PCR ਦੀ ਕਾਰਗੁਜ਼ਾਰੀ ਠੁੱਸ: ਇਕ ਹੀ ਰਾਤ ਸ਼ਹਿਰ ਦੀਆਂ 4 ਦੁਕਾਨਾਂ ’ਚ ਚੋਰੀ

05/13/2022 2:39:51 PM

ਜਲੰਧਰ (ਸੁਧੀਰ)– ਸ਼ਹਿਰ ਵਿਚ ਚੋਰਾਂ-ਲੁਟੇਰਿਆਂ ਅਤੇ ਸ਼ੱਕੀ ਲੋਕਾਂ ਦੀ ਨਕੇਲ ਕੱਸਣ ਵਾਲਾ ਪੀ. ਸੀ. ਆਰ. ਦਸਤਾ ਅੱਜਕਲ੍ਹ ਬਿਲਕੁਲ ਸੁਸਤ ਦਿਸ ਰਿਹਾ ਹੈ, ਜਿਸ ਕਾਰਨ ਸ਼ਹਿਰ ਵਿਚ ਚੋਰ-ਲੁਟੇਰੇ ਕਮਿਸ਼ਨਰੇਟ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਦੀ ਪੋਲ ਖੋਲ੍ਹਦਿਆਂ ਕਦੀ ਕਿਸੇ ਦੀ ਸ਼ਰੇਆਮ ਗੱਡੀ ਲੁੱਟ ਰਹੇ ਹਨ ਅਤੇ ਕਦੀ ਕਿਸੇ ਦੇ ਘਰ ਜਾਂ ਦੁਕਾਨ ਦੇ ਤਾਲੇ ਤੋੜ ਕੇ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ, ਜਦਕਿ ਸ਼ਹਿਰ ਵਿਚ 24 ਘੰਟੇ ਪੈਟਰੋਲਿੰਗ ਕਰਨ ਵਾਲੇ ਪੀ. ਸੀ. ਆਰ. ਦੇ ਲਗਭਗ 40 ਮੋਟਰਸਾਈਕਲ ਅਤੇ 14 ਜ਼ੂਲੋ ਗੱਡੀਆਂ ਰਾਤ ਨੂੰ ਬਿਨਾਂ ਵਜ੍ਹਾ ਸੜਕਾਂ ’ਤੇ ਘੁੰਮ ਰਹੇ ਸ਼ੱਕੀ ਲੋਕਾਂ ਦੀ ਨਕੇਲ ਕੱਸਣ ਵਿਚ ਨਾਕਾਮ ਦਿਸ ਰਹੀਆਂ ਹਨ।

ਅਜੇ ਪਿਛਲੀਆਂ ਕਈ ਵਾਰਦਾਤਾਂ ਕਮਿਸ਼ਨਰੇਟ ਪੁਲਸ ਟਰੇਸ ਨਹੀਂ ਕਰ ਪਾ ਰਹੀ ਕਿ ਚੋਰ-ਲੁਟੇਰੇ ਕਮਿਸ਼ਨਰੇਟ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਦੀ ਪੋਲ ਖੋਲ੍ਹਦਿਆਂ ਦੂਜੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਰਹੇ ਹਨ। ਅੱਜ ਵੀ ਬੇਖੌਫ ਚੋਰਾਂ ਨੇ ਕਮਿਸ਼ਨਰੇਟ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਨੂੰ ਖੁੱਲ੍ਹੇਆਮ ਚੁਣੌਤੀ ਦਿੰਦਿਆਂ 4 ਦੁਕਾਨਾਂ ਦੇ ਤਾਲੇ ਤੋਡ਼ ਕੇ ਹਜ਼ਾਰਾਂ ਦੀ ਨਕਦੀ ਅਤੇ ਕੀਮਤੀ ਸਾਮਾਨ ਚੋਰੀ ਕਰ ਲਿਆ।
ਹੈਰਾਨੀ ਦੀ ਗੱਲ ਇਹ ਰਹੀ ਕਿ ਪਹਿਲਾਂ ਇਕ ਦੁਕਾਨ ਅਤੇ ਫਿਰ ਦੂਜੀ ਅਤੇ ਫਿਰ ਕੁਝ ਦੇਰ ਬਾਅਦ ਹੀ ਤੀਜੀ ਅਤੇ ਚੌਥੀ ਵਾਰਦਾਤ ਨੂੰ ਚੋਰਾਂ ਨੇ ਅੰਜਾਮ ਦਿੱਤਾ। ਪੰਜਪੀਰ ਚੌਂਕ ਵਿਚ ਰਾਜਧਾਨੀ ਇਲੈਕਟ੍ਰੀਕਲ ਕੰਪਨੀ ਦੇ ਮਾਲਕ ਹੁਕਮ ਚੰਦ ਮਲਿਕ ਨੇ ਦੱਸਿ ਆ ਕਿ ਬੀਤੀ ਰਾਤ ਦੁਕਾਨ ਬੰਦ ਕਰਕੇ ਗਏ ਸਨ। ਵਰੀਵਾਰ ਸਵੇਰੇ ਜਦੋਂ ਉਹ ਦੁਕਾਨ ’ਤੇ ਆਏ ਤਾਂ ਦੇਖਿਆ ਕਿ ਤਾਲੇ ਟੁੱਟੇ ਪਏ ਸਨ ਅਤੇ ਅੰਦਰ ਸਾਮਾਨ ਖਿੱਲਰਿਆ ਪਿਆ ਸੀ। ਦੁਕਾਨ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਘੋਖੀ ਗਈ ਤਾਂ ਉਸ ਵਿਚ ਸਾਰੀ ਵਾਰਦਾਤ ਕੈਦ ਹੋ ਗਈ।

ਇਹ ਵੀ ਪੜ੍ਹੋ: ਪੰਜਾਬ ਭਰ ’ਚ ਸ਼ੁਰੂ ਹੋਵੇਗੀ ਟਰੈਫਿਕ ਮਾਰਸ਼ਲ ਸਕੀਮ, ਜਾਰੀ ਹੋਈਆਂ ਗਾਈਡਲਾਈਨਜ਼

PunjabKesari

ਦੁਕਾਨ ਦੇ ਮਾਲਕ ਮੁਤਾਬਕ ਚੋਰ ਦੁਕਾਨ ਦੇ ਪਿਛਲੇ ਰਸਤੇ ’ਤੇ ਲੱਗੇ ਖੰਭੇ ’ਤੇ ਰੱਸੀ ਜ਼ਰੀਏ ਉੱਪਰ ਚੜ੍ਹ ਕੇ ਦੁਕਾਨ ਵਿਚ ਦਾਖਲ ਹੋਏ। ਚੋਰ ਦੁਕਾਨ ਦੇ ਗੱਲੇ ਵਿਚੋਂ ਲਗਭਗ 3-4 ਹਜ਼ਾਰ ਰੁਪਏ ਕੱਢ ਕੇ ਲੈ ਗਏ। ਉਨ੍ਹਾਂ ਦੀ ਦੁਕਾਨ ਤੋਂ ਕੁਝ ਦੂਰੀ ’ਤੇ ਹੀ ਰਬੜ ਦੀਆਂ ਮੋਹਰਾਂ ਬਣਾਉਣ ਵਾਲੀ ਦੁਕਾਨ ਦੇ ਵੀ ਤਾਲੇ ਤੋੜ ਕੇ ਚੋਰ ਲਗਭਗ 10 ਹਜ਼ਾਰ ਰੁਪਏ ਦੀ ਨਕਦੀ ਕੱਢ ਕੇ ਲੈ ਗਏ। ਇਸ ਦੇ ਨਾਲ ਹੀ ਇਕ ਹੋਰ ਸੈਨੇਟਰੀ ਦੀ ਦੁਕਾਨ ਵਿਚੋਂ ਵੀ ਚੋਰ ਲਗਭਗ 4500 ਰੁਪਏ ਕੱਢ ਕੇ ਲੈ ਗਏ। ਮਲਿਕ ਨੇ ਦੱਸਿਆ ਕਿ ਇਕ ਹੋਰ ਦੁਕਾਨ ਦੇ ਵੀ ਚੋਰਾਂ ਨੇ ਤਾਲੇ ਤੋੜ ਕੇ ਦੁਕਾਨ ਵਿਚੋਂ ਕੀਮਤੀ ਸਾਮਾਨ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਘਟਨਾ ਸਬੰਧੀ ਥਾਣਾ ਨੰਬਰ 3 ਦੀ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਸੀ. ਸੀ. ਟੀ. ਵੀ. ਫੁਟੇਜ ਵੀ ਸੌਂਪ ਦਿੱਤੀ ਗਈ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ:  ਪੰਜਾਬ ਪੁਲਸ ਅਕੈਡਮੀ 'ਚ ਚੱਲ ਰਹੇ ਡਰੱਗ ਰੈਕੇਟ ਦੇ ਮਾਮਲੇ 'ਚ ਖੁੱਲ੍ਹਣ ਲੱਗੀਆਂ ਪਰਤਾਂ, ਨਿਸ਼ਾਨੇ 'ਤੇ 6 ਹੋਰ ਮੁਲਾਜ਼ਮ

ਫਗਵਾੜਾ ਗੇਟ ’ਚ ਕਈ ਵਾਰ ਹੋ ਚੁੱਕੀਆਂ ਹਨ ਚੋਰੀ ਦੀਆਂ ਵਾਰਦਾਤਾਂ: ਜੁਆਏ ਮਲਿਕ
ਫਗਵਾੜਾ ਗੇਟ ਇਲੈਕਟ੍ਰਾਨਿਕਸ ਐਸੋਸੀਏਸ਼ਨ ਦੇ ਪ੍ਰਧਾਨ ਜੁਆਏ ਮਲਿਕ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਦੌਰਾਨ ਚੋਰਾਂ ਨੇ ਫਗਵਾੜਾ ਗੇਟ ਵਿਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਪ੍ਰਸ਼ਾਸਨ ਤੋਂ ਕਈ ਵਾਰ ਫਗਵਾੜਾ ਗੇਟ ਵਿਚ ਗਸ਼ਤ ਵਧਾਉਣ ਦੀ ਮੰਗ ਕੀਤੀ ਗਈ ਪਰ ਇਸਦੇ ਬਾਵਜੂਦ ਫਗਵਾੜਾ ਗੇਟ ਅਤੇ ਉਸਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਉਨ੍ਹਾਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਤੋਂ ਫਗਵਾੜਾ ਗੇਟ ਅਤੇ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਰਾਤ ਨੂੰ ਪੁਲਸ ਸੁਰੱਖਿਆ ਵਧਾਉਣ ਅਤੇ ਚੋਰ-ਲੁਟੇਰਿਆਂ ਨੂੰ ਕਾਬੂ ਕਰਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਬਿਲਾਸਪੁਰ 'ਚ ਕਬਜ਼ਾ ਛੁਡਾਉਣ ਗਈ ਪੁਲਸ 'ਤੇ ਹੋਈ ਥੱਪੜਾਂ ਦੀ ਬਰਸਾਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News