ਗੜ੍ਹਸ਼ੰਕਰ ਸ਼ਹਿਰ ਰਿਹਾ ਮੁਕੰਮਲ ਬੰਦ, ਰੋਹ ਭਰਪੂਰ ਹੋਏ ਰੋਸ ਪ੍ਰਦਰਸ਼ਨ

09/25/2020 7:42:16 PM

ਗੜ੍ਹਸ਼ੰਕਰ,(ਸ਼ੋਰੀ)- ਕਿਸਾਨਾਂ ਦੇ ਹੱਕ 'ਚ ਅੱਜ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਕਰਦੇ ਕਿਸਾਨ ਜੱਥੇਬੰਦੀਆਂ, ਕਾਂਗਰਸ, ਅਕਾਲੀ ਦਲ, ਬਸਪਾ ਅਤੇ ਮੁਲਾਜ਼ਮ ਜੱਥੇਬੰਦੀਆਂ ਵੱਲੋਂ ਗੜ੍ਹਸ਼ੰਕਰ ਸਮੁੰਦੜਾਂ ਅਤੇ ਹੋਰ ਇਲਾਕਿਆਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਸੜਕਾਂ 'ਤੇ ਧਰਨੇ ਲਾ ਕੇ ਚੱਕਾ ਜਾਮ ਕੀਤਾ ਗਿਆ ਅਤੇ ਇਸ ਬੰਦ ਕਾਰਣ ਗੜ੍ਹਸ਼ੰਕਰ ਸ਼ਹਿਰ ਮੁਕੰਮਲ ਬੰਦ ਰਿਹਾ।

ਕਾਂਗਰਸੀ ਵੀ ਕਿਸਾਨਾਂ ਦੇ ਹੱਕ ਵਿੱਚ ਨਿਤਰੇ
ਇੱਥੋਂ ਦੇ ਸ੍ਰੀ ਆਨੰਦਪੁਰ ਸਾਹਿਬ ਚੌਕ ਵਿੱਚ ਗੜ੍ਹਸ਼ੰਕਰ ਇਲਾਕੇ ਦੇ ਕਾਂਗਰਸੀਆਂ ਨੇ ਇੱਕ ਵੱਡਾ ਰੋਸ ਧਰਨਾ ਦਿੱਤਾ ਅਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲ ਦੀ ਰੱਜ ਕੇ ਆਲੋਚਨਾ ਕੀਤੀ। ਇਸ ਮੌਕੇ ਕਾਂਗਰਸੀਆਂ ਨੇ ਭਾਜਪਾ ਦੀਆਂ ਹੋਰ ਲੋਕ ਵਿਰੋਧੀ ਨੀਤੀਆਂ ਦੀ ਵੀ ਚਰਚਾ ਕਰਦੇ ਭਾਜਪਾ ਦੀ ਰੱਜ ਕੇ ਆਲੋਚਨਾ ਕੀਤੀ।

ਸਮੁੰਦੜਾਂ ਵਿਚ ਪੰਜ ਘੰਟੇ ਕੀਤਾ ਚੱਕਾ ਜਾਮ
ਕਿਸਾਨ ਜਥੇਬੰਦੀਆਂ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਕਸਬਾ ਸਮੁੰਦੜਾਂ ਵਿੱਚ ਅੱਜ ਕਿਸਾਨਾਂ ਦੇ ਹੱਕ ਵਿੱਚ ਪੰਜ ਘੰਟੇ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਹਰਮੇਸ਼ ਸਿੰਘ ਢੇਸੀ ਨੇ ਭਾਜਪਾ ਸਰਕਾਰ ਦੀ ਆਲੋਚਨਾ ਕਰਦੇ ਕਿਹਾ ਕਿ ਇਸ ਸਰਕਾਰ ਨੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਕੰਮ ਹੀ ਕੀਤੇ ਹਨ।

ਅਕਾਲੀਆਂ ਨੇ ਰੱਜ ਕੇ ਭਾਜਪਾ ਨੂੰ ਰਗੜੇ ਬੰਨ੍ਹੇ
ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ ਹੇਠ ਇੱਥੋਂ ਦੇ ਬੰਗਾ ਚੌਕ ਵਿੱਚ ਇੱਕ ਰੋਹ ਭਰਪੂਰ ਧਰਨਾ ਦਿੱਤਾ ਗਿਆ। ਇਸ ਮੌਕੇ ਠੇਕੇਦਾਰ ਸੁਰਿੰਦਰ ਸਿੰਘ ਭੁੱਲਿਆ ਰਾਠਾਂ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਵੀ ਆਪਣੀ ਪੁਰਾਣੀ ਭਾਈਵਾਲ ਪਾਰਟੀ ਦੀ ਰੱਜ ਕੇ ਖਿਚਾਈ ਕਰਦੇ ਸਿਆਸੀ ਰਗੜੇ ਬੰਨਣ 'ਚ ਕੋਈ ਘਾਟ ਨਹੀਂ ਰਹਿਣ ਦਿੱਤੀ। ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਇਹ ਕਿਸਾਨ ਵਿਰੁੱਧ ਬਿੱਲ ਹਰ ਹਾਲ 'ਚ ਵਾਪਸ ਹੋਣਾ ਚਾਹੀਦਾ ਹੈ।

ਭਾਜਪਾ ਦੀ ਅਕਲ ਟਿਕਾਣੇ ਜ਼ਰੂਰ ਆ ਗਈ ਹੋਵੇਗੀ : ਹਰਵੇਲ ਸਿੰਘ ਸੈਣੀ
ਸੀਨੀਅਰ ਕਾਂਗਰਸੀ ਆਗੂ ਹਰਵੇਲ ਸਿੰਘ ਸੈਣੀ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ ਦੇਸ਼ ਦਾ ਹਰ ਨਾਗਰਿਕ ਜਿਨ੍ਹਾਂ ਦੇਸ਼ ਨੂੰ ਪਿਆਰ ਕਰਦਾ ਹੈ  ਉਨ੍ਹਾਂ ਹੀ ਕਿਸਾਨ ਨੂੰ ਪਿਆਰ ਕਰਦਾ ਹੈ।  ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨਦਾਤਾ ਕਿਸਾਨ ਨੂੰ ਮੁਸ਼ਕਿਲ ਦੀ ਘੜੀ ਵਿੱਚ ਪਾ ਕੇ ਭਾਜਪਾ ਨੇ ਇੱਕ ਬਜੱਰ ਗੁਨਾਹ ਕੀਤਾ ਹੈ।  ਉਨ੍ਹਾਂ ਕਿਹਾ ਕਿ ਅੱਜ ਜਾਗਦੇ ਜਮੀਰਾਂ ਵਾਲੇ ਸਾਰੇ ਵਿਅਕਤੀ ਕਿਸਾਨਾਂ ਦੇ ਸੰਘਰਸ਼ ਵਿੱਚ ਨਾਲ ਖੜ ਹਨ ਅਤੇ ਲੋਕਾਂ ਦੇ ਇਸ ਰੋਹ ਨੂੰ ਦੇਖ ਕੇ ਭਾਜਪਾ ਦੀ ਅਕਲ ਟਿਕਾਣੇ ਜ਼ਰੂਰ ਆ ਗਈ ਹੋਵੇਗੀ ।

ਭਾਜਪਾ ਨੇ ਇਹ ਕਾਨੂੰਨ ਬਣਾ ਕੇ ਕਿਹੜੀ ਅੱਗ ਬੁਝਾਉਣੀ ਸੀ: ਰਾਜੂ
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਨੇ ਅੱਜ ਇੱਥੋਂ ਦੇ ਮੁੱਖ ਬੱਸ ਸਟੈਂਡ ਤੇ ਬਸਪਾ ਅਤੇ ਹਮਖਿਆਲੀ ਜਥੇਬੰਦੀਆਂ ਵੱਲੋਂ ਲਗਾਏ ਗਏ ਕਿਸਾਨਾਂ ਦੇ ਹੱਕ ਵਿੱਚ ਧਰਨੇ ਦੌਰਾਨ ਸੰਬੋਧਨ ਕਰਦੇ ਕਿਹਾ ਕਿ ਭਾਜਪਾ ਨੇ ਰਾਤੋਂ ਰਾਤ ਕਿਸਾਨ ਵਿਰੋਧੀ ਕਾਨੂੰਨ ਬਣਾ ਕੇ ਕਿਹੜੀ ਅੱਗ ਬੁਝਾਉਣੀ ਸੀ ।  ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਦੇਸ਼ ਕਰੋਨਾ ਮਹਾਂਮਾਰੀ ਕਾਰਨ ਪ੍ਰੇਸ਼ਾਨ ਸੀ ਉਪਰੋਂ ਭਾਜਪਾ ਨੇ ਇਹ ਕਾਨੂੰਨ ਬਣਾ ਕੇ ਕਿਸਾਨਾਂ ਅਤੇ  ਉਨ੍ਹਾਂ ਨਾਲ ਜੁੜੇ ਵਿਅਕਤੀਆਂ ਨੂੰ ਮਾਨਸਿਕ ਤੇ ਆਰਥਿਕ ਪ੍ਰੇਸ਼ਾਨੀ ਵਿੱਚ ਪਾ ਦਿੱਤਾ ਹੈ।


Deepak Kumar

Content Editor

Related News