ਗੀਤਾ ਮੰਦਿਰ ''ਚ ਕੈਸ਼ੀਅਰ ਨਾਲ ਹੋਈ ਲੁੱਟ ਦਾ ਮਾਮਲਾ ਭਖਿਆ

09/19/2019 3:15:46 PM

ਜਲੰਧਰ (ਜ. ਬ.)— ਮਾਡਲ ਟਾਊਨ ਸਥਿਤ ਗੀਤਾ ਮੰਦਿਰ 'ਚ ਕੈਸ਼ੀਅਰ 'ਤੇ ਹੋਏ ਹਮਲੇ ਅਤੇ ਪੈਸੇ ਲੁੱਟਣ ਦੇ ਮਾਮਲੇ 'ਚ ਕੁੱਟਣ ਵਾਲੀ ਧਿਰ 'ਤੇ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਬੁੱਧਵਾਰ ਨੂੰ ਦੋਬਾਰਾ ਵਿਵਾਦ ਹੋ ਗਿਆ। ਮੰਦਿਰ ਕਮੇਟੀ ਦਾ ਦੋਸ਼ ਹੈ ਕਿ ਦੂਜੀ ਧਿਰ ਦੇ ਸਮਰਥਨ 'ਚ ਕੁਝ ਨੇਤਾ ਟਾਈਪ ਨੌਜਵਾਨ ਉਨ੍ਹਾਂ ਦੀ ਇਜਾਜ਼ਤ ਦੇ ਬਿਨਾਂ ਮੰਦਰ 'ਚ ਆਏ ਪਰ ਮੱਥਾ ਟੇਕਣ ਦੀ ਬਜਾਏ ਪ੍ਰੈੱਸ ਕਾਨਫਰੰਸ ਸ਼ੁਰੂ ਕਰ ਦਿੱਤੀ। ਜਿਵੇਂ ਹੀ ਕਮੇਟੀ ਦੇ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਮਿਲੀ, ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਇਸ ਦੇ ਬਾਅਦ ਥਾਣਾ ਨੰ. 6 ਦੇ ਮੁਖੀ ਸੁਰਜੀਤ ਸਿੰਘ ਆਪਣੀ ਟੀਮ ਨਾਲ ਮੌਕੇ 'ਤੇ ਪੁੱਜੇ ਅਤੇ ਪ੍ਰੈੱਸ ਕਾਨਫਰੰਸ ਕਰਨ ਆਏ ਲੋਕਾਂ ਨੂੰ ਬਾਹਰ ਕੱਢਿਆ। ਪੀੜਤ ਕੈਸ਼ੀਅਰ ਰਾਜੀਵ ਠਾਕੁਰ ਨੇ ਦੋਸ਼ ਲਾਏ ਕਿ ਉਕਤ ਲੋਕਾਂ ਨੇ ਮੰਦਿਰ ਦੀ ਮਰਿਆਦਾ ਨੂੰ ਤਾਂ ਭੰਗ ਕੀਤਾ ਹੀ ਹੈ ਨਾਲ ਹੀ ਮੰਦਿਰ ਦੇ ਅੰਦਰ ਲੋਕਾਂ ਨੂੰ ਧਮਕਾਇਆ ਵੀ।

ਦੋਸ਼ ਇਹ ਹੈ ਕਿ ਮੰਦਿਰ ਅਤੇ ਪੁਜਾਰੀਆਂ 'ਚ ਚੱਲ ਰਹੇ ਇਸ ਵਿਵਾਦ 'ਚ ਕੁਝ ਲੋਕ ਦਖਲਅੰਦਾਜ਼ੀ ਕਰਕੇ ਨਵਾਂ ਮੋੜ ਦੇਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨਾਲ ਸ਼ਹਿਰ ਦੀ ਅਮਨ ਸ਼ਾਂਤੀ ਭੰਗ ਹੋ ਸਕਦੀ ਹੈ ਅਤੇ ਨਾਲ ਹੀ ਇਸ ਮਾਮਲੇ ਦੇ ਬਾਅਦ ਕਮੇਟੀ ਦੇ ਮੈਂਬਰ ਸਾਰਾ ਮਾਮਲਾ ਡੀ. ਜੀ. ਪੀ. ਤਕ ਪਹੁੰਚਾਉਣ ਦੀ ਤਿਆਰੀ 'ਚ ਹਨ। ਕੈਸ਼ੀਅਰ ਰਾਜੀਵ ਠਾਕੁਰ ਦਾ ਕਹਿਣਾ ਹੈ ਕਿ ਕਮੇਟੀ ਦੀ ਬਿਨਾਂ ਇਜਾਜ਼ਤ ਦੇ ਕੁਝ ਪੁਜਾਰੀ ਮੰਦਿਰ 'ਚ ਰਹਿ ਰਹੇ ਹਨ ਅਤੇ ਉਨ੍ਹਾਂ ਦਾ ਮੰਦਰ ਨਾਲ ਕੋਈ ਸਬੰਧ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਕਤ ਲੋਕਾਂ ਦੇ ਕਾਰਨ ਮੰਦਰ ਦਾ ਨਿਰਮਾਣ ਕਾਰਜ ਰੁਕਿਆ ਹੋਇਆ ਹੈ, ਜਿਸ ਲਈ ਉਹ ਪਹਿਲਾਂ ਵੀ ਉਨ੍ਹਾਂ ਨੂੰ ਕਮਰੇ ਖਾਲੀ ਕਰਨ ਲਈ ਕਹਿ ਚੁੱਕੇ ਹਨ ਪਰ ਉਹ ਲੋਕ ਹਰ ਵਾਰ ਕੋਈ ਨਾ ਕੋਈ ਵਿਵਾਦ ਕਰਦੇ ਹਨ, ਜਦਕਿ ਇਸ ਵਾਰ ਉਨ੍ਹਾਂ ਉੱਤੇ ਅਟੈਕ ਕਰ ਦਿੱਤਾ ਹੈ।

PunjabKesari

ਰਾਜੀਵ ਕੁਮਾਰ ਠਾਕੁਰ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ 'ਤੇ ਹੋਇਆ ਅਟੈਕ ਪੂਰੀ ਸੋਚੀ-ਸਮਝੀ ਸਾਜ਼ਿਸ਼ ਸੀ। ਦੋਸ਼ ਹੈ ਕਿ ਨੇਤਾ ਕਿਸਮ ਦੇ ਕੁਝ ਲੋਕ ਇਸ ਮਾਮਲੇ ਨੂੰ ਹੋਰ ਭੜਕਾਉਣਾ ਚਾਹੁੰਦੇ ਹਨ ਅਤੇ ਜੇਕਰ ਮੰਦਰ 'ਚ ਕੋਈ ਹੋਰ ਵਿਵਾਦ ਹੋਇਆ ਤਾਂ ਜ਼ਿੰਮੇਵਾਰ ਵੀ ਉਹੀ ਲੋਕ ਹੋਣਗੇ। ਇਹ ਸਾਰੇ ਮਾਮਲੇ ਸਬੰਧੀ ਥਾਣਾ ਨੰ. 6 ਦੇ ਮੁਖੀ ਸੁਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਮੇਟੀ ਵਲੋਂ ਸੂਚਨਾ ਮਿਲੀ ਸੀ ਕਿ ਦੂਜੀ ਧਿਰ ਵਲੋਂ ਕੁਝ ਲੋਕ ਮੰਦਰ 'ਚ ਦਾਖਲ ਹੋ ਕੇ ਪ੍ਰੈੱਸ ਕਾਨਫਰੰਸ ਕਰ ਰਹੇ ਹਨ ਉਹ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਮਾਹੌਲ ਨੂੰ ਸ਼ਾਂਤ ਕੀਤਾ।

ਗੌਰਤਲਬ ਹੈ ਕਿ 12 ਸਤੰਬਰ ਨੂੰ ਮੰਦਿਰ ਕਮੇਟੀ ਦੇ ਕੈਸ਼ੀਅਰ ਰਾਜੀਵ ਠਾਕੁਰ 'ਤੇ ਹਮਲਾ ਕਰ ਦਿੱਤਾ ਗਿਆ ਸੀ। ਦੋਸ਼ ਸਨ ਕਿ ਕੁੱਟਮਾਰ ਦੌਰਾਨ ਰਾਜੀਵ ਠਾਕੁਰ ਦੇ ਹੱਥਾਂ 'ਚ ਫੜੇ ਗਏ ਚੜ੍ਹਾਵੇ ਵਾਲੇ ਬੈਗ 'ਚੋਂ ਪੈਸੇ ਵੀ ਲੁੱਟ ਲਏ ਗਏ। ਇਸ ਕੁੱਟਮਾਰ ਦੀ ਵੀਡੀਓ ਮੀਡੀਆ 'ਚ ਵਾਇਰਲ ਵੀ ਹੋ ਗਈ ਸੀ। ਥਾਣਾ ਨੰ. 6 ਦੀ ਪੁਲਸ ਨੇ ਹਮਲਾ ਕਰਨ ਵਾਲੀ ਧਿਰ ਦੇ ਪੱਖ 'ਚ ਪੁਜਾਰੀ ਸ਼ੁਕਲਾ, ਮੋਨਾ, ਪੰਡਿਤ ਰਾਧੇ ਸ਼ਾਮ, ਉਨ੍ਹਾਂ ਦੀ ਪਤਨੀ ਕੰਚਨ ਸਣੇ ਸੱਤਿਆ ਪ੍ਰਕਾਸ਼ 'ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਕੀਤਾ ਸੀ। ਫਿਲਹਾਲ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋ ਸਕੀ। ਇੰਸਪੈਕਟਰ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਐੱਫ. ਆਈ. ਆਰ. ਦਰਜ ਕਰਨ ਦੇ ਬਾਅਦ ਹੁਣ ਜਾਂਚ ਕੀਤੀ ਜਾ ਰਹੀ ਹੈ। ਜਾਂਚ ਖਤਮ ਹੋਣ ਤੋਂ ਬਾਅਦ ਨਾਮਜ਼ਦ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।


shivani attri

Content Editor

Related News