ਬਾਕਸਿੰਗ ਦੇ ਗੋਲਡ ਮੈਡਲਿਸਟ ਨੂੰ ਗੋਲ਼ੀ ਮਾਰਨ ਵਾਲਾ ਟਰੈਵਲ ਏਜੰਟ ਰਿਮਾਂਡ ’ਤੇ, ਲਾਇਸੈਂਸ ਵੀ ਜ਼ਬਤ

07/26/2021 6:14:51 PM

ਜਲੰਧਰ (ਵਰੁਣ)- ਵਿਧਾਇਕ ਬਾਵਾ ਹੈਨਰੀ ਦੇ ਦਫ਼ਤਰ ਕੰਪਲੈਕਸ ਵਿਚ ਬਾਕਸਿੰਗ ਦੇ ਗੋਲਡ ਮੈਡਲਿਸਟ ਅਤੇ ਕੋਚ ਨੂੰ ਗੋਲੀ ਮਾਰਨ ਵਾਲੇ ਟਰੈਵਲ ਏਜੰਟ ਪੁਨੀਤ ਜੋਤੀ ਨੂੰ ਪੁਲਸ ਨੇ ਰਿਮਾਂਡ ’ਤੇ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਕੋਲੋਂ ਉਸ ਦੇ ਹਥਿਆਰ ਦਾ ਲਾਇਸੈਂਸ ਰਿਕਵਰ ਕਰਵਾਉਣਾ ਸੀ, ਜਿਸ ਕਾਰਨ ਉਸ ਨੂੰ ਰਿਮਾਂਡ ’ਤੇ ਲਿਆ ਗਿਆ। ਇਕ ਦਿਨ ਦਾ ਰਿਮਾਂਡ ਲੈਣ ਤੋਂ ਬਾਅਦ ਪੁਲਸ ਨੇ ਪੁਨੀਤ ਜੋਤੀ ਦੇ ਘਰ ਵਿਚੋਂ ਉਸ ਦਾ ਲਾਇਸੈਂਸ ਜ਼ਬਤ ਕਰ ਲਿਆ।ਥਾਣਾ ਨੰਬਰ 3 ਦੇ ਇੰਚਾਰਜ ਮੁਕੇਸ਼ ਕੁਮਾਰ ਦਾ ਕਹਿਣਾ ਹੈ ਕਿ ਪੁਨੀਤ ਦਾ ਸੋਮਵਾਰ ਨੂੰ ਰਿਮਾਂਡ ਖਤਮ ਹੋਣਾ ਹੈ, ਜਿਸ ਤੋਂ ਬਾਅਦ ਉਸ ਨੂੰ ਜੇਲ ਭੇਜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸਲਾ ਵਿਭਾਗ ਨੂੰ ਚਿੱਠੀ ਲਿਖ ਕੇ ਪੁਨੀਤ ਦਾ ਲਾਇਸੈਂਸ ਰੱਦ ਕਰਵਾਇਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਪੁਨੀਤ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਤੋਂ ਆਇਆ ਸੀ।

ਇਹ ਵੀ ਪੜ੍ਹੋ: ਉੱਜੜਿਆ ਹੱਸਦਾ-ਵੱਸਦਾ ਪਰਿਵਾਰ, ਟਾਂਡਾ 'ਚ ਭਿਆਨਕ ਹਾਦਸੇ ਦੌਰਾਨ ਮਾਂ-ਧੀ ਦੀ ਮੌਤ

ਜ਼ਿਕਰਯੋਗ ਕਿ ਸ਼ਨੀਵਾਰ ਸਵੇਰੇ ਕਾਰ ਦਾ ਸ਼ੀਸ਼ਾ ਤੋੜਨ ਦੇ ਮਾਮਲੇ ਵਿਚ ਪੁਨੀਤ ਅਤੇ ਬਾਕਸਿੰਗ ਦੇ ਗੋਲਡ ਮੈਡਲਿਸਟ ਮਨਪ੍ਰੀਤ ਉਰਫ ਮਾਂਟੂ ਦੋਵੇਂ ਨਿਵਾਸੀ ਕੋਟ ਕਿਸ਼ਨ ਚੰਦ ਵਿਚਕਾਰ ਝਗੜਾ ਹੋਇਆ ਸੀ। ਪੁਨੀਤ ਦਾ ਦੋਸ਼ ਸੀ ਕਿ ਮਨਪ੍ਰੀਤ ਨੇ ਇਲਾਕੇ ਵਿਚ ਖੜ੍ਹੀ ਕਾਰ ਦੇ ਸ਼ੀਸ਼ੇ ਤੋੜੇ ਸਨ ਅਤੇ ਉਹ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਿਆ ਸੀ। ਇਸ ਨੂੰ ਲੈ ਕੇ ਦੋਵਾਂ ਵਿਚਕਾਰ ਝਗੜਾ ਵੀ ਹੋਇਆ ਸੀ। ਇਸੇ ਮਾਮਲੇ ਵਿਚ ਦੋਵਾਂ ਧਿਰਾਂ ਰਾਜ਼ੀਨਾਮੇ ਲਈ ਕਾਂਗਰਸ ਦੇ ਸਾਬਕਾ ਮੰਤਰੀ ਅਵਤਾਰ ਹੈਨਰੀ ਤੇ ਵਿਧਾਇਕ ਬਾਵਾ ਹੈਨਰੀ ਦੇ ਦਫਤਰ ਵਿਚ ਆਈਆਂ ਸਨ। ਅਜੇ ਅਵਤਾਰ ਹੈਨਰੀ ਨੇ ਆਉਣਾ ਸੀ ਕਿ ਦੋਵਾਂ ਧਿਰਾਂ ਵਿਚਕਾਰ ਝਗੜਾ ਹੋ ਗਿਆ ਅਤੇ ਪੁਨੀਤ ਨੇ ਮਨਪ੍ਰੀਤ ਦੇ ਢਿੱਡ ਵਿਚ ਗੋਲ਼ੀ ਮਾਰ ਦਿੱਤੀ। ਖੁਦ ਅਵਤਾਰ ਹੈਨਰੀ ਨੇ ਬਾਹਰ ਆ ਕੇ ਪੁਨੀਤ ਕੋਲੋਂ ਉਸ  ਦਾ ਹਥਿਆਰ ਖੋਹਿਆ ਸੀ ਅਤੇ ਪੁਲਸ ਨੂੰ ਬੁਲਾ ਕੇ ਥਾਣਾ ਨੰਬਰ 3 ਦੇ ਇੰਚਾਰਜ ਮੁਕੇਸ਼ ਕੁਮਾਰ ਦੇ ਹਵਾਲੇ ਕਰ ਦਿੱਤਾ ਸੀ।

ਮਨਪ੍ਰੀਤ ਨੂੰ ਜੌਹਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਦੇਰ ਰਾਤ ਆਪ੍ਰੇਸ਼ਨ ਕਰਕੇ ਮਨਪ੍ਰੀਤ ਨੂੰ ਲੱਗੀ ਗੋਲ਼ੀ ਕੱਢ ਦਿੱਤੀ ਗਈ ਸੀ। ਮਨਪ੍ਰੀਤ ਦੀ ਹਾਲਤ ਵਿਚ ਹੁਣ ਸੁਧਾਰ ਹੈ। ਥਾਣਾ ਨੰਬਰ 3 ਵਿਚ ਸ਼ਨੀਵਾਰ ਦੇਰ ਸ਼ਾਮ ਪੁਨੀਤ ਖਿਲਾਫ ਕਤਲ ਦੀ ਕੋਸ਼ਿਸ਼ ਸਮੇਤ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ: ਸਕੂਲਾਂ ’ਚ ਪਰਤੀ ਰੌਣਕ, ਪੰਜਾਬ ਭਰ ’ਚ ਖੁੱਲ੍ਹੇ 10ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਲਈ ਸਕੂਲ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News