ਉੱਚ ਪੱਧਰੀ ਪ੍ਰਸ਼ਾਸਨਿਕ ਰੀਵਿਊ ਮੀਟਿੰਗ: ਸੜਕਾਂ, ਸਰਕਾਰੀ ਜ਼ਮੀਨਾਂ ਦੀ ਵਰਤੋਂ ਸਣੇ ਅਹਿਮ ਕੰਮਾਂ ’ਤੇ ਰਿਪੋਰਟ ਤਲਬ
Saturday, Aug 02, 2025 - 06:42 PM (IST)

ਜਲੰਧਰ (ਪੁਨੀਤ)–ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਪ੍ਰਧਾਨਗੀ ਵਿਚ ਹੋਈ ਉੱਚ ਪੱਧਰੀ ਪ੍ਰਸ਼ਾਸਨਿਕ ਰੀਵਿਊ ਮੀਟਿੰਗ ਵਿਚ ਸੜਕਾਂ ਦੀ ਦੇਖ-ਰੇਖ, ਸਰਕਾਰੀ ਜ਼ਮੀਨਾਂ ਦੀ ਵਰਤੋਂ, ਖਾਲੀ ਪਲਾਟਾਂ ਦੀ ਸਫ਼ਾਈ ਵਰਗੇ ਅਹਿਮ ਕੰਮਾਂ ’ਤੇ ਰਿਪੋਰਟ ਤਲਬ ਕੀਤੀ ਗਈ ਹੈ। ਡੀ. ਸੀ. ਨੇ ਐੱਸ. ਡੀ. ਐੱਮਜ਼ ਸਮੇਤ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਆਪਣੇ-ਆਪਣੇ ਅਧਿਕਾਰ ਖੇਤਰ ਵਿਚ ਖਾਲੀ ਪਈਆਂ ਸਰਕਾਰੀ ਜ਼ਮੀਨਾਂ, ਕਬਜ਼ਾ ਕੀਤੀਆਂ ਗਈਆਂ ਜਾਇਦਾਦਾਂ ਸਮੇਤ ਵਿਕਾਸ ਕੰਮਾਂ ਦੀ ਰਿਪੋਰਟ 10 ਦਿਨਾਂ ਵਿਚ ਪੇਸ਼ ਕਰਨ। ਉਕਤ ਰਿਪੋਰਟ ਦੇ ਆਧਾਰ ’ਤੇ ਤੁਰੰਤ ਪ੍ਰਭਾਵ ਨਾਲ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਅਤੇ ਸਰਕਾਰੀ ਜ਼ਮੀਨਾਂ ਨੂੰ ਜਨਤਾ ਦੀ ਸਹੂਲਤ ਲਈ ਵਰਤਿਆ ਜਾਵੇਗਾ।
ਇਹ ਵੀ ਪੜ੍ਹੋ:ਐਕਸ਼ਨ 'ਚ ਜਲੰਧਰ ਦੀ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ, ਅਧਿਕਾਰੀਆਂ ਨੂੰ ਕਰ 'ਤੇ ਸਖ਼ਤ ਹੁਕਮ ਜਾਰੀ
ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿਚ ਹੋਈ ਇਸ ਮੀਟਿੰਗ ਵਿਚ ਡੀ. ਸੀ. ਨੇ ਐੱਸ. ਡੀ. ਐਮਜ਼ ਨੂੰ ਕਿਹਾ ਕਿ ਰਿਪੋਰਟ ਵਿਚ ਜ਼ਮੀਨ ਦਾ ਸਟੀਕ ਸਥਾਨ, ਏਰੀਆ, ਪੂਰਾ ਵੇਰਵਾ, ਮੌਜੂਦਾ ਕਬਜ਼ੇ ਦੀ ਸਥਿਤੀ ਅਤੇ ਉਸ ਨਾਲ ਸਬੰਧਤ ਕਿਸੇ ਵੀ ਅਦਾਲਤੀ ਮਾਮਲੇ ਬਾਰੇ ਵਿਸਤ੍ਰਿਤ ਜਾਣਕਾਰੀ ਹੋਣੀ ਚਾਹੀਦੀ ਹੈ। ਪਿੰਡਾਂ ਅਤੇ ਸ਼ਹਿਰਾਂ ਦੀ ਸੁੰਦਰਤਾ ਬਣਾਈ ਰੱਖਣ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਉਨ੍ਹਾਂ ਕਿਹਾ ਕਿ ਜਨਤਕ ਵਰਤੋਂ ਲਈ ਸਰਕਾਰੀ ਜ਼ਮੀਨਾਂ ’ਤੇ ਪਾਰਕ ਅਤੇ ਖੇਡ ਗਰਾਊਂਡਾਂ ਦੇ ਅਸਥਾਈ ਨਿਰਮਾਣ ਦੇ ਪ੍ਰਸਤਾਵ ਰੱਖੇ ਜਾਣ ਤਾਂ ਕਿ ਤੁਰੰਤ ਪ੍ਰਭਾਵ ਨਾਲ ਉਸ ’ਤੇ ਫ਼ੈਸਲਾ ਲਿਆ ਜਾ ਸਕੇ। ਉਥੇ ਹੀ 'ਪੰਜਾਬ ਰੋਡ ਕਲੀਨਿੰਗ ਮਿਸ਼ਨ' ਤਹਿਤ ਵੱਖ-ਵੱਖ ਸੀਨੀਅਰ ਅਧਿਕਾਰੀਆਂ ਵੱਲੋਂ ਅਪਣਾਈਆਂ ਗਈਆਂ ਸੜਕਾਂ ਦੇ ਸਬੰਧ ਵਿਚ ਪੇਸ਼ ਰਿਪੋਰਟਾਂ ਦੀ ਸਮੀਖਿਆ ਕੀਤੀ ਗਈ। ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਗੋਦ ਲਈਆਂ ਗਈਆਂ ਸੜਕਾਂ ਦਾ ਨਿੱਜੀ ਤੌਰ ’ਤੇ ਮੁਆਇਨਾ ਕਰਨ ਅਤੇ ਉਨ੍ਹਾਂ ਵਿਚ ਪਾਈਆਂ ਗਈਆਂ ਸਮੱਸਿਆਵਾਂ ਅਤੇ ਹੋਰ ਕਮੀਆਂ ਬਾਰੇ ਸਬੰਧਤ ਵਿਭਾਗ ਨੂੰ ਲਿਖਤੀ ਰੂਪ ਨਾਲ ਸੂਚਿਤ ਕਰਨ।
ਇਹ ਵੀ ਪੜ੍ਹੋ: ਪਟਿਆਲਾ 'ਚ ਰੂਹ ਕੰਬਾਊ ਘਟਨਾ! ਔਰਤ ਦਾ ਬੇਰਹਿਮੀ ਨਾਲ ਕਤਲ
ਵਿਭਾਗਾਂ ਵਿਚਕਾਰ ਆਪਸੀ ਤਾਲਮੇਲ ’ਤੇ ਜ਼ੋਰ ਦਿੰਦੇ ਹੋਏ ਡੀ. ਸੀ. ਨੇ ਕਿਹਾ ਕਿ ਬੀਮਾਰ ਅਤੇ ਬੇਸਹਾਰਾ ਪਸ਼ੂਆਂ ਦੇ ਸਬੰਧ ਵਿਚ ਸ਼ੁਰੂ ਕੀਤੀ ਗਈ ਮੁਹਿੰਮ ’ਤੇ ਵਿਸ਼ੇਸ਼ ਤੌਰ ’ਤੇ ਫੋਕਸ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ 31 ਅਗਸਤ ਤਕ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ਵਿਚ ਪਹੁੰਚਾਉਣ ਅਤੇ ਰਿਪੋਰਟ ਪੇਸ਼ ਕਰਨ ਨੂੰ ਕਿਹਾ ਗਿਆ। ਇਸ ਮੁਹਿੰਮ ਦਾ ਉਦੇਸ਼ ਬੇਸਹਾਰਾ ਅਤੇ ਬੀਮਾਰ ਪਸ਼ੂਆਂ ਦੀ ਉਚਿਤ ਦੇਖ-ਭਾਲ ਯਕੀਨੀ ਬਣਾਉਣ ਦੇ ਨਾਲ-ਨਾਲ ਬੇਸ਼ਕੀਮਤੀ ਮਨੁੱਖੀ ਜ਼ਿੰਦਗੀ ਦੀ ਰੱਖਿਆ ਕਰਨਾ ਹੈ। ਇਸ ਮੁਹਿੰਮ ਨੂੰ ਮਿਸ਼ਨ ਮੋਡ ’ਤੇ ਚਲਾਉਣ, ਜਨ-ਸ਼ਕਤੀ ਵਧਾਉਣ, ਗਊਸ਼ਾਲਾਵਾਂ ਦੀ ਸਮਰੱਥਾ ਵਧਾਉਣ ਅਤੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ।
ਇਹ ਵੀ ਪੜ੍ਹੋ: Punjab: ਆਨਲਾਈਨ ਮੰਗਵਾਇਆ ਸੀ ਕੈਮਰਾ, ਘਰ ਪਹੁੰਚੇ ਆਰਡਰ ਨੂੰ ਜਦ ਖੋਲ੍ਹਿਆ ਤਾਂ...
ਉਨ੍ਹਾਂ ਕਿਹਾ ਕਿ ਜ਼ਖ਼ਮੀ ਅਤੇ ਬੀਮਾਰ ਪਸ਼ੂਆਂ ਦੀ ਉਚਿਤ ਦੇਖਭਾਲ ਲਈ ਜ਼ਿਲਾ ਪ੍ਰਸ਼ਾਸਨ ਨੇ ਇਕ ਵ੍ਹਟਸਐਪ ਨਬਰ 9646-222-555 ਵੀ ਜਾਰੀ ਕੀਤਾ ਹੈ, ਜਿਸ ’ਤੇ ਆਮ ਲੋਕ ਸੰਦੇਸ਼ਾਂ ਜ਼ਰੀਏ ਬੇਸਹਾਰਾ ਪਸ਼ੂਆਂ ਬਾਰੇ ਜਾਣਕਾਰੀ ਸਾਂਝੀ ਕਰ ਸਕਦੇ ਹਨ। ਮੀਟਿੰਗ ਵਿਚ ਏ. ਡੀ. ਸੀ. ਜਸਬੀਰ ਸਿੰਘ, ਸਹਾਇਕ ਕਮਿਸ਼ਨਰ (ਯੂ. ਟੀ.) ਮੁਕੀਲਨ ਆਰ., ਸਕੱਤਰ ਆਰ. ਟੀ. ਏ. ਬਲਬੀਰ ਰਾਜ ਸਿੰਘ, ਆਰ. ਟੀ. ਓ. ਅਮਨਪਾਲ ਸਿੰਘ, ਜੁਆਇੰਟ ਕਮਿਸ਼ਨਰ ਨਗਰ ਨਿਗਮ ਸੁਮਨਦੀਪ ਕੌਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਕੂੜਾ ਨਾ ਹਟਵਾਉਣ ਵਾਲਿਆਂ ’ਤੇ ਹੋਵੇਗੀ ਸਖ਼ਤ ਕਾਰਵਾਈ
ਡੀ. ਸੀ. ਵੱਲੋਂ ਖਾਲੀ ਪਲਾਟਾਂ ਵਿਚੋਂ ਕੂੜਾ ਅਤੇ ਹੋਰ ਰਹਿੰਦ-ਖੂੰਹਦ ਹਟਾਉਣ ਲਈ ਚਲਾਈ ਗਈ ਮੁਹਿੰਮ ਦਾ ਜਾਇਜ਼ਾ ਲੈਂਦੇ ਹੋਏ ਪਲਾਟਾਂ ਦੀ ਸਫਾਈ ਨਾ ਕਰਵਾਉਣ ਵਾਲਿਆਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕਰਨ ਦੇ ਨਿਰਦੇਸ਼ ਿਦੱਤੇ ਗਏ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਨਿਰਧਾਰਿਤ ਸਮਾਂਹੱਦ ਤੋਂ ਬਾਅਦ ਜਿਹੜੇ ਪਲਾਟਾਂ ਦੀ ਸਫਾਈ ਸਰਕਾਰੀ ਵਿਭਾਗਾਂ ਵੱਲੋਂ ਕਰਵਾਈ ਜਾ ਰਹੀ ਹੈ, ਉਨ੍ਹਾਂ ਦੇ ਮਾਲਕਾਂ ਤੋਂ ਸਫਾਈ ਦੇ ਰੂਪ ਵਿਚ ਜੁਰਮਾਨਾ ਵਸੂਲਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮਾਲਕ ਜੁਰਮਾਨਾ ਜਮ੍ਹਾ ਨਹੀਂ ਕਰਵਾਉਂਦਾ ਤਾਂ ਰੈਵੇਨਿਊ ਰਿਕਾਰਡ ਵਿਚ ਰੈੱਡ ਐਂਟਰੀ ਦਰਜ ਕੀਤੀ ਜਾਵੇ। ਡਾ. ਅਗਰਵਾਲ ਨੇ ਕਿਹਾ ਕਿ ਖਾਲੀ ਪਲਾਟਾਂ ਦੀ ਸਫਾਈ ਵਿਚ ਮਦਦ ਚਾਹੁਣ ਵਾਲੇ ਲੋਕ ਪ੍ਰਸ਼ਾਸਨ ਦੇ ਵ੍ਹਟਸਐਪ ਨੰਬਰ ’ਤੇ ਪਲਾਟ ਦਾ ਸਥਾਨ ਅਤੇ ਪਤਾ ਵੀ ਸਾਂਝਾ ਕਰ ਸਕਦੇ ਹਨ ਤਾਂ ਕਿ ਸਮੇਂ ’ਤੇ ਮਦਦ ਯਕੀਨੀ ਬਣਾਈ ਜਾ ਸਕੇ।
ਇਹ ਵੀ ਪੜ੍ਹੋ: ਪੰਜਾਬ 'ਤੇ ਮੰਡਰਾਇਆ ਵੱਡਾ ਖ਼ਤਰਾ! ਡੈਮ 'ਚ ਵਧਿਆ ਪਾਣੀ, ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e