ਬਾਂਝਪਨ ਦਾ ਵਧਿਆ ਖ਼ਤਰਾ! ਇਹ ਖਾਧ ਪਦਾਰਥ ਔਰਤਾਂ ਦੀ ਕੁੱਖ ਨੂੰ ਕਰ ਰਿਹੈ ਕਮਜ਼ੋਰ

Thursday, Oct 03, 2024 - 04:37 PM (IST)

ਜਲੰਧਰ : ਬਦਲਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਨੇ ਔਰਤਾਂ ਦੀ ਜਣਨ ਸ਼ਕਤੀ ਨੂੰ ਡੂੰਘਾ ਪ੍ਰਭਾਵਿਤ ਕੀਤਾ ਹੈ। ਔਰਤਾਂ ਦੀ ਕੁੱਖ ਸਮੇਂ ਤੋਂ ਪਹਿਲਾਂ ਕਮਜ਼ੋਰ ਹੁੰਦੀ ਜਾ ਰਹੀ ਹੈ ਅਤੇ ਇਸ ਦਾ ਮੁੱਖ ਕਾਰਨ ਮੋਟਾਪਾ ਅਤੇ ਜੰਕ ਫੂਡ ਹੈ। ਜੇਕਰ ਸਮੇਂ ਸਿਰ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਬਹੁਤ ਸਾਰੀਆਂ ਔਰਤਾਂ ਕਦੇ ਵੀ ਮਾਂ ਬਣਨ ਦੀ ਖੁਸ਼ੀ ਨਹੀਂ ਮਾਣ ਸਕਣਗੀਆਂ।
ਇਕ ਮੀਡੀਆ ਰਿਪੋਰਟ ਮੁਤਾਬਕ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (ਕੇ.ਜੀ.ਐੱਮ.ਯੂ.) ਦੇ ਕੁਈਨ ਮੈਰੀ ਦੇ ਗਾਇਨੀਕੋਲੋਜੀ ਹਸਪਤਾਲ ਦੀ ਓ.ਪੀ.ਡੀ. ’ਚ ਕਰਵਾਏ ਗਏ ਇਕ ਸਰਵੇਖਣ ’ਚ ਇਹ ਚਿੰਤਾਜਨਕ ਤੱਥ ਸਾਹਮਣੇ ਆਇਆ ਹੈ। ਇਸ ਸਰਵੇ ’ਚ ਪਾਇਆ ਗਿਆ ਕਿ ਜ਼ਿਆਦਾ ਭਾਰ ਅਤੇ ਲੰਬੇ ਸਮੇਂ ਤੱਕ ਫਾਸਟ ਫੂਡ ਖਾਣ ਨਾਲ ਔਰਤਾਂ ਦਾ ਅੰਡਕੋਸ਼ (ਓਵਰੀ) ਕਮਜ਼ੋਰ ਹੋ ਰਿਹੈ ਹੈ, ਜਿਸ ਕਾਰਨ ਗਰਭ ਧਾਰਨ ’ਚ ਦਿੱਕਤ ਆ ਰਹੀ ਹੈ।

30 ਤੋਂ 40 ਸਾਲ ਦੀ ਉਮਰ ਦੀਆਂ ਔਰਤਾਂ ਜ਼ਿਆਦਾ ਪ੍ਰਭਾਵਿਤ
ਕੁਈਨ ਮੈਰੀ ਹਸਪਤਾਲ ਦੀ ਵਿਭਾਗ ਮੁਖੀ ਡਾ. ਅੰਜੂ ਅਗਰਵਾਲ ਅਨੁਸਾਰ ਫਰਟੀਲਿਟੀ ਓ.ਪੀ.ਡੀ. ’ਚ ਆਉਣ ਵਾਲੀਆਂ 150 ਔਰਤਾਂ ’ਚੋਂ 50 ਦੇ ਕਰੀਬ ਦੇ ਅੰਡਕੋਸ਼ ਕਮਜ਼ੋਰ ਪਾਏ ਗਏ । ਇਹ ਔਰਤਾਂ 30 ਤੋਂ 40 ਸਾਲ ਦੀ ਉਮਰ ਦੀਆਂ ਹਨ ਪਰ ਇਨ੍ਹਾਂ ਦੇ ਅੰਡਕੋਸ਼ 50 ਤੋਂ 55 ਸਾਲ ਦੀ ਉਮਰ ਦੀਆਂ ਔਰਤਾਂ ਵਾਂਗ ਕਮਜ਼ੋਰ ਹੋ ਗਏ ਹਨ।

ਇਸ ਦੇ ਮੁੱਖ ਕਾਰਨ ਔਰਤਾਂ ’ਚ ਵਧਦਾ ਮੋਟਾਪਾ, ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਜੀਵਨ ਸ਼ੈਲੀ ’ਚ ਬਦਲਾਅ ਹਨ। ਇਸ ਤੋਂ ਇਲਾਵਾ ਦਫ਼ਤਰੀ ਤਣਾਅ ਵੀ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਰਿਹਾ ਹੈ। ਕੁਝ ਮਾਮਲਿਆਂ ’ਚ ਇਹ ਦੇਖਿਆ ਗਿਆ ਹੈ ਕਿ ਆਈ.ਵੀ.ਐੱਫ. (ਇਨ ਵਿਟਰੋ ਫਰਟੀਲਾਈਜ਼ੇਸ਼ਨ) ਦੌਰਾਨ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਵੀ ਅੰਡਕੋਸ਼ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ, ਜਿਸ ਨਾਲ ਔਰਤਾਂ ’ਚ ਗਰਭ ਧਾਰਨ ਦੀ ਸੰਭਾਵਨਾ ਹੋਰ ਘਟ ਜਾਂਦੀ ਹੈ।

ਸਮੇਂ ਤੋਂ ਪਹਿਲਾਂ ਪ੍ਰੀ-ਮੈਨੋਪੋਜ਼
ਡਾ. ਅੰਜੂ ਅਗਰਵਾਲ ਨੇ ਦੱਸਿਆ ਕਿ 30 ਤੋਂ 40 ਸਾਲ ਦੀ ਉਮਰ ’ਚ ਹੀ ਕਈ ਔਰਤਾਂ ’ਚ ਪ੍ਰੀ-ਮੈਨੋਪੋਜ਼ ਦੀ ਸਥਿਤੀ ਦੇਖੀ ਜਾ ਰਹੀ ਹੈ। ਇਸ ਸਥਿਤੀ ’ਚ ਔਰਤਾਂ ਦੇ ਅੰਡਕੋਸ਼ ’ਚ ਅੰਡੇ ਪੈਦਾ ਕਰਨ ਦੀ ਪ੍ਰਕਿਰਿਆ ਰੁਕ ਜਾਂਦੀ ਹੈ ਅਤੇ ਉਨ੍ਹਾਂ ਦੀ ਜਣਨ ਸ਼ਕਤੀ ਪੂਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਇਹ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਆਮ ਤੌਰ ’ਤੇ ਇਹ ਸਥਿਤੀ ਕਿਸੇ ਬਿਮਾਰੀ ਜਿਵੇਂ ਕੈਂਸਰ ਕਾਰਨ ਹੁੰਦੀ ਹੈ ਪਰ ਹੁਣ ਇਹ ਸਥਿਤੀ ਬਿਨਾਂ ਕਿਸੇ ਗੰਭੀਰ ਬਿਮਾਰੀ ਦੇ ਵੀ ਪੈਦਾ ਹੋ ਰਹੀ ਹੈ।

ਕਿਵੇਂ ਕਰੀਏ ਬਚਾਅ

  • ਨਿਯਮਿਤ ਤੌਰ ’ਤੇ ਕਸਰਤ ਕਰੋ ਅਤੇ ਸਿਹਤਮੰਦ ਵਜ਼ਨ ਬਣਾਈ ਰੱਖੋ।
  • ਪੌਸ਼ਟਿਕ ਆਹਾਰ ਖਾਓ, ਜਿਸ ’ਚ ਤਾਜ਼ੇ ਫਲ, ਸਬਜ਼ੀਆਂ ਅਤੇ ਪ੍ਰੋਟੀਨ ਸ਼ਾਮਲ ਹੋਣ।
  • ਫਾਸਟ ਫੂਡ ਅਤੇ ਜ਼ਿਆਦਾ ਤੇਲ, ਨਮਕ, ਚੀਨੀ ਨਾਲ ਭਰਪੂਰ ਚੀਜ਼ਾਂ ਤੋਂ ਦੂਰ ਰਹੋ।
  • ਯੋਗਾ, ਧਿਆਨ ਅਤੇ ਹੋਰ ਸਰੀਰਕ ਸਰਗਰਮੀਆਂ ਨੂੰ ਅਪਣਾਓ, ਜੋ ਮਾਨਸਿਕ ਅਤੇ ਸ਼ਰੀਰਕ ਤਣਾਅ ਨੂੰ ਘਟਾਉਣ ’ਚ ਮਦਦ ਕਰਨ।

ਬਾਂਝਪਨ ਦਾ ਵਧ ਜਾਂਦੈ ਖ਼ਤਰਾ
ਜੇਕਰ ਔਰਤਾਂ ਸਮੇਂ ਸਿਰ ਇਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੀਆਂ ਤਾਂ ਇਸ ਦਾ ਸਿੱਧਾ ਅਸਰ ਉਨ੍ਹਾਂ ਦੀ ਜਣਨ ਸ਼ਕਤੀ ’ਤੇ ਪੈ ਸਕਦਾ ਹੈ। ਅੰਡਕੋਸ਼ ਦੇ ਕਮਜ਼ੋਰ ਹੋਣ ਨਾਲ ਬਾਂਝਪਨ ਦਾ ਖਤਰਾ ਵੱਧ ਸਕਦਾ ਹੈ ਅਤੇ ਗਰਭ ਧਾਰਨ ਕਰਨਾ ਲਗਭਗ ਅਸੰਭਵ ਹੋ ਸਕਦਾ ਹੈ, ਇਸ ਲਈ ਔਰਤਾਂ ਨੂੰ ਆਪਣੀ ਖੁਰਾਕ, ਜੀਵਨ ਸ਼ੈਲੀ ਅਤੇ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਜਣਨ ਸ਼ਕਤੀ ਬਣੀ ਰਹੇ ਅਤੇ ਉਹ ਭਵਿੱਖ ’ਚ ਮਾਂ ਬਣਨ ਦਾ ਸੁਪਨਾ ਸਾਕਾਰ ਕਰ ਸਕਣ।


sunita

Content Editor

Related News