ਜ਼ਿਮਨੀ ਚੋਣ ’ਚ ਸੁਰਿੰਦਰ ਕੌਰ ਦਾਅਵੇਦਾਰਾਂ ਦੀ ਦੌੜ ’ਚ ਕਾਂਗਰਸ ਦੀ ਟਿਕਟ ਲਈ ਸਭ ਤੋਂ ਮਜ਼ਬੂਤ ਦਾਅਵੇਦਾਰ ਬਣੀ
Thursday, Jun 13, 2024 - 02:02 PM (IST)
ਜਲੰਧਰ (ਚੋਪੜਾ)–ਵੈਸਟ ਵਿਧਾਨ ਸਭਾ ਹਲਕੇ ਵਿਚ 10 ਜੁਲਾਈ ਨੂੰ ਹੋਣ ਵਾਲੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਵਿਚ ਕਾਂਗਰਸ ਵੱਲੋਂ ਟਿਕਟ ਦੇ ਦਾਅਵੇਦਾਰਾਂ ਦੀ ਦੌੜ ’ਚ ਸ਼ਾਮਲ ਜਲੰਧਰ ਨਗਰ ਨਿਗਮ ਦੀ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਸਭ ਤੋਂ ਮੋਹਰੀ ਬਣੀ ਹੋਈ ਹੈ। ਸੁਰਿੰਦਰ ਕੌਰ ਟਕਸਾਲੀ ਕਾਂਗਰਸੀ ਪਰਿਵਾਰ ਨਾਲ ਜੁੜੀ ਹੋਈ ਹੈ ਅਤੇ ਆਪਣੇ ਪਤੀ ਦੇ ਬੇਵਕਤੀ ਦਿਹਾਂਤ ਤੋਂ ਬਾਅਦ ਉਨ੍ਹਾਂ ਨੇ ਉਨ੍ਹਾਂ ਦੀ ਸਿਆਸੀ ਵਿਰਾਸਤ ਸੰਭਾਲੀ ਅਤੇ ਅੱਜ ਉਹ ਇਸ ਮੁਕਾਮ ਨੂੰ ਹਾਸਲ ਕਰ ਸਕੀ ਹੈ। ਪਿਛਲੇ 25 ਸਾਲਾਂ ਤੋਂ ਲਗਾਤਾਰ ਕੌਂਸਲਰ ਦੀ ਚੋਣ ’ਚ ਆਪਣਾ ਪਰਚਮ ਲਹਿਰਾ ਚੁੱਕੀ ਸੁਰਿੰਦਰ ਕੌਰ 5 ਵਾਰ ਕੌਂਸਲਰ ਬਣੀ ਅਤੇ ਉਨ੍ਹਾਂ ਨੇ ਸਿਰਫ਼ ਆਪਣੇ ਵਾਰਡ ਹੀ ਨਹੀਂ, ਸਗੋਂ ਹਲਕੇ ਦੇ ਵਿਕਾਸ ਲਈ ਸਖ਼ਤ ਮਿਹਨਤ ਕੀਤੀ। ਉਨ੍ਹਾਂ ਨੇ ਸਾਲ 1997 ਤੋਂ ਲੈ ਕੇ 2017 ਤਕ ਹਰੇਕ ਚੋਣ ਨੂੰ ਵੱਡੇ ਮਾਰਜਨ ਨਾਲ ਜਿੱਤ ਕੇ ਵਿਰੋਧੀਆਂ ਨੂੰ ਪੂਰੀ ਤਰ੍ਹਾਂ ਨਾਲ ਪਸਤ ਕਰੀ ਰੱਖਿਆ। ਉਹ 2017 ਦੀ ਚੋਣ ਜਿੱਤ ਕੇ ਨਗਰ ਨਿਗਮ ’ਚ ਸੀਨੀਅਰ ਡਿਪਟੀ ਮੇਅਰ ਵਜੋਂ ਸ਼ਹਿਰ ਵਾਸੀਆਂ ਨੂੰ ਆਪਣੀਆਂ ਸੇਵਾਵਾਂ ਦਿੰਦੀ ਰਹੀ ਹੈ। ਸਿਰਫ਼ ਨਗਰ ਨਿਗਮ ਦੀ ਸਿਆਸਤ ਹੀ ਨਹੀਂ, ਸਗੋਂ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪਿਛਲੇ 10 ਸਾਲਾਂ ਤੋਂ ਜਨਰਲ ਸਕੱਤਰ ਵਜੋਂ ਵੀ ਕੰਮ ਕਰਦੀ ਆ ਰਹੀ ਹੈ।
ਇਹ ਵੀ ਪੜ੍ਹੋ- ਆਦਮਪੁਰ ਏਅਰਪੋਰਟ ਦਾ ਨਾਂ ਬਦਲਣ ਨੂੰ ਲੈ ਕੇ ਸੁਨੀਲ ਜਾਖੜ ਨੇ PM ਨਰਿੰਦਰ ਮੋਦੀ ਨੂੰ ਲਿਖੀ ਚਿੱਠੀ
2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰ ਦੇ ਚੋਣ ਪ੍ਰਚਾਰ ਦੀ ਕਮਾਨ ਭਾਵੇਂ ਚੰਨੀ ਨੇ ਆਪਣੇ ਹੱਥਾਂ ਵਿਚ ਲੈ ਰੱਖੀ ਸੀ ਪਰ ਚੰਨੀ ਨੇ ਸਾਰੀ ਭੱਜ-ਦੌੜ ਸੁਰਿੰਦਰ ਕੌਰ ਦੇ ਹੱਥਾਂ ਵਿਚ ਸੌਂਪ ਰੱਖੀ ਸੀ, ਜਿਸ ਸਦਕਾ ਹੀ ਉਨ੍ਹਾਂ ਦੇ ਵਾਰਡ ਤੋਂ ਕਾਂਗਰਸ ਸਭ ਤੋਂ ਵੱਡੀ ਲੀਡ ਹਾਸਲ ਕਰ ਸਕੀ। ਉਥੇ ਹੀ ਹਲਕੇ ਵਿਚ ਚਰਨਜੀਤ ਚੰਨੀ 1550 ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਲੀਡ ਪ੍ਰਾਪਤ ਕਰਨ ਵਿਚ ਸਫ਼ਲ ਰਹੇ। ਵਿਧਾਨ ਸਭਾ ਜ਼ਿਮਨੀ ਚੋਣ ਦੀ ਗੱਲ ਕਰੀਏ ਤਾਂ ਬੇਦਾਗ ਅਤੇ ਸਵੱਛ ਅਕਸ ਅਤੇ ਮਹਿਲਾ ਹੋਣ ਕਾਰਨ ਹਾਈਕਮਾਨ ਦੀ ਨਜ਼ਰ ਵੀ ਸੁਰਿੰਦਰ ਕੌਰ ’ਤੇ ਆ ਕੇ ਟਿਕਦੀ ਹੈ ਅਤੇ ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਜਲੰਧਰ ਵੈਸਟ, ਸੈਂਟਰਲ, ਨਾਰਥ, ਕੈਂਟ, ਕਰਤਾਰਪੁਰ, ਆਦਮਪੁਰ, ਨਕੋਦਰ, ਸ਼ਾਹਕੋਟ ਅਤੇ ਫਿਲੌਰ ਵਿਚ ਕਾਂਗਰਸ ਨੇ ਹਾਲੇ ਤਕ ਇਕ ਵੀ ਮਹਿਲਾ ਨੂੰ ਟਿਕਟ ਨਹੀਂ ਦਿੱਤੀ ਪਰ ਇਸ ਜ਼ਿਮਨੀ ਚੋਣ ਵਿਚ ਕਾਂਗਰਸ ਹਾਈਕਮਾਨ ਮਹਿਲਾ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਨ ਦਾ ਮਨ ਬਣਾ ਰਹੀ ਹੈ ਤਾਂ ਜੋ ਉਪ ਚੋਣ ਦੇ ਬਹਾਨੇ ਜ਼ਿਲ੍ਹੇ ਵਿਚ ਮਹਿਲਾਵਾਂ ਨੂੰ ਵੀ ਪ੍ਰਤੀਨਿਧਤਾ ਦਿੱਤੀ ਜਾ ਸਕੇ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਵਾਰ ਫਿਰ ਚੋਣ ਘਮਸਾਨ: ਜਲੰਧਰ ਵੈਸਟ ਜ਼ਿਮਨੀ ਚੋਣ ’ਚ ਡਟਣਗੀਆਂ ਹੁਣ ਸਾਰੀਆਂ ਸਿਆਸੀ ਧਿਰਾਂ
ਇਸ ਸੰਦਰਭ ਵਿਚ ਸੁਰਿੰਦਰ ਕੌਰ ਨੇ ਕਿਹਾ ਕਿ ਪਾਰਟੀ ਜੇਕਰ ਉਨ੍ਹਾਂ ਨੂੰ ਟਿਕਟ ਦਿੰਦੀ ਹੈ ਤਾਂ ਉਹ ਵਿਸ਼ਵਾਸ ਨਾਲ ਇਸ ਸੀਟ ਨੂੰ ਵੱਡੇ ਮਾਰਜਨ ਨਾਲ ਜਿੱਤ ਕੇ ਕਾਂਗਰਸ ਦੀ ਝੋਲੀ ਵਿਚ ਪਾਵੇਗੀ। ਉਨ੍ਹਾਂ ਕਿਹਾ ਕਿ ਵੈਸਟ ਹਲਕੇ ਵਿਚ ਨਸ਼ਾ, ਲਾਟਰੀ ਅਤੇ ਦੜਾ-ਸੱਟਾ ਸਭ ਤੋਂ ਵੱਡਾ ਮੁੱਦਾ ਹੈ, ਜਿਸ ਕਾਰਨ ਸੈਂਕੜੇ ਘਰ ਬਰਬਾਦ ਹੋ ਚੁੱਕੇ ਹਨ। ਇਸ ਬਰਬਾਦੀ ਦਾ ਸਭ ਤੋਂ ਵੱਡਾ ਸੰਤਾਪ ਮਾਵਾਂ-ਭੈਣਾਂ ਅਤੇ ਬੇਟੀਆਂ ਨੂੰ ਝੱਲਣਾ ਪੈ ਰਿਹਾ ਹੈ। ਸੁਰਿੰਦਰ ਕੌਰ ਨੇ ਕਿਹਾ ਕਿ ਹਲਕੇ ਦੀਆਂ ਮਹਿਲਾਵਾਂ ਬੜੀ ਆਸ ਨਾਲ ਉਨ੍ਹਾਂ ਵੱਲ ਵੇਖ ਰਹੀਆਂ ਹਨ ਕਿਉਂਕਿ ਜੇਕਰ ਕੋਈ ਮਹਿਲਾ ਵਿਧਾਇਕ ਦੇ ਹੱਥਾਂ ਵਿਚ ਹਲਕੇ ਦੀ ਕਮਾਨ ਆਉਂਦੀ ਹੈ ਤਾਂ ਉਹ ਹੀ ਉਨ੍ਹਾਂ ਦੇ ਦਰਦ ਅਤੇ ਜ਼ਖ਼ਮਾਂ ’ਤੇ ਨਸ਼ਾ ਅਤੇ ਹੋਰ ਮਾਫੀਆ ਨੂੰ ਖਤਮ ਕਰ ਕੇ ਮੱਲ੍ਹਮ ਲਗਾ ਸਕਦੀ ਹੈ। ਸੁਰਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਹੀ ਪਾਰਟੀ ਦਾ ਵਫ਼ਾਦਾਰ ਸਿਪਾਹੀ ਰਿਹਾ ਹੈ ਅਤੇ ਉਨ੍ਹਾਂ ਨੇ ਕਦੀ ਵੀ ਕਾਂਗਰਸ ਦੀ ਪਿੱਠ ’ਤੇ ਛੁਰਾ ਨਹੀਂ ਮਾਰਿਆ, ਸਗੋਂ ਪਾਰਟੀ ਦੇ ਹਰੇਕ ਉਤਰਾਅ-ਚੜ੍ਹਾਅ ਵਿਚ ਕਾਂਗਰਸ ਦਾ ਝੰਡਾ ਬੁਲੰਦੀਆਂ ’ਤੇ ਰੱਖਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਪਾਰਟੀ ਉਨ੍ਹਾਂ ਨੂੰ ਜ਼ਿਮਨੀ ਚੋਣ ਲੜਨ ਦਾ ਮੌਕਾ ਪਹਿਲ ਦੇ ਆਧਾਰ ’ਤੇ ਦੇਵੇਗੀ।
ਇਹ ਵੀ ਪੜ੍ਹੋ- ਫਗਵਾੜਾ ਨੇੜੇ ਵੱਡੀ ਘਟਨਾ, 'ਵੰਦੇ ਭਾਰਤ ਐਕਸਪ੍ਰੈੱਸ ਟਰੇਨ' 'ਤੇ ਹੋਇਆ ਪਥਰਾਅ, ਦਹਿਸ਼ਤ 'ਚ ਯਾਤਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।