ਬੈਂਕ ਤੋਂ 25 ਲੱਖ ਰੁਪਏ ਕਰਜ਼ਾ ਲੈ ਕੇ ਫਰਾਡ ਕਰਨ ਵਾਲਾ ਭਗੌੜਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ

Tuesday, Sep 27, 2022 - 12:47 PM (IST)

ਬੈਂਕ ਤੋਂ 25 ਲੱਖ ਰੁਪਏ ਕਰਜ਼ਾ ਲੈ ਕੇ ਫਰਾਡ ਕਰਨ ਵਾਲਾ ਭਗੌੜਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਚੰਡੀਗੜ੍ਹ/ਫਗਵਾੜਾ (ਰਮਨਜੀਤ ਸਿੰਘ)-ਪੰਜਾਬ ਵਿਜੀਲੈਂਸ ਬਿਊਰੋ ਵਲੋਂ ਪੰਜਾਬ ਗ੍ਰਾਮੀਣ ਬੈਂਕ, ਬ੍ਰਾਂਚ ਜਗਤਪੁਰ ਜੱਟਾਂ, ਫਗਵਾੜਾ ਵਿਚ ਹੋਏ ਫਰਾਡ ਦੇ ਸਬੰਧ ਵਿਚ ਭਗੌੜੇ ਚੱਲੇ ਆ ਰਹੇ ਮੁਲਜ਼ਮ ਸਤੀਸ਼ ਝਾਅ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਸਤੀਸ਼ ਝਾਅ ਪਿੰਡ ਚੱਕ ਹਕੀਮ ਫਗਵਾੜਾ ਦਾ ਰਹਿਣ ਵਾਲਾ ਹੈ। ਉਸ 'ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਮਿਲੀਭੁਗਤ ਨਾਲ 25 ਲੱਖ ਰੁਪਏ ਦਾ ਕਰਜ਼ਾ ਮਨਜ਼ੂਰ ਕਰਵਾ ਕੇ ਬੈਂਕ ਨਾਲ ਧੋਖਾਦੇਹੀ ਕਰਨ ਦੇ ਦੋਸ਼ ਹਨ। ਇਸ ਮਾਮਲੇ 'ਚ 6 ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਏ ਗਏ ਹਨ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਮੁਤਾਬਕ ਇਸ ਧੋਖਾਧੜੀ ਦੇ ਮਾਮਲੇ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਾਂਚ ਵਿਚ ਬੈਂਕ ਮੈਨੇਜਰ ਹਰਭਜਨ ਸਿੰਘ ਕਪੂਰ ਤੇ ਬੈਂਕ ਪੈਨਲ ਦੇ ਵੈਲੂਅਰ ਸਤੀਸ਼ ਕੁਮਾਰ ਸ਼ਰਮਾ ਦਾ ਨਾਂ ਵੀ ਸਾਹਮਣੇ ਆਇਆ ਹੈ ਜਿਨ੍ਹਾਂ ਦੀ ਮਦਦ ਨਾਲ ਮੁਲਜ਼ਮਾਂ ਨੇ ਧੋਖਾਧੜੀ ਨੂੰ ਅੰਜਾਮ ਦਿੱਤਾ।


ਉਨ੍ਹਾਂ ਦੱਸਿਆ ਕਿ ਉਪਰੋਕਤ ਮੁਕੱਦਮੇ ਵਿਚ ਕੁਲ 16 ਮੁਲਜ਼ਮ ਹਨ, ਜਿਨ੍ਹਾਂ ਵਿਚੋਂ 6 ਰਾਜ ਕੁਮਾਰ ਵਾਸੀ ਠਠਿਆਲਾ ਮੁਹੱਲਾ ਫਗਵਾੜਾ, ਵੈਲੂਅਰ ਸਤੀਸ਼ ਕੁਮਾਰ ਸ਼ਰਮਾ, ਸੁਭਾਸ਼ ਕੁਮਾਰ ਵਾਸੀ ਮਹਿੰਦਵਾਣੀ ਜ਼ਿਲਾ ਹੁਸ਼ਿਆਰਪੁਰ, ਅਵਤਾਰ ਸਿੰਘ ਵਾਸੀ ਆਸ਼ਾ ਪਾਰਕ ਕਾਲੋਨੀ ਫਗਵਾੜਾ, ਪੰਕਜ ਵਾਸੀ ਮੁਹੱਲਾ ਰਤਨਪੁਰਾ ਫਗਵਾੜਾ ਅਤੇ ਰਜੇਸ਼ ਕੁਮਾਰ ਵਾਸੀ ਮੁਹੱਲਾ ਰਤਨਪੁਰਾ ਫਗਵਾੜਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਬਾਕੀ ਰਹਿੰਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਵਿਜੀਲੈਂਸ ਬਿਊਰੋ ਵਲੋਂ ਭਾਲ ਕੀਤੀ ਜਾ ਰਹੀ ਹੈ, ਜਿਨਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਮਾਮਲਾ ਪੰਜਾਬ ਗ੍ਰਾਮੀਣ ਬੈਂਕ ਤੋਂ ਫਰਜ਼ੀ ਤਰੀਕੇ ਨਾਲ ਜ਼ਮੀਨ ਦੀ ਫਰਜ਼ੀ ਮਾਲਕੀ ਦਿਖਾ ਕੇ ਉਸ ’ਤੇ ਮਕਾਨ ਬਣਾਉਣ ਦਾ ਹੈ। ਵਿਜੀਲੈਂਸ ਅਨੁਸਾਰ ਪਿੰਡ ਚੱਕ ਹਕੀਮ ਨੇੜੇ ਬਣੀ ਭਾਈ ਘਨੱਈਆ ਕਾਲੋਨੀ ਦੇ ਕੁੱਲ ਰਕਬੇ ’ਚੋਂ 8 ਕਨਾਲ 15 ਮਰਲੇ ਜ਼ਮੀਨ ਸੁਖਵਿੰਦਰ ਕੌਰ ਅਟਵਾਲ ਤੇ ਮਨਿੰਦਰ ਕੌਰ ਅਟਵਾਲ ਦੀ ਹੈ। ਇਸ ਦੀ ਦੇਖ-ਰੇਖ ਲਈ ਗੁਰਚਰਨ ਸਿੰਘ ਅਟਵਾਲ ਨੂੰ ਪਾਵਰ ਆਫ਼ ਅਟਾਰਨੀ ਬਣਾਇਆ ਗਿਆ ਜਿਸ ਨੇ ਅੱਗੇ ਰਾਜ ਕੁਮਾਰ ਵਾਸੀ ਠਠਿਆਰਾ ਮੁਹੱਲਾ ਫਗਵਾੜਾ ਨੂੰ ਪਾਵਰ ਆਫ਼ ਅਟਾਰਨੀ ਬਣਾਇਆ ਹੋਇਆ ਸੀ।ਰਾਜ ਕੁਮਾਰ ਪਿਛਲੇ ਕਾਫ਼ੀ ਲੰਬੇ ਸਮੇਂ ਤੱਕ ਫਗਵਾੜਾ ਦੇ ਨਿਵਾਸੀ ਅਵਤਾਰ ਸਿੰਘ ਕੋਲ ਨੌਕਰੀ ਕਰਦਾ ਰਿਹਾ ਸੀ, ਜੋ ਕਿ ਗੁਰਚਰਨ ਸਿੰਘ ਅਟਵਾਲ ਦਾ ਜਾਣਕਾਰ ਵੀ ਸੀ।

 ਜਾਣੋ ਕੀ ਹੈ ਪੂਰਾ ਮਾਮਲਾ  

ਅਵਤਾਰ ਸਿੰਘ ਅਤੇ ਰਾਜ ਕੁਮਾਰ ਨੇ ਇਕ ਸਾਜ਼ਿਸ਼ ਦੇ ਤਹਿਤ ਪਿੰਡ ਚੱਕ ਹਕੀਮ ਦੀ ਭਾਈ ਘਨੱਈਆ ਐਨਕਲੇਵ ਕਾਲੋਨੀ ਦੇ ਕਰੀਬ 101 ਮਰਲੇ ਦੇ ਪਲਾਟ ਨੂੰ ਵੇਚਿਆ ਜਿਸ 'ਚ 74 ਮਰਲੇ ਰਕਬੇ ਦਾ ਮਾਲੀਆ, ਜੋ ਕਿ ਅਸਲ ਵਿਚ ਸੜਕਾਂ ਅਤੇ ਗਲੀਆਂ ਦਾ ਸੀ। ਮੁਲਜ਼ਮਾਂ ਨੇ ਮਾਲ ਇਸ 74 ਮਰਲੇ ਦੀ ਵਿਭਾਗ ਤੋਂ ਜਮ੍ਹਾਬੰਦੀ ਦੀ ਫਰਦ ਲੈ ਲਈ ਜਿਸ ਨੂੰ ਉਨ੍ਹਾਂ ਨੇ ਆਪਣੇ ਜਾਣਕਾਰਾਂ ਦੇ ਨਾਮ ਛੋਟੇ-ਛੋਟੇ ਪਲਾਟ ਵੇਚਣ ਸੰਬੰਧੀ ਇਕਰਾਰਨਾਮੇ ਬਣਾ ਦਿੱਤੇ।ਇਨ੍ਹਾਂ ਇਕਰਾਰਨਾਮਿਆਂ ਨੂੰ ਪੰਜਾਬ ਗ੍ਰਾਮੀਣ ਬੈਂਕ ਦੇ ਮੈਨੇਜਰ ਹਰਭਜਨ ਸਿੰਘ ਕਪੂਰ ਤੇ ਵੈਲਯੂਅਰ ਸਤੀਸ਼ ਕੁਮਾਰ ਬੈਂਕ ਵਿਚ ਕਰਜ਼ ਲਈ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ ਇਨ੍ਹਾਂ ਦੋਸ਼ੀਆਂ ਨੇ ਕਰਜ਼ੇ ਲੈ ਕੇ ਸਰਕਾਰ ਅਤੇ ਬੈਂਕ ਨੂੰ 3.40 ਕਰੋੜ ਰੁਪਏ ਦਾ ਚੂਨਾ ਲਾਇਆ ਗਿਆ।

ਬੁਲਾਰੇ ਨੇ ਦੱਸਿਆ ਕਿ ਇਸੇ ਤਰ੍ਹਾਂ 30 ਜੂਨ 2015 ਨੂੰ ਉਕਤ ਮੁਲਜ਼ਮ ਸਤੀਸ਼ ਝਾਅ ਵਲੋਂ ਡੇਢ ਮਰਲੇ ਦਾ ਪਲਾਟ ਖ਼ਰੀਦ ਕੇ ਇੰਟਕ ਨੰਬਰ ਮਨਜੂਰ ਕਰਵਾ ਲਿਆ। ਫਿਰ ਬੈਂਕ ਮੈਨੇਜਰ ਹਰਭਜਨ ਸਿੰਘ ਕਪੂਰ ਅਤੇ ਵੈਲਯੂਅਰ ਸਤੀਸ਼ ਕੁਮਾਰ ਸ਼ਰਮਾ ਦੀ ਮਿਲੀਭੁਗਤ ਨਾਲ ਪੰਜਾਬ ਗ੍ਰਾਮੀਣ ਬੈਂਕ ਤੋਂ ਨਵਾਂ ਮਕਾਨ ਬਣਾਉਣ ਲਈ ਬੈਂਕ ਤੋਂ 25 ਲੱਖ ਰੁਪਏ ਦਾ ਕਰਜ਼ਾ ਮਨਜੂਰ ਕਰਵਾ ਲਿਆ ਗਿਆ ਸੀ ਜਦਕਿ ਅਸਲ ਵਿਚ ਕੋਈ ਮਕਾਨ ਉਸਾਰਿਆ ਨਹੀਂ ਗਿਆ।
 


author

Harnek Seechewal

Content Editor

Related News