ਕੋਰੋਨਾ ਵਾਰਿਸ ਕਾਰਨ ਫਲਾਈਟਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਹੋ ਰਹੀ ਹੈ ਪ੍ਰੇਸ਼ਾਨੀ

03/02/2020 5:08:30 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਚੀਨ ਅਤੇ ਹੋਰਨਾਂ ਦੇਸ਼ਾਂ 'ਚ ਫੈਲੀ ਖਤਰਨਾਕ ਬੀਮਾਰੀ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਹਜ਼ਾਰਾਂ ਲੋਕ ਆਪਣੀ ਜਾਨ ਤੋਂ ਹੱਥ ਧੋ ਚੁੱਕੇ ਹਨ। ਉੱਥੇ ਹੀ ਇਸ ਬੀਮਾਰੀ ਦੇ ਚੱਲਦਿਆਂ ਵੱਖ-ਵੱਖ ਫਲਾਈਟਾਂ ਰੱਦ ਹੋਣ ਕਾਰਨ ਆਮ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੇੜਲੇ ਪਿੰਡ ਮੂਨਕ ਖ਼ੁਰਦ ਦੇ ਸਤਪਾਲ ਸਿੰਘ ਪੁੱਤਰ ਸੇਵਾ ਸਿੰਘ ਮੋਮੀ ਅਤੇ ਉਨ੍ਹਾਂ ਦੀ ਪਤਨੀ ਪੂਜਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੇ ਜਾਪਾਨ ਜਾਣ ਵਾਸਤੇ 1 ਮਾਰਚ ਨੂੰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਫਲਾਈਟ ਫੜਨੀ ਸੀ ਪਰ ਜਦੋਂ ਉਹ ਏਅਰਪੋਰਟ 'ਤੇ ਪਹੁੰਚੇ ਤਾਂ ਇਮਗ੍ਰੇਸ਼ਨ ਅਧਿਕਾਰੀਆਂ ਨੇ ਮੌਕੇ 'ਤੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਕਾਰਨ ਉਨ੍ਹਾਂ ਦੀ ਫਲਾਈਟ ਰੱਦ ਹੋ ਚੁੱਕੀ ਹੈ। ਇਹ ਫਲਾਈਟ ਕਦੋਂ ਜਾਵੇਗੀ, ਇਹ ਵੀ ਅਜੇ ਤੱਕ ਕੋਈ ਸਪੱਸ਼ਟ ਨਹੀਂ ਕੀਤਾ ਗਿਆ।  

ਸਤਪਾਲ ਸਿੰਘ ਨੇ ਦੱਸਿਆ ਕਿ ਉਹ ਕਰੀਬ 3 ਮਹੀਨੇ ਪਹਿਲਾਂ ਜਾਪਾਨ ਤੋਂ ਭਾਰਤ ਆਇਆ ਸੀ। ਹੁਣ ਕਰੀਬ ਤਿੰਨ ਮਹੀਨੇ ਇੱਥੇ ਰਹਿਣ ਤੋਂ ਬਾਅਦ ਵਾਪਸ ਆਪਣੀ ਪਤਨੀ ਸਮੇਤ ਜਾਪਾਨ ਜਾਣ ਵਾਸਤੇ ਕਰੀਬ 91-91 ਹਜ਼ਾਰ ਰੁਪਏ ਖ਼ਰਚ ਕੇ ਟਿਕਟਾਂ ਖਰੀਦੀਆਂ ਸਨ। ਉਹ ਆਪਣੇ ਫਲਾਈਟ ਦੇ ਮਿੱਥੇ ਸਮੇਂ ਅਨੁਸਾਰ ਜਾਪਾਨ ਜਾਣ ਵਾਸਤੇ ਜਦੋਂ 1 ਮਾਰਚ ਨੂੰ ਦਿੱਲੀ ਦੇ ਇੰਟਰਨੈਸ਼ਨਲ ਏਅਰਪੋਰਟ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਫਲਾਈਟ ਕੈਂਸਲ ਹੋ ਚੁੱਕੀ ਹੈ, ਜਿਸ ਕਾਰਨ ਹੁਣ ਉਹ ਵਿਦੇਸ਼ ਨਹੀਂ ਜਾ ਸਕੇ। ਉਨ੍ਹਾਂ ਹੋਰ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਵੀ ਕਈ ਯਾਤਰੀਆਂ ਨੂੰ ਲਗਾਤਾਰ ਫਲਾਈਟਾਂ ਰੱਦ ਹੋਣ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਭਾਰਤ ਸਰਕਾਰ ਇਸ ਵਿਚ ਦਖਲਅੰਦਾਜ਼ੀ ਕਰਕੇ ਇਸ ਤਰ੍ਹਾਂ ਦੇ ਕੋਈ ਬਦਲਵੇਂ ਪ੍ਰਬੰਧ ਕਰੇ, ਜਿਸ ਕਾਰਨ ਵਿਦੇਸ਼ ਜਾਣ ਵਾਲੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।


Anuradha

Content Editor

Related News