ਫਿਰੋਜ਼ਪੁਰ ਬਾਰਡਰ ਪਾਰੋਂ ਆਈ ਹੈਰੋਇਨ ਦੀ ਸਪਲਾਈ ਦੇਣ ਆਏ 4 ਨੌਜਵਾਨ ਗ੍ਰਿਫ਼ਤਾਰ
03/30/2023 11:44:05 AM

ਜਲੰਧਰ (ਵਰੁਣ, ਮਹੇਸ਼)–ਐਂਟੀ-ਨਾਰਕੋਟਿਕਸ ਸੈੱਲ ਦੀ ਟੀਮ ਨੇ ਮਕਸੂਦਾਂ ਮੰਡੀ ਨੇੜੇ ਨਾਕਾਬੰਦੀ ਦੌਰਾਨ ਫਿਰੋਜ਼ਪੁਰ ਤੋਂ ਹੈਰੋਇਨ ਦੀ ਸਪਲਾਈ ਦੇਣ ਆਏ 4 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਸਵਿਫਟ ਡਿਜ਼ਾਇਰ ਗੱਡੀ ਵਿਚ ਆਏ ਸਨ। ਮੁਲਜ਼ਮਾਂ ਨੇ ਮੰਨਿਆ ਕਿ ਉਹ ਫਿਰੋਜ਼ਪੁਰ ਬਾਰਡਰ ਪਾਰੋਂ ਹੈਰੋਇਨ ਮੰਗਵਾਉਣ ਵਾਲੇ ਸਮੱਗਲਰਾਂ ਤੋਂ ਹੈਰੋਇਨ ਖ਼ਰੀਦਦੇ ਸਨ ਅਤੇ ਫਿਰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਸਪਲਾਈ ਕਰਦੇ ਸਨ। ਮੁਲਜ਼ਮਾਂ ਨੇ ਇਹ ਵੀ ਮੰਨਿਆ ਕਿ ਆਰਥਿਕ ਹਾਲਤ ਖ਼ਰਾਬ ਹੋਣ ਕਾਰਨ ਉਹ ਜਲਦ ਪੈਸਾ ਕਮਾਉਣ ਦੇ ਚੱਕਰ ਵਿਚ ਨਸ਼ਾ ਵੇਚ ਰਹੇ ਸਨ।
ਇਹ ਵੀ ਪੜ੍ਹੋ : ਜਲੰਧਰ: ਵਿਆਹ ਸਮਾਗਮ 'ਚ ਗਿਆ ਸੀ ਪਰਿਵਾਰ, ਵਾਪਸ ਆਏ ਤਾਂ ਪੁੱਤ ਨੂੰ ਇਸ ਹਾਲ ਵੇਖ ਉੱਡੇ ਹੋਸ਼
ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਅਤੇ ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਸੈੱਲ ਦੇ ਇੰਚਾਰਜ ਇੰਦਰਜੀਤ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਆਪਣੀ ਟੀਮ ਸਮੇਤ ਮਕਸੂਦਾਂ ਮੰਡੀ ਨੇੜੇ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਸਵਿਫਟ ਡਿਜ਼ਾਇਰ ਗੱਡੀ ਵਿਚ ਸਵਾਰ 4 ਨੌਜਵਾਨਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਖ਼ੁਦ ਦੇ ਨਾਂ ਅਮਰਜੀਤ ਸਿੰਘ ਉਰਫ਼ ਪੰਮਾ ਪੁੱਤਰ ਰੂਪ ਲਾਲ, ਸਾਜਨ ਪੁੱਤਰ ਸ਼ਾਮ ਲਾਲ, ਅਮਨ ਪੁੱਤਰ ਸਾਰਜ ਅਤੇ ਸੰਨੀ ਪੁੱਤਰ ਚੰਨਾ ਸਾਰੇ ਵਾਸੀ ਬਸਤੀ ਸ਼ੇਖ ਫਿਰੋਜ਼ਪੁਰ ਦੱਸੇ। ਸ਼ੱਕ ਪੈਣ ’ਤੇ ਪੁਲਸ ਨੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਤੋਂ ਅੱਧਾ ਕਿਲੋ ਹੈਰੋਇਨ ਬਰਾਮਦ ਹੋਈ, ਜਿਸ ਦੀ ਕੀਮਤ ਢਾਈ ਕਰੋੜ ਰੁਪਏ ਦੇ ਲਗਭਗ ਦੱਸੀ ਜਾ ਰਹੀ ਹੈ। ਜਾਂਚ ਵਿਚ ਪਤਾ ਲੱਗਾ ਕਿ ਮੁਲਜ਼ਮ ਬਾਰਡਰ ਪਾਰੋਂ ਆਉਣ ਵਾਲੀ ਹੈਰੋਇਨ ਦੀ ਸਪਲਾਈ ਦੇਣ ਆਏ ਸਨ।
ਚਾਰੋਂ ਮੁਲਜ਼ਮ ਦਿਹਾੜੀ ਦਾ ਕੰਮ ਕਰਦੇ ਸਨ, ਜੋ ਇਕ ਹੀ ਮੁਹੱਲੇ ਦੇ ਹਨ ਅਤੇ ਆਰਥਿਕ ਹਾਲਤ ਸੁਧਾਰਨ ਲਈ ਉਹ ਘੱਟ ਸਮੇਂ ਵਿਚ ਜ਼ਿਆਦਾ ਪੈਸੇ ਕਮਾਉਣ ਦੇ ਚੱਕਰ ਵਿਚ ਹੈਰੋਇਨ ਵੇਚਣ ਲੱਗੇ। ਮੁਲਜ਼ਮਾਂ ਦੇ ਮੋਬਾਇਲ ਵੀ ਪੁਲਸ ਨੇ ਜ਼ਬਤ ਕਰ ਲਏ ਹਨ। ਦੱਸਿਆ ਜਾ ਰਿਹਾ ਹੈ ਕਿ ਚਾਰੋਂ ਮੁਲਜ਼ਮ ਪਹਿਲੀ ਵਾਰ ਜਲੰਧਰ ਵਿਚ ਸਪਲਾਈ ਦੇਣ ਆਏ ਸਨ ਪਰ ਫੜੇ ਗਏ। ਮੁਲਜ਼ਮ ਜਿੰਨੀ ਵੀ ਹੈਰੋਇਨ ਵੇਚ ਕੇ ਕਮੀਸ਼ਨ ਲੈਂਦੇ ਸਨ, ਉਹ ਆਪਸ ਵਿਚ ਵੰਡ ਲੈਂਦੇ ਸਨ। ਪੁਲਸ ਨੇ ਸਾਰੇ ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : 3 ਮਹੀਨਿਆਂ ਬਾਅਦ ਪੰਜਾਬ ਪਰਤੀ ਮਸਕਟ ’ਚ ਫਸੀ ਸਵਰਨਜੀਤ ਕੌਰ, ਸੁਣਾਈ ਹੱਡਬੀਤੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।