ਰੇਲਵੇ ਦੇ ਫਰਜ਼ੀ ਆਈ ਕਾਰਡ ਬਣਾ ਕੇ ਦੇਣ ਵਾਲੀ ਔਰਤ ਕਾਬੂ, ਕੇਸ ਦਰਜ
Sunday, Apr 28, 2019 - 10:46 AM (IST)
ਜਲੰਧਰ (ਗੁਲਸ਼ਨ)— ਵੀਰਵਾਰ ਨੂੰ ਹੁਸ਼ਿਆਰਪੁਰ ਪੈਸੰਜਰ ਟਰੇਨ ਤੋਂ ਫੜੇ ਗਏ ਦੋ ਨਕਲੀ ਟੀ. ਟੀ. ਈ. ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਜੀ. ਆਰ. ਪੀ. ਨੇ ਪੂਰੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਲੱਖਾਂ ਰੁਪਏ ਲੈ ਕੇ ਨੌਜਵਾਨਾਂ ਨੂੰ ਰੇਲਵੇ ਦਾ ਫਰਜ਼ੀ ਆਈ ਕਾਰਡ ਬਣਾ ਕੇ ਦੇਣ ਵਾਲੀ ਔਰਤ ਅਰਪਣਾ ਪੁੱਤਰੀ ਮਦਨ ਲਾਲ ਵਾਸੀ ਪੁਤਲੀਘਰ ਅੰਮ੍ਰਿਤਸਰ ਮੂਲ ਵਾਸੀ ਜ਼ਿਲਾ ਕਾਂਗੜਾ ਹਿਮਾਚਲ ਪ੍ਰਦੇਸ਼ 'ਤੇ ਧੋਖਾਦੇਹੀ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਔਰਤ ਕੋਲੋਂ ਰੇਲਵੇ ਦਾ ਫਰਜ਼ੀ ਆਈ ਕਾਰਡ, ਜਿਸ ਦੇ ਆਧਾਰ 'ਤੇ ਉਹ ਖੁਦ ਨੂੰ ਪਾਰਸਲ ਕਲਰਕ ਦੱਸਦੀ ਸੀ ਅਤੇ 2 ਮੋਬਾਇਲ ਫੋਨ ਬਰਾਮਦ ਹੋਏ ਹਨ।
ਸ਼ਨੀਵਾਰ ਸ਼ਾਮ ਇਕ ਪ੍ਰੈੱਸ ਕਾਨਫਰੰਸ ਦੌਰਾਨ ਥਾਣਾ ਜੀ. ਆਰ. ਪੀ. ਦੇ ਐੱਸ. ਐੱਚ. ਓ. ਧਰਮਿੰਦਰ ਕਲਿਆਣ ਅਤੇ ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਪੈਸੰਜਰ ਟਰੇਨ ਤੋਂ ਫੜੇ ਗਏ ਦੋਵੇਂ ਨੌਜਵਾਨ ਯਾਤਰੀਆਂ ਨੂੰ ਲੁੱਟਣ ਦੀ ਨੀਅਤ ਨਾਲ ਨਹੀਂ ਸਗੋਂ ਉਨ੍ਹਾਂ ਨੂੰ ਅਰਪਣਾ ਨਾਮਕ ਔਰਤ ਨੇ ਰੇਲਵੇ ਵਿਚ ਪੱਕੀ ਨੌਕਰੀ ਦਾ ਝਾਂਸਾ ਦੇ ਕੇ ਟਰੇਨ ਵਿਚ ਡਿਊਟੀ ਕਰਨ ਭੇਜਿਆ ਸੀ।
ਸੇਵਾ ਰਾਮ ਪੁੱਤਰ ਸ਼ਿੰਗਾਰਾ ਰਾਮ ਵਾਸੀ ਨੂਰਪੁਰ ਜ਼ਿਲਾ ਕਾਂਗੜਾ ਹਿਮਾਚਲ ਪ੍ਰਦੇਸ਼ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਅਰਪਣਾ ਨਾਂ ਦੀ ਔਰਤ ਨੇ ਉਨ੍ਹਾਂ ਦੇ ਲੜਕੇ ਸੁਰਿੰਦਰ ਅਤੇ 2 ਹੋਰ ਨੌਜਵਾਨਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਧੋਖਾਦੇਹੀ ਕੀਤੀ ਹੈ। ਪੁਲਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਅਰਪਣਾ ਦੇ ਖਿਲਾਫ ਧਾਰਾ 420, 465, 467, 468, 471 ਅਤੇ 170 ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕਰ ਲਿਆ। ਪੁਲਸ ਦਾ ਕਹਿਣਾ ਹੈ ਕਿ ਔਰਤ ਨੂੰ ਕੱਲ ਕੋਰਟ ਵਿਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ।
45 ਹਜ਼ਾਰ ਮਹੀਨਾ ਸੈਲਰੀ ਦੱਸ ਕੇ ਨੌਜਵਾਨਾਂ ਨੂੰ ਫਸਾਇਆ
ਸ਼ਾਤਿਰ ਔਰਤ ਅਰਪਣਾ ਨੇ ਤਿੰਨਾਂ ਨੌਜਵਾਨਾਂ ਨੂੰ ਰੇਲਵੇ 'ਚ 45000 ਰੁਪਏ ਮਹੀਨਾ ਨੌਕਰੀ ਮਿਲਣ ਦੀ ਗੱਲ ਕਹਿ ਕੇ ਫਸਾਇਆ ਸੀ। ਉਸ ਨੇ ਯੋਗਰਾਜ ਪੁੱਤਰ ਪੁੰਨੂ ਰਾਮ ਵਾਸੀ ਬਸਤੀ ਦਾਨਿਸ਼ਮੰਦਾਂ ਕੋਲੋਂ 58 ਹਜ਼ਾਰ ਰੁਪਏ, ਸੁਰਿੰਦਰ ਪੁੱਤਰ ਸੇਵਾ ਰਾਮ ਕੋਲੋਂ 3 ਲੱਖ ਅਤੇ ਪੰਕਜ ਉਰਫ ਮਨੂ ਪੁੱਤਰ ਜੀਤ ਸਿੰਘ ਵਾਸੀ ਹਿਮਾਚਲ ਪ੍ਰਦੇਸ਼ ਕੋਲੋਂ 1.50 ਲੱਖ ਲੈ ਕੇ ਉਨ੍ਹਾਂ ਨੂੰ ਨਕਲੀ ਵਰਦੀਆਂ, ਆਈ ਕਾਰਡ, ਨੇਮ ਪਲੇਟਾਂ ਅਤੇ ਜਾਅਲੀ ਅਪੁਆਇੰਟਮੈਂਟ ਲੈਟਰ ਦਿੱਤੇ ਅਤੇ ਕਿਹਾ ਕਿ ਉਨ੍ਹਾਂ ਨੂੰ ਟਿਕਟ ਇਨਕੁਆਰੀ ਦੇ ਤੌਰ 'ਤੇ ਰੇਲਵੇ ਵਿਚ ਭਰਤੀ ਕਰ ਲਿਆ ਗਿਆ ਹੈ, ਜਦੋਂਕਿ ਰੇਲਵੇ 'ਚ ਅਜਿਹੀ ਕੋਈ ਪੋਸਟ ਨਹੀਂ ਹੈ। ਅਜੇ ਦੋ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਕਾਰਡ ਦਿੱਤੇ ਗਏ ਸਨ।
ਨੌਜਵਾਨ ਤੇ ਉਨ੍ਹਾਂ ਦੇ ਪਰਿਵਾਰ ਵਾਲੇ ਸਦਮੇ 'ਚ
ਧੋਖਾਦੇਹੀ ਦਾ ਸ਼ਿਕਾਰ ਹੋਏ ਨੌਜਵਾਨ ਸੁਰਿੰਦਰ, ਯੋਗਰਾਜ, ਪੰਕਜ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਸਦਮੇ ਵਿਚ ਹਨ। ਮਾਪਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਬੱਚਿਆਂ ਨੂੰ ਨੌਕਰੀ ਮਿਲ ਜਾਵੇਗੀ ਤਾਂ ਉਨ੍ਹਾਂ ਦੀ ਜ਼ਿੰਦਗੀ ਬਣ ਜਾਵੇਗੀ। ਇਸ ਚੱਕਰ ਵਿਚ ਇਧਰੋਂ-ਉਧਰੋਂ ਪੈਸੇ ਫੜ ਕੇ ਠੱਗ ਔਰਤ ਨੂੰ ਦਿੱਤੇ ਸਨ ਪਰ ਔਰਤ ਨੇ ਉਨ੍ਹਾਂ ਨਾਲ ਧੋਖਾ ਕੀਤਾ।
ਅਰਪਣਾ ਦੇ ਆਈ ਕਾਰਡ 'ਤੇ ਮੁਹੱਲਾ ਗੋਬਿੰਦਗੜ੍ਹ ਦਾ ਲਿਖਿਆ ਪਤਾ
ਧੋਖਾਦੇਹੀ ਕਰਨ ਵਾਲੀ ਔਰਤ ਅਰਪਣਾ ਪੁੱਤਰੀ ਮਦਨ ਲਾਲ ਕੋਲੋਂ ਬਰਾਮਦ ਹੋਏ ਰੇਲਵੇ ਦੇ ਜਾਅਲੀ ਆਈ ਕਾਰਡ 'ਤੇ ਘਰ ਦਾ ਪਤਾ 1682/14 ਗਲੀ ਨੰਬਰ 2 ਸ਼ਰਮਾ ਮਾਰਕੀਟ ਮੁਹੱਲਾ ਗੋਬਿੰਦਗੜ੍ਹ ਲਿਖਿਆ ਹੋਇਆ ਸੀ। ਪੁਲਸ ਦਾ ਕਹਿਣਾ ਸੀ ਕਿ ਇਸ ਪਤੇ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ। ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਅਰਪਣਾ ਰੇਲਵੇ ਰੋਡ 'ਤੇ ਸਥਿਤ ਇਕ ਗੈਸਟ ਹਾਊਸ ਵਿਚ ਵੀ ਕਾਫੀ ਦਿਨਾਂ ਤੋਂ ਰਹਿ ਰਹੀ ਸੀ।