ਮਹਿਲਾ ਏਜੰਟ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ

Friday, Nov 02, 2018 - 01:49 AM (IST)

 ਨਵਾਂਸ਼ਹਿਰ,   (ਤ੍ਰਿਪਾਠੀ,ਮਨੋਰੰਜਨ)-  ਦੁਬਈ ’ਚ ਹਾਊਸ ਮੇਡ ਦੇ ਵਰਕ ਪਰਮਿਟ ’ਤੇ ਭੇਜਣ ਦਾ ਝਾਂਸਾ ਦੇ ਕੇ 70 ਹਜ਼ਾਰ ਰੁਪਏ ਦੀ ਠੱਗੀ ਕਰਨ  ਦੇ ਦੋਸ਼ਾਂ ਹੇਠ ਮਹਿਲਾ ਏਜੰਟ  ਖਿਲਾਫ਼ ਪੁਲਸ ਨੇ  ਧੋਖਾਦੇਹੀ ਦਾ ਮਾਮਲਾ ਦਰਜ ਕੀਤਾ  ਹੈ।
 ਡੀ.ਆਈ.ਜੀ. ਲੁਧਿਆਣਾ ਰੇਂਜ ਨੂੰ ਦਿੱਤੀ  ਸ਼ਿਕਾਇਤ ’ਚ ਇਕ ਵਿਧਵਾ ਅੌਰਤ ਨੇ ਦੱਸਿਆ ਕਿ ਉਸ ਨੇ ਸੋਨੀ ਨਾਮ ਦੀ ਏਜੰਟ ਨਾਲ ਦੁਬਈ ’ਚ ਹਾਊਸ ਮੇਡ ਦੇ ਵਰਕ ਪਰਮਿਟ ’ਤੇ ਭੇਜਣ ਦੀ ਗੱਲ ਹੋਈ ਸੀ ਜਿਸ ਨੇ ਉੱਥੇ ਭੇਜਣ ਦੇ ਲਈ 90 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ ਪਰ ਉਸ ਦਾ ਸੌਦਾ 70 ਹਜ਼ਾਰ ਵਿਚ ਤੈਅ ਹੋਇਆ। ਉਸ ਨੇ ਦੱਸਿਆ ਕਿ ਉਕਤ ਏਜੰਟ ਨੇ ਉਸ ਨੂੰ ਕਰਾਰ ਦੇ ਮੁਤਾਬਿਕ ਦਿੱਲੀ ਤੋਂ ਦੁਬਈ ਦੇ ਲਈ ਏਅਰਪੋਰਟ ਤੋਂ ਭੇਜ ਦਿੱਤਾ। ਉੱਥੇ ਇਕ ਵਿਅਕਤੀ ਉਸ ਨੂੰ ਕਾਰ ਵਿਚ ਇਕ ਦਫਤਰ ’ਚ ਲੈ ਗਿਆ ਜਿੱਥੇ ਅਮੀਨਾ ਨਾਮ ਦੀ ਅੌਰਤ  ਨੇ ਉਸ ਨੂੰ ਰਿਸੀਵ ਕੀਤਾ। ਉਸ ਅੌਰਤ ਨੇ ਉਸ ਦਾ ਪਾਸਪੋਰਟ ਤੇ ਮੋਬਾਇਲ  ਆਪਣੇ ਕਬਜ਼ੇ ’ਚ ਲੈ ਲਿਆ। ਜਿਸ ਕਮਰੇ ’ਚ ਉਸ ਨੂੰ  ਰੱਖਿਆ ਗਿਆ ਸੀ ਉਸ ਕਮਰੇ ’ਚ ਹੋਰ 15-20 ਅੌਰਤਾਂ ਨੂੰ ਪਹਿਲਾਂ ਹੀ ਬੰਦੀ ਬਣਾਇਆ ਹੋਇਆ ਸੀ।
ਉਸ ਨੇ ਦੱਸਿਆ ਕਿ ਉਕਤ ਏਜੰਟ ਦੇ ਤਾਰ  ਦੇਹ ਵਪਾਰ ਦੇ ਸਰਗਨਾ ਦੇ ਨਾਲ ਜੁਡ਼ੇ ਹੋਏ ਹਨ ਤੇ ਦੁਬਈ ’ਚ ਉਸ ਨੂੰ ਵੀ ਦੇਹ ਵਪਾਰ ਦੇ ਧੰਦੇ ’ਚ ਧੱਕਣ ਦੀ ਕੋਸ਼ਿਸ਼ ਕਰ ਰਹੀ ਸੀ। ਆਪਣੀ ਹੱਡਬੀਤੀ ਇਕ ਪੰਜਾਬੀ ਵਿਅਕਤੀ ਨੂੰ ਦੱਸਣ ਉਪਰੰਤ ਘਰ ’ਚ ਸੰਦੇਸ਼ ਭੇਜੇ ਜਾਣ ਤੋਂ ਬਾਅਦ  ਉਹ ਵਾਪਿਸ ਇੰਡੀਆ ਆ ਪਾਈ ਜਦੋਂਕਿ ਉਸ ਨੂੰ ਓਵਰ ਸਟੇਅ ਦੇ ਕਾਰਨ 2800 ਦਰਾਮ ਦਾ ਜੁਰਮਾਨਾ ਵੀ ਭਰਨਾ ਪਿਆ। ਪੁਲਸ ਨੂੰ ਕੀਤੀ ਸ਼ਿਕਾਇਤ ’ਚ ਉਸ ਨੇ     ਏਜੰਟ  ਖਿਲਾਫ਼ ਕਾਨੂੰਨ ਦੇ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਇੰਸਪੈਕਟਰ ਸ਼ਹਿਬਾਜ਼ ਸਿੰਘ ਨੇ ਕਰਨ ਉਪਰੰਤ ਦਿੱਤੀ ਜਾਂਚ ਰਿਪੋਰਟ ’ਚ ਦੱਸਿਆ ਕਿ ਉਕਤ ਅੌਰਤ ’ਤੇ ਪਹਿਲਾਂ ਵੀ ਧੋਖਾਦੇਹੀ ਦਾ ਮਾਮਲਾ ਦਰਜ ਹੈ। ਜਾਂਚ ਰਿਪੋਰਟ ਦੇ ਅਾਧਾਰ ’ਤੇ ਥਾਣਾ ਸਦਰ ਬੰਗਾ ਦੀ ਪੁਲਸ ਨੇ ਏਜੰਟ ਸੋਨੀਆ ਦੇ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News