ਸਰਦ ਮੌਸਮ ’ਚ ਸੰਘਣੀ ਹੁੰਦੀ ਜਾ ਰਹੀ ਹੈ ਕੋਹਰੇ ਦੀ ਚਾਦਰ

11/12/2018 2:26:56 AM

ਫਗਵਾੜਾ,   (ਜਲੋਟਾ)-  ਫਗਵਾੜਾ ਦੇ ਸਰਦ ਮੌਸਮ ਵਿਚ ਹੁਣ ਦਿਨੋਂ  ਦਿਨ ਸੰਘਣੀ  ਹੋਈ  ਕੋਹਰੇ ਦੀ ਚਾਦਰ ਭਿਆਨਕ ਸੜਕ ਹਾਦਸਿਆਂ ਦਾ ਫਿਰ ਕਾਰਨ ਬਣੇਗੀ। ਗੈਰ ਸਰਕਾਰੀ ਸੂਤਰਾਂ ਤੋਂ  ਮਿਲੇ ਅੰਕੜਿਆਂ ਅਨੁਸਾਰ ਫਗਵਾੜਾ ਵਿਚ ਸਾਲ 2014, 2015 ਅਤੇ 2016 ਵਿਚ ਸੰਘਣੇ ਕੋਹਰੇ  ਕਾਰਨ ਨੈਸ਼ਨਲ ਹਾਈਵੇ ਨੰ. 1 ਫਗਵਾੜਾ-ਨਕੋਦਰ ਰੋਡ, ਫਗਵਾੜਾ-ਸਤਨਾਮਪੁਰਾ ਰੋਡ,  ਫਗਵਾੜਾ-ਹੁਸ਼ਿਆਰਪੁਰ ਰੋਡ, ਮੇਨ ਫਗਵਾੜਾ ਬਾਈਪਾਸ ਤੇ ਫਗਵਾੜਾ-ਬੰਗਾ ਰੋਡ ਸਣੇ ਹੋਰ ਲਿੰਕ  ਸੜਕਾਂ ’ਤੇ ਕਈ ਭਿਆਨਕ ਹਾਦਸੇ ਹੋਏ ਹਨ। ਇਨ੍ਹਾਂ ਹਾਦਸਿਆਂ ਵਿਚ ਜਿਥੇ ਸਾਲ 2014  ’ਚ 20  ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਉਥੇ 34 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ।
ਸਾਲ  2015 ਅਤੇ 2016 ਦੀ ਗੱਲ ਕਰੀਏ ਤਾਂ ਇਹ ਅੰਕੜੇ ਹੋਰ ਵੀ ਭਿਆਨਕ ਰਹੇ ਹਨ, ਜਿਥੇ ਸੜਕ  ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 50 ਤੋਂ ਜ਼ਿਆਦਾ ਹੈ ਅਤੇ ਜ਼ਖਮੀ ਹੋਣ ਵਾਲੇ 90 ਤੋਂ  ਜ਼ਿਆਦਾ ਰਹੇ ਹਨ। ਇਸੇ ਤਰ੍ਹਾਂ ਬੀਤੇ ਸਾਲ 2017 ਵਿਚ ਇਸ ਅੰਕੜੇ ਨੇ 60 ਨੂੰ ਪਾਰ ਕਰ  ਲਿਆ ਅਤੇ ਜ਼ਖਮੀਆਂ ਦੀ ਗਿਣਤੀ 100 ਲੋਕਾਂ ਤੋਂ ਜ਼ਿਆਦਾ ਰਹੀ ਹੈ। 
‘ਜਗ ਬਾਣੀ’ ਨਾਲ ਗੱਲਬਾਤ  ਕਰਦੇ ਹੋਏ ਹੋਰ ਲੋਕਾਂ ਨੇ ਕਿਹਾ ਕਿ ਸੰਘਣੇ ਕੋਹਰੇ ਦੇ ਛਾਉਣ ਤੋਂ ਬਾਅਦ ਫਗਵਾੜਾ ਸਥਿਤ  ਨੈਸ਼ਨਲ ਹਾਈਵੇ ਨੰ. 1 ਅਤੇ ਪ੍ਰਮੁੱਖ ਸੜਕਾਂ ’ਤੇ ਕੁਝ ਵੀ ਦਿਖਾਈ ਨਹੀਂ ਦਿੰਦਾ ਹੈ। ਇਸੇ  ਕਾਰਨ ਵਾਹਨਾਂ ਦੇ ਆਪਸ ’ਚ ਟਕਰਾਉਣ ਅਤੇ ਇਸ ਦੀ ਝਪੇਟ ’ਚ ਆ ਕੇ ਸਾਈਕਲ, ਸਕੂਟਰ,  ਮੋਟਰਸਾਈਕਲ ਤੇ ਦੋਪਹੀਆ ਵਾਹਨ ਚਾਲਕਾਂ ਦਾ ਆਉਣਾ ਤੈਅ ਹੈ। ਲੋਕਾਂ ਨੇ ਕਿਹਾ ਕਿ ਸਭ ਤੋਂ  ਜ਼ਿਆਦਾ ਕਹਿਰ ਸੜਕ ’ਤੇ ਚਲਦੇ ਅਤੇ ਇਸੇ  ਨੂੰ ਪਾਰ ਕਰਦੇ ਪੈਦਲ ਰਾਹਗੀਰਾਂ ’ਤੇ ਵਾਪਰਦਾ ਹੈ  ਕਿਉਂਕਿ ਅਨੇਕਾਂ ਮੌਕਿਆਂ ’ਤੇ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਵਿਅਕਤੀ ਨੂੰ ਪਤਾ ਹੀ ਨਹੀਂ  ਚਲਦਾ ਕਿ ਪਿੱਛੋਂ ਵਾਹਨ ਸੜਕ ’ਤੇ ਆ ਰਿਹਾ ਹੈ। ਇਸ ਦੌਰਾਨ ਵਾਹਨ ਚਲਾਉਣ ਵਾਲੇ  ਚਾਲਕਾਂ  ਨੇ ਦੱਸਿਆ ਕਿ ਸੰਘਣੇ ਕੋਹਰੇ ਕਾਰਨ ਸੜਕ ’ਤੇ ਕੁਝ ਵੀ ਪਤਾ ਨਹੀਂ ਲੱਗਦਾ। ਸਰਕਾਰੀ ਅਮਲੇ  ਨੂੰ ਚਾਹੀਦਾ ਹੈ ਕਿ ਸੰਘਣੇ ਕੋਹਰੇ ਦੇ ਮੌਸਮ ਤੋਂ ਪਹਿਲਾਂ ਸੜਕ ਵਿਚ ਸਫੈਦ ਰੰਗ ਦੇ  ਡਿਵਾਈਡਰ ਖਿਚਵਾਉਣ ਅਤੇ ਇਹ ਦੋਵੇਂ ਪਾਸੇ ਇਸ ਤਰ੍ਹਾਂ ਦਰਸਾਏ ਜਾਣ ਜਿਸ ਨਾਲ ਵਾਹਨ ਚਾਲਕ  ਨੂੰ ਵਾਹਨ ਚਲਾਉਂਦੇ ਸਾਫ ਪਤਾ ਚੱਲ ਜਾਏ ਕਿ ਉਹ ਸੜਕ ’ਤੇ ਕਿਥੇ ਹੈ ਅਤੇ ਕਿਸ ਪਾਸੇ ਵਾਹਨ  ਚਲਾ ਰਿਹਾ ਹੈ। ਇਸ ਨਾਲ ਅਜਿਹੇ ਹਾਦਸੇ ਹੋਣੇ ਬੰਦ ਹੋਣਗੇ ਜੋ ਅਕਸਰ ਵਾਹਨ ਦੇ ਅਸੰਤੁਲਿਤ  ਹੋਣ ਦੇ ਬਾਅਦ ਵਾਪਰਦੇ ਹਨ।  ਵਾਹਨ ਚਾਲਕਾਂ ਨੂੰ ਵਾਹਨ ਹੌਲੀ ਰਫਤਾਰ ਨਾਲ ਚਲਾਉਣਾ  ਚਾਹੀਦਾ ਹੈ। ਇਸ ਦੇ ਨਾਲ ਹੀ ਸੜਕ ’ਤੇ ਸਾਰੀਆਂ ਥਾਵਾਂ ’ਤੇ ਉਚਿਤ ਰੋਸ਼ਨੀ ਦਾ ਪ੍ਰਬੰਧ  ਕੀਤਾ ਜਾਣਾ ਚਾਹੀਦਾ ਹੈ, ਜਿਥੇ ਅਕਸਰ ਕੋਹਰਾ ਛਾਇਆ ਰਹਿੰਦਾ ਹੈ। ਲੋਕਾਂ ਨੇ ਕਿਹਾ ਕਿ  ਸਰਕਾਰੀ ਤੰਤਰ ਸੜਕਾਂ ’ਤੇ ਮੌਜੂਦ ਡੂੰਘੇ ਖੱਡਿਆਂ ਨੂੰ ਸਮਾਂ ਰਹਿੰਦੇ ਠੀਕ ਕਰਵਾਉਣ, ਜਿਸ  ਕਾਰਨ ਵਾਹਨ ਚਾਲਕ ਇਸ ਵਿਚ ਨਾ ਫਸੇ ਅਤੇ ਹਾਦਸਾ ਨਾ ਹੋਵੇ।


Related News