ਫੇਸਬੁੱਕ ''ਤੇ ਦੋਸਤੀ ਤੋਂ ਬਾਅਦ ਪੰਜਾਬ ਦੀ ਔਰਤ ਨਾਲ ਯੂ.ਪੀ. ''ਚ ਗੈਂਗਰੇਪ

09/17/2018 12:50:18 AM

ਜਲੰਧਰ— ਅੱਜ ਕੱਲ ਸੋਸ਼ਲ ਮੀਡੀਆ ਦੀ ਵਰਤੋਂ ਤਾਂ ਹਰ ਕੋਈ ਕਰ ਰਿਹਾ ਹੈ। ਸਭ ਤੋਂ ਜ਼ਿਆਦਾ ਲੋਕ ਫੇਸਬੁੱਕ ਤੇ ਵ੍ਹਟਸਐਪ 'ਤੇ ਚੈਟਿੰਗ ਕਰਦੇ ਦੇਖੇ ਜਾ ਸਕਦੇ ਹਨ ਪਰ ਸੋਸ਼ਲ ਮੀਡੀਆ 'ਤੇ ਜ਼ਿਆਦਾਤਰ ਲੋਕ ਉਨ੍ਹਾਂ ਲੋਕਾਂ ਨਾਲ ਜੁੜ ਜਾਂਦੇ ਹਨ, ਜੋ ਕਿ ਫੇਕ ਆਈਡੀ ਬਣਾ ਕੇ ਲੋਕਾਂ ਨੂੰ ਧੋਖਾ ਦਿੰਦੇ ਹਨ। ਅਜਿਹੀ ਹੀ ਇਕ ਘਟਨਾ ਜਲੰਧਰ ਦੀ ਇਕ ਔਰਤ ਨਾਲ ਵਾਪਰੀ ਹੈ। ਪੀੜਤ ਔਰਤ ਵੀ ਫੇਸਬੁੱਕ 'ਤੇ ਬਹੁਤ ਸਰਗਰਮ ਸੀ ਤੇ ਇਸੇ ਦਾ ਫਾਇਦਾ ਚੁੱਕ ਕੇ ਇਕ ਮੁਸਲਿਮ ਲੜਕੇ ਨੇ ਉਸ ਨਾਲ ਪਹਿਲਾਂ ਫੇਸਬੁੱਕ 'ਤੇ ਦੋਸਤੀ ਕੀਤੀ ਤੇ ਬਾਅਦ 'ਚ ਉਸ ਨੂੰ ਪਿਆਰ ਦੇ ਝੂਠੇ ਜਾਲ 'ਚ ਫਸਾ ਕੇ ਉਸ ਨੂੰ ਧੋਖੇ ਨਾਲ ਉੱਤਰ ਪ੍ਰਦੇਸ਼ ਦੇ ਇਕ ਹੋਟਲ 'ਚ ਬੁਲਾ ਕੇ ਆਪਣੇ ਦੋਸਤਾਂ ਨਾਲ ਮਿਲ ਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।

ਹੋਟਲ 'ਚੋਂ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਭੱਜੀ ਪੀੜਤਾ ਉੱਤਰ ਪ੍ਰਦੇਸ਼ ਦੇ ਰਾਮਪੁਰ 'ਚ ਇਕ ਦੁਕਾਨ 'ਤੇ ਬੈਠ ਕੇ ਰੌਣ ਲੱਗੀ ਤਾਂ ਨੇੜੇ ਦੇ ਲੋਕਾਂ ਨੇ ਉਸ ਨੂੰ ਰੌਣ ਦਾ ਕਾਰਨ ਪੁੱਛਿਆ। ਇਸ ਤੋਂ ਬਾਅਦ ਉਸ ਨੇ ਸਥਾਨਕ ਲੋਕਾਂ ਨਾਲ ਹੱਡ ਬੀਤੀ ਦੱਸੀ। ਉਸ ਨੇ ਦੱਸਿਆ ਕਿ ਉਹ ਪੰਜਾਬ ਦੀ ਰਹਿਣ ਵਾਲੀ ਹੈ ਤੇ ਉਸ ਦੇ ਪਤੀ ਨਾਲ ਉਸ ਦਾ ਤਲਾਕ ਦਾ ਮੁਕੱਦਮਾ ਚੱਲ ਰਿਹਾ ਹੈ। ਇਸੇ ਦੌਰਾਨ ਉਸ ਦੀ ਇਕ ਲੜਕੇ ਨਾਲ ਫੇਸਬੁੱਕ 'ਤੇ ਦੋਸਤੀ ਹੋ ਗਈ ਤੇ ਲੜਕੇ ਨੇ ਉਸ ਨੂੰ ਝੂਠ ਬੋਲਿਆ ਕਿ ਉਹ ਹਿੰਦੂ ਹੈ। ਔਰਤ ਨੇ ਅੱਗੇ ਦੱਸਿਆ ਕਿ ਪਿਆਰ ਦੀਆਂ ਝੂਠੀਆਂ ਪੀਂਘਾਂ ਪਾਉਣ ਤੋਂ ਬਾਅਦ ਲੜਕੇ ਨੇ ਪਿਆਰ ਦਾ ਵਾਸਤਾ ਦੇ ਕੇ ਉਸ ਨੂੰ ਇਥੇ ਬੁਲਾ ਲਿਆ ਤੇ ਇਕ ਹੋਟਲ 'ਚ ਉਸ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਆਪਣੇ ਤਿੰਨ-ਚਾਰ ਦੋਸਤਾਂ ਨਾਲ ਉਸ ਨਾਲ ਬਲਾਤਕਾਰ ਕੀਤਾ। ਔਰਤ ਨੇ ਦੱਸਿਆ ਕਿ ਜਦੋਂ ਉਸ ਨੂੰ ਹੋਸ਼ ਆਇਆ ਤਾਂ ਲੜਕੇ ਨੇ ਜ਼ਬਰਦਸੀ ਉਸ ਨੂੰ ਮੁਸਲਿਮ ਧਰਮ ਅਪਣਾਉਣ ਲਈ ਮਜਬੂਰ ਕੀਤਾ। ਉਹ ਕਿਸੇ ਤਰ੍ਹਾਂ ਉਥੋਂ ਜਾਨ ਬਚਾ ਕੇ ਭੱਜੀ ਹੈ।

ਔਰਤ ਦੀ ਸਾਰੀ ਗੱਲ ਸੁਣਨ ਤੋਂ ਬਾਅਦ ਸਥਾਨਕ ਲੋਕਾਂ ਨੇ ਉਸ ਦੇ ਨਾਲ ਸਥਾਨਕ ਥਾਣੇ ਜਾ ਕੇ ਪੁਲਸ ਨੂੰ ਇਸ ਦੀ ਸ਼ਿਕਾਇਤ ਦਿੱਤੀ। ਪੁਲਸ ਨੇ ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਹੋਟਲ 'ਚ ਬੈਠੇ ਦੋਸ਼ੀ ਨੂੰ ਕਾਬੂ ਕਰ ਲਿਆ। ਪੁਲਸ ਦਾ ਕਹਿਣਾ ਹੈ ਕਿ ਨੌਜਵਾਨ ਰਾਮਪੁਰ ਦੇ ਭੇਂਸੋੜੀ ਦਾ ਰਹਿਣ ਵਾਸੀ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।


Related News