ਵਿਦੇਸ਼ ਬੈਠਾ ਪਤੀ ਤੇ ਸਹੁਰਾ ਕਰਦੇ ਸਨ ਦਾਜ ਦੀ ਮੰਗ, ਕੇਸ ਦਰਜ
Tuesday, Nov 26, 2024 - 02:07 PM (IST)
ਜਲੰਧਰ (ਕਸ਼ਿਸ਼) : ਦਾਜ ਦੀ ਮੰਗ ਕਰਨ ’ਤੇ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਵਿਚ ਪਤੀ ਤੇ ਸਹੁਰੇ ਖ਼ਿਲਾਫ਼ ਮਹਿਲਾ ਪੁਲਸ ਥਾਣੇ ਵਿਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਕਮਿਸ਼ਨਰ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਰਾਜਵਿੰਦਰ ਕੌਰ ਪੁੱਤਰੀ ਬਲਬੀਰ ਸਿੰਘ ਨਿਵਾਸੀ ਲੰਮਾ ਪਿੰਡ ਜਲੰਧਰ ਨੇ ਦੋਸ਼ ਲਾਏ ਕਿ ਉਸ ਦਾ ਵਿਆਹ ਪ੍ਰਭਜੋਤ ਸਿੰਘ ਪੁੱਤਰ ਕਰਮਜੀਤ ਸਿੰਘ ਨਿਵਾਸੀ ਉਪਕਾਰ ਨਗਰ ਜਲੰਧਰ ਨਾਲ ਨਵੰਬਰ 2023 ਵਿਚ ਹੋਇਆ ਸੀ। ਉਸ ਦੇ ਪਿਤਾ ਨੇ ਆਪਣੀ ਹੈਸੀਅਤ ਤੋਂ ਵਧ ਕੇ ਮੇਰਾ ਵਿਆਹ ਕੀਤਾ ਸੀ। ਵਿਆਹ ਦੇ ਕੁੱਝ ਦਿਨਾਂ ਬਾਅਦ ਹੀ ਮੇਰਾ ਸਹੁਰਾ ਕਰਮਜੀਤ ਸਿੰਘ ਅਤੇ ਪਤੀ ਪ੍ਰਭਜੋਤ ਸਿੰਘ ਮੈਨੂੰ ਦਾਜ ਲਈ ਤਾਅਨੇ ਮਾਰਨ ਲੱਗੇ।
ਉਸ ਦਾ ਪਤੀ ਕੁੱਝ ਦਿਨਾਂ ਬਾਅਦ ਸਪੇਨ ਚਲਾ ਗਿਆ ਅਤੇ ਉਥੋਂ ਉਸ ਨੇ ਆਸਟ੍ਰੇਲੀਆ ਜਾਣਾ ਸੀ, ਜਿਸ ਕਾਰਨ ਉਸ ਦੀ ਸੱਸ ਤੇ ਸਹੁਰੇ ਨੇ ਉਸ ’ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਆਪਣੇ ਮਾਤਾ-ਪਿਤਾ ਤੋਂ 5 ਲੱਖ ਰੁਪਏ ਲਿਆਵੇ, ਨਹੀਂ ਤਾਂ ਉਹ ਉਸ ਦਾ ਘਰ ਨਹੀਂ ਵਸਣ ਦੇਣਗੇ। ਮੰਗ ਨੂੰ ਪੂਰਾ ਨਾ ਕਰਨ ’ਤੇ ਉਸ ਨਾਲ ਕੁੱਟਮਾਰ ਕਰ ਕੇ ਘਰੋਂ ਕੱਢ ਦਿੱਤਾ ਗਿਆ। ਉਸ ਦਾ ਪਤੀ ਪ੍ਰਭਜੋਤ ਸਿੰਘ ਵਿਦੇਸ਼ ਤੋਂ ਫੋਨ ਕਰ ਕੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ। ਉਕਤ ਸ਼ਿਕਾਇਤ ਦੀ ਜਾਂਚ ਮਹਿਲਾ ਪੁਲਸ ਥਾਣੇ ਦੇ ਐੱਸ. ਆਈ. ਹਰਜੀਤ ਸਿੰਘ ਨੇ ਕੀਤੀ, ਜਿਸ ਦੇ ਆਧਾਰ ’ਤੇ ਮਹਿਲਾ ਪੁਲਸ ਥਾਣੇ ਵਿਚ ਵਿਦੇਸ਼ ਵਿਚ ਰਹਿੰਦੇ ਪਤੀ ਪ੍ਰਭਜੋਤ ਸਿੰਘ ਅਤੇ ਸਹੁਰੇ ਕਰਮਜੀਤ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।