੀ  ਹੁਕਮਾਂ, ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਕਾਰਵਾਈ: ਡੀ .ਐੱਸ.ਪੀ.

04/21/2021 12:00:35 PM

ਟਾਂਡਾ ਉੜਮੁੜ (ਪੰਡਿਤ): ਕੋਵਿਡ-19  ਦੇ ਕੇਸਾਂ ਵਿੱਚ ਦੁਬਾਰਾ ਤੋਂ ਦਿਨ-ਪ੍ਰਤੀ ਦਿਨ ਕੇਸ ਵੱਧਣ ਦੇ ਮੱਦੇਨਜ਼ਰ ਲੋਕ ਹਿਤ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਲਾਈਆਂ ਗਈਆਂ ਕੁਝ  ਪਾਬੰਦੀਆਂ  ਦੀ ਪਾਲਣ ਕੀਤਾ ਜਾਵੇ। ਇਸ ਗੱਲ ਦਾ ਪ੍ਰਗਟਾਵਾ ਡੀ.ਐੱਸ.ਪੀ. ਟਾਂਡਾ ਦਲਜੀਤ ਸਿੰਘ ਖੱਖ ਨੇ ਟਾਂਡਾ ਵਿੱਚ ਹੋਈ ਮੀਟਿੰਗ ਦੌਰਾਨ ਕੀਤਾ। ਉਹ ਇਲਾਕੇ ਦੇ ਜਿੰਮ,ਆਈਲਟਸ ਕੋਚਿੰਗ  ਸੈਂਟਰਾਂ, ਸਿਨੇਮਾ ਘਰਾਂ, ਬਾਰ, ਅਤੇ ਮੈਰਿਜ ਪੈਲਸਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਉਕਤ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਸਰਕਾਰ ਵੱਲੋਂ ਜਾਰੀ ਨਵੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੀ ਇੰਨ ਬਿੰਨ ਪਾਲਣਾ ਕਰਨ ਦੀ ਹਦਾਇਤ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਡੀ.ਸੀ. ਹੁਸ਼ਿਆਰਪੁਰ ਦੇ ਹੁਕਮਾਂ ਮੁਤਾਬਕ ਹੁਣ ਨਾਈਟ ਕਰਫਿਊ ਦਾ ਸਮਾਂ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਕਰ ਦਿੱਤਾ ਗਿਆ ਹੈ।  

ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਵਿੱਚ ਸਾਰੇ ਬਾਰ, ਸਿਨੇਮਾ ਹਾਲ, ਜਿਮ, ਸਪਾਅ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਸਾਰੇ ਰੈਸਟੋਰੈਂਟ ਅਤੇ ਹੋਟਲ ਬੰਦ ਰਹਿਣਗੇ ਅਤੇ ਸਿਰਫ਼ ਖਾਣਾ ਘਰ ਲੈ ਕੇ ਜਾਣ ਅਤੇ ਹੋਮ ਡਿਲੀਵਰੀ ਦੀ ਆਗਿਆ ਦਿੱਤੀ ਗਈ ਹੈ। ਵਿਆਹਾਂ/ਅੰਤਿਮ ਸਸਕਾਰ ਸਮੇਤ 20 ਤੋਂ ਵੱਧ ਵਿਅਕਤੀਆਂ ਦੇ ਇਕੱਠ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਹ ਵਿਅਕਤੀ ਜੋ ਕਿਤੇ ਵੀ ਵੱਡੇ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਇਕੱਠ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਨੂੰ ਘਰ ਵਾਪਸੀ ’ਤੇ ਪ੍ਰੋਟੋਕੋਲ ਅਨੁਸਾਰ ਪੰਜ ਦਿਨਾਂ ਲਈ ਘਰ ਵਿੱਚ ਇਕਾਂਤਵਾਸ ਵਿੱਚ ਰਹਿਣਾ ਪਵੇਗਾ। ਐਤਵਾਰ ਨੂੰ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੇ ਮਾਲ, ਦੁਕਾਨਾਂ, ਰੈਸਟੋਰੈਂਟ ਅਤੇ ਹੋਟਲ ਅਤੇ ਹਫਤਾਵਰੀ ਬਾਜ਼ਾਰ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਸਰਕਾਰੀ  ਹੁਕਮਾਂ, ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਥਾਣਾ ਮੁਖੀ ਟਾਂਡਾ ਇੰਸਪੈਕਟਰ ਬਿਕਰਮ ਸਿੰਘ ਵੀ ਮੌਜੂਦ ਸਨ। 


Shyna

Content Editor

Related News