ਸ਼ਿਕਾਇਤ ਦੇਣ ਦੇ 31 ਮਹੀਨਿਆਂ ਬਾਅਦ ਪਤਨੀ ਅਤੇ ਸਾਲੀ ’ਤੇ FIR ਹੋਈ ਦਰਜ
Saturday, Feb 10, 2024 - 05:53 PM (IST)
ਜਲੰਧਰ (ਵਰੁਣ)–ਡੀ. ਸੀ. ਆਫਿਸ ਵਿਚ ਐੱਸ. ਐੱਲ. ਏ. ਸੀ. ਬ੍ਰਾਂਚ ਦੇ ਜੂਨੀਅਰ ਸਹਾਇਕ ਅਤੇ ਦੰਗਾ ਪੀੜਤ ਬ੍ਰਾਂਚ ਦਾ ਵਾਧੂ ਚਾਰਜ ਸੰਭਾਲਣ ਵਾਲੇ ਗੁਰਪਾਲ ਸਿੰਘ ਨਾਲ ਉਨ੍ਹਾਂ ਦੇ ਆਫਿਸ ਵਿਚ ਜਾ ਕੇ ਝਗੜਾ ਕਰਨ, ਸਰਕਾਰੀ ਰਿਕਾਰਡ ਨੂੰ ਨੁਕਸਾਨ ਪਹੁੰਚਾਉਣ ਅਤੇ ਸਰਕਾਰੀ ਕੰਮਕਾਜ ’ਚ ਅੜਿੱਕਾ ਪਾਉਣ ਦੇ ਦੋਸ਼ਾਂ ਵਿਚ ਉਨ੍ਹਾਂ ਦੀ ਪਤਨੀ ਅਤੇ ਸਾਲੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਐੱਫ. ਆਈ. ਆਰ. ਸ਼ਿਕਾਇਤ ਦੇਣ ਦੇ 31 ਮਹੀਨੇ ਬੀਤ ਜਾਣ ਤੋਂ ਬਾਅਦ ਦਰਜ ਕੀਤੀ ਗਈ ਹੈ।
ਫਿਲਹਾਲ ਅਜੇ ਇਸ ਮਾਮਲੇ ਵਿਚ ਦੋਵਾਂ ਭੈਣਾਂ ਵਿਚੋਂ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋ ਸਕੀ। 28 ਜੁਲਾਈ 2021 ਨੂੰ ਗੁਰਪਾਲ ਸਿੰਘ ਪੁੱਤਰ ਇੰਦਰ ਸਿੰਘ ਨਿਵਾਸੀ ਗਰੀਨ ਪਾਰਕ ਨੇ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਸੀ ਕਿ 28 ਜੁਲਾਈ 2021 ਨੂੰ ਜਦੋਂ ਉਹ ਦੰਗਾ ਪੀੜਤ ਬ੍ਰਾਂਚ ਵਿਚ ਬੈਠ ਕੇ ਆਪਣਾ ਕੰਮ ਕਰ ਰਿਹਾ ਸੀ ਤਾਂ ਉਸਦੀ ਪਤਨੀ ਜੋਤੀ ਪੁੱਤਰੀ ਚਰਨਜੀਤ ਸਿੰਘ ਨਿਵਾਸੀ ਭੁੱਲਰ ਐਨਕਲੇਵ ਆਪਣੀ ਭੈਣ ਅਲਕਾ ਨਾਲ ਆਈ, ਜਿਨ੍ਹਾਂ ਨੇ ਆਫਿਸ ਵਿਚ ਆਉਂਦੇ ਹੀ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਸਰਕਾਰੀ ਰਿਕਾਰਡ ਨੂੰ ਚੁੱਕ ਕੇ ਖੁਰਦ-ਬੁਰਦ ਕਰਨਾ ਅਤੇ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਦੋਵਾਂ ਨੇ ਉਸ (ਗੁਰਪਾਲ ਸਿੰਘ) ’ਤੇ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਕਿਸੇ ਤਰ੍ਹਾਂ ਉਸਨੇ ਆਪਣਾ ਬਚਾਅ ਕੀਤਾ। ਦੋਸ਼ ਹੈ ਕਿ ਗੁਰਪਾਲ ਸਿੰਘ ਦੀ ਨੌਕਰੀ ਨੂੰ ਨੁਕਸਾਨ ਪਹੁੰਚਾਉਣ ਲਈ ਦੋਵਾਂ ਭੈਣਾਂ ਨੇ ਸਰਕਾਰੀ ਰਿਕਾਰਡ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਝਗੜੇ ਦੀ ਵੀਡੀਓ ਵੀ ਵਾਇਰਲ ਹੋਈ ਸੀ।
ਗੁਰਪਾਲ ਸਿੰਘ ਨੇ ਸ਼ਿਕਾਇਤ ਵਿਚ ਕਿਹਾ ਸੀ ਕਿ ਜੋਤੀ ਨਾਲ ਉਸਦਾ ਵਿਆਹ ਦਸੰਬਰ 2019 ਨੂੰ ਹੋਇਆ ਸੀ ਪਰ ਵਿਆਹ ਤੋਂ ਬਾਅਦ ਝਗੜਾ ਸ਼ੁਰੂ ਹੋ ਗਿਆ ਅਤੇ ਜੋਤੀ ਸਾਮਾਨ ਲੈ ਕੇ ਵਾਪਸ ਪੇਕੇ ਚਲੀ ਗਈ। ਨਵੰਬਰ 2020 ਨੂੰ ਵੀ ਗੁਰਪਾਲ ਸਿੰਘ ਨੇ ਆਪਣੀ ਪਤਨੀ, ਸਾਲੀ ਅਲਕਾ ਅਤੇ ਸੱਸ ਖ਼ਿਲਾਫ਼ ਪੁਲਸ ਕਮਿਸ਼ਨਰ ਆਫਿਸ ਵਿਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਮਾਮਲਾ ਮਹਿਲਾ ਥਾਣੇ ਨੂੰ ਮਾਰਕ ਹੋਇਆ ਸੀ ਅਤੇ ਉਦੋਂ ਉਨ੍ਹਾਂ ਦਾ ਆਪਸੀ ਰਾਜ਼ੀਨਾਮੇ ਨਾਲ ਤਲਾਕ ਹੋ ਗਿਆ ਪਰ ਉਸਦੇ ਬਾਵਜੂਦ ਜੋਤੀ ਨੂੰ ਖਰਚੇ ਦਾ ਸਿਵਲ ਕੋਰਟ ਵਿਚ ਕੇਸ ਲਾ ਦਿੱਤਾ, ਜੋ ਅਜੇ ਵੀ ਵਿਚਾਰ ਅਧੀਨ ਹੈ। ਡੀ. ਸੀ. ਆਫਿਸ ਅੰਦਰ ਹੋਏ ਇਸ ਝਗੜੇ ਦੀ ਜਾਂਚ ਲੰਮੇ ਸਮੇਂ ਤਕ ਚੱਲੀ, ਜਿਸ ਤੋਂ ਬਾਅਦ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਜਾਂਚ ਪੂਰੀ ਹੋਣ ਤੋਂ ਬਾਅਦ ਜੋਤੀ ਅਤੇ ਉਸਦੀ ਭੈਣ ਅਲਕਾ ਖ਼ਿਲਾਫ਼ ਐੱਫ. ਆਈ. ਆਰ. ਨੰਬਰ 20, ਆਈ. ਪੀ. ਸੀ. ਦੀ ਧਾਰਾ 186, 353, 204, 120-ਬੀ ਅਤੇ 506 ਅਧੀਨ ਕੇਸ ਦਰਜ ਕਰ ਲਿਆ। ਥਾਣਾ ਨਵੀਂ ਬਾਰਾਦਰੀ ਦੇ ਇੰਚਾਰਜ ਜਸਪਾਲ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿਚ ਕਈ ਅਧਿਕਾਰੀਆਂ ਨੇ ਜਾਂਚ ਕੀਤੀ। ਫਿਲਹਾਲ ਅਜੇ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਨੋਟ-ਇਸ ਖਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।