3.09 ਲੱਖ ਰੁਪਏ ਦੀ ਠੱਗੀ ਕਰਨ ਵਾਲੇ 3 ਨੌਸਰਬਾਜ਼ਾਂ ਖ਼ਿਲਾਫ਼ ਮਾਮਲਾ ਦਰਜ

06/08/2020 12:04:11 PM

ਨਵਾਂਸ਼ਹਿਰ (ਤ੍ਰਿਪਾਠੀ)— ਨੌਸਰਬਾਜ਼ਾਂ ਵੱਲੋਂ 25 ਲੱਖ ਰੁਪਏ ਦਾ ਲਾਟਰੀ ਨਿਕਲਣ ਦਾ ਝਾਂਸਾ ਦੇ ਕੇ ਮਹਿਲਾ ਤੋਂ 3.09 ਲੱਖ ਰੁਪਏ ਦੀ ਠੱਗੀ ਕਰਨ ਵਾਲੇ 3 ਵਿਅਕਤੀਆਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਅਮਰਜੀਤ ਕੌਰ ਪਤਨੀ ਹਰਜੀਤ ਸਿੰਘ ਵਾਸੀ ਪਿੰਡ ਰਾਣੇਵਾਲ ਥਾਣਾ ਸਦਰ ਨਵਾਂਸ਼ਹਿਰ ਨੇ ਦੱਸਿਆ ਕਿ ਦਸੰਬਰ 2019 ਨੂੰ ਉਸ ਦੇ ਮੋਬਾਇਲ 'ਤੇ ਫੋਨ ਕਾਲ ਆਈ, ਜਿਸ 'ਚ ਅਣਪਛਾਤੇ ਕਾਲਰ ਨੇ ਉਸ ਨੂੰ ਦੱਸਿਆ ਕਿ ਉਸ ਦੀ 25 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ। ਜਿਸ ਨੂੰ ਲੈਣ ਲਈ ਉਸ ਨੂੰ ਕੁਝ ਰਕਮ ਪਹਿਲਾਂ ਜਮ੍ਹਾ ਕਰਵਾਉਣੀ ਪਵੇਗੀ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਲਾਟਰੀ ਨਿਕਲਣ ਦੀ ਖੁਸ਼ੀ ਦੇ ਚੱਲਦੇ ਉਸ ਨੇ ਬਿਨ੍ਹਾਂ ਕੋਈ ਜਾਣਕਾਰੀ ਹਾਸਲ ਕੀਤੇ ਕਾਲਰ ਵੱਲੋਂ ਦੱਸੇ ਗਏ ਬੈਂਕ ਖਾਤੇ 'ਚ ਵੱਖ-ਵੱਖ ਤਰੀਕਾਂ 'ਤੇ 3,09,370 ਰੁਪਏ ਦੀ ਰਕਮ ਜਮ੍ਹਾ ਕਰਵਾ ਦਿੱਤੀ। ਜਿਸ ਉਪਰੰਤ ਉਪਰੋਕਤ ਕਾਲਰ ਦਾ ਫੋਨ ਬੰਦ ਹੋ ਗਿਆ। ਉਸ ਨੇ ਦੱਸਿਆ ਕਿ ਇਸ ਉਪਰੰਤ ਹੀ ਉਸਨੂੰ ਪਤਾ ਲੱਗਾ ਕਿ ਉਸ ਨਾਲ ਧੋਖਾ ਹੋਇਆ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਉਸ ਨੇ ਆਪਣੀ ਰਕਮ ਵਾਪਸ ਕਰਵਾਉਣ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ।

ਉਪਰੋਕਤ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ.(ਸੀ. ਏ. ਪੀ.) ਵੱਲੋਂ ਕਰਨ ਉਪਰੰਤ ਦਿੱਤੀ ਨਤੀਜਾ ਰਿਪੋਰਟ ਦੇ ਆਧਾਰ 'ਤੇ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ ਅਜੈ ਕੁਮਾਰ ਪੁੱਤਰ ਸੁਰੇਸ਼ ਯਾਦਵ, ਰਾਹੁਲ ਸ਼ਰਮਾ ਪੁੱਤਰ ਸ਼ੰਭੂ ਸ਼ਰਮਾ ਅਤੇ ਅਲਾਊਦੀਨ ਅੰਸਾਰੀ ਤਿੰਨੋਂ ਵਾਸੀ ਬਿਹਾਰ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News