ਕੱਪਡ਼ਿਆਂ ਦੀ ਦੁਕਾਨ ’ਚ ਲੱਗੀ ਅੱਗ, ਮਾਲਕ ਝੁਲਸਿਆ

12/10/2018 2:50:26 AM

ਹੁਸ਼ਿਆਰਪੁਰ,(ਘੁੰਮਣ)- ਅੱਜ ਦੁਪਹਿਰੇ 1.15 ਵਜੇ ਦੇ ਕਰੀਬ ਇਥੇ ਜਲੰਧਰ ਰੋਡ ’ਤੇ ਪੰਜਾਬ ਨੈਸ਼ਨਲ ਬੈਂਕ ਦੀ ਮੇਨ ਬ੍ਰਾਂਚ ਸਾਹਮਣੇ ਸਥਿਤ ਰਮੇਸ਼ ਸਿਲਕ ਸਟੋਰ ’ਚ ਭਿਆਨਕ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਸਟਾਕ ਅੱਗ ਦੀ ਭੇਟ ਚਡ਼੍ਹ ਗਿਆ। ਇਸ ਅਗਨੀ ਕਾਂਡ ’ਚ ਦੁਕਾਨ ਦਾ ਮਾਲਕ ਰਮੇਸ਼ ਅਰੋਡ਼ਾ ਵੀ ਝੁਲਸ ਗਿਆ। 
ਪ੍ਰਾਪਤ ਜਾਣਕਾਰੀ ਮੁਤਾਬਕ ਦੁਕਾਨ ਦੀ ਤੀਜੀ ਮੰਜ਼ਿਲ ’ਤੇ ਜਨਰੇਟਰ ਦੀ ਰਿਪੇਅਰ ਚੱਲ ਰਹੀ ਸੀ। ਇਸ ਦੌਰਾਨ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਸਬ-ਫਾਇਰ ਅਫ਼ਸਰ ਜਸਵੰਤ ਸਿੰਘ ਦੀ ਅਗਵਾਈ ’ਚ ਫਾਇਰ ਕਰਮਚਾਰੀਆਂ ਸ਼ੁਭਮ, ਹਰਵਿੰਦਰ ਸਿੰਘ, ਈਸ਼ਵਰ ਸੈਣੀ ਅਤੇ ਰਣਜੀਤ ਕੁਮਾਰ ਨੇ 3 ਫਾਇਰ ਟੈਂਡਰਾਂ ਦੀ ਮਦਦ ਨਾਲ ਬਡ਼ੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ ਪਰ ਇਸ ਦੌਰਾਨ ਦੁਕਾਨ ਦੀ ਪਹਿਲੀ ਤੇ ਦੂਜੀ ਮੰਜ਼ਿਲ ’ਤੇ ਪਿਆ ਲੱਖਾਂ ਰੁਪਏ ਦਾ ਕੀਮਤੀ ਸੂਟਾਂ ਦਾ ਸਟਾਕ ਸਡ਼ ਕੇ  ਸੁਆਹ ਹੋ ਗਿਆ। ਸਟਾਕ ਬਚਾਉਣ ਦੀ ਜੱਦੋਜਹਿਦ ਵਿਚ ਦੁਕਾਨ ਮਾਲਕ ਰਮੇਸ਼ ਅਰੋਡ਼ਾ ਬੁਰੀ ਤਰ੍ਹਾਂ ਅੱਗ ’ਚ ਝੁਲਸ ਗਏ। ਮੌਕੇ ’ਤੇ ਪਹੁੰਚੇ ਕੌਂਸਲਰ ਸੁਰੇਸ਼ ਭਾਟੀਆ ਬਿੱਟੂ  ਫੌਰੀ ਤੌਰ ’ਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਲੈ ਗਏ। ਹਾਲਾਂਕਿ ਉਨ੍ਹਾਂ ਦਾ ਚਿਹਰਾ ਅਤੇ ਸਰੀਰ ਦਾ ਉੱਪਰੀ ਹਿੱਸਾ 25-30 ਫੀਸਦੀ ਸਡ਼ ਗਿਆ ਹੈ ਪਰ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਹੈ। ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਅਤੇ ਮੇਅਰ ਸ਼ਿਵ ਸੂਦ ਵੀ ਮੌਕੇ ’ਤੇ ਪਹੁੰਚੇ ਅਤੇ ਨੁਕਸਾਨ ਦਾ ਜਾਇਜ਼ਾ ਲਿਆ।
ਫਾਇਰ ਕਰਮਚਾਰੀਆਂ ਨੇ ਫੌਰੀ ਕਾਰਵਾਈ ਕਰਦਿਆਂ ਆਸ-ਪਾਸ ਦੀਆਂ ਦੁਕਾਨਾਂ ਨੂੰ ਸੁਰੱਖਿਅਤ ਬਚਾ ਲਿਆ। 
ਅੱਗ ’ਚ ਸੜੇ ਸਟਾਕ ਅਤੇ ਫਰਨੀਚਰ ਦੇ ਨੁਕਸਾਨ ਦਾ ਕਰੀਬ 50 ਲੱਖ ਰੁਪਏ ਅਨੁਮਾਨ ਲਾਇਆ ਜਾ ਰਿਹਾ ਹੈ।


Related News