ਮਹਿਲਾ ਮੁਲਾਜ਼ਮ ਨਾਲ ਕੁੱਟਮਾਰ ਕਰਨ ਵਾਲਾ ਤੀਜਾ ਵਿਅਕਤੀ ਵੀ ਕਾਬੂ

Wednesday, Feb 12, 2020 - 05:31 PM (IST)

ਮਹਿਲਾ ਮੁਲਾਜ਼ਮ ਨਾਲ ਕੁੱਟਮਾਰ ਕਰਨ ਵਾਲਾ ਤੀਜਾ ਵਿਅਕਤੀ ਵੀ ਕਾਬੂ

ਜਲੰਧਰ (ਰਮਨ)— ਨਕੋਦਰ ਰੋਡ 'ਤੇ ਸਥਿਤ ਇਕ ਹੋਟਲ ਬਾਹਰ ਮਹਿਲਾ ਪੀ. ਸੀ. ਆਰ. ਪੁਲਸ ਮੁਲਾਜ਼ਮ ਅਤੇ ਉਸ ਦੇ ਸਾਥੀ ਨਾਲ ਕੁੱਟਮਾਰ ਦੇ ਦੋਸ਼ 'ਚ ਪਰਚੇ 'ਚ ਨਾਮਜ਼ਦ ਤੀਜੇ ਵਿਅਕਤੀ ਅਨੁਪ ਉਰਫ ਸਿੱਪੀ ਬਾਜਵਾ ਨੇ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ। ਉਥੇ ਹੀ ਥਾਣਾ ਨੰ. 4 ਦੀ ਪੁਲਸ ਸਿੱਪੀ ਨੂੰ ਗ੍ਰਿਫਤਾਰ ਕਰ ਕੇ ਦੋ ਦਿਨ ਦੇ ਪੁਲਸ ਰਿਮਾਂਡ 'ਤੇ ਲੈ ਆਈ ਸੀ, ਜਿਸ ਨੂੰ ਪੁਲਸ ਬੁੱਧਵਾਰ ਦੋਬਾਰਾ ਅਦਾਲਤ 'ਚ ਪੇਸ਼ ਕਰੇਗੀ।

ਥਾਣਾ ਨੰ. 4 ਦੀ ਪੁਲਸ ਨੇ ਦੱਸਿਆ ਕਿ 29 ਜਨਵਰੀ ਦੀ ਸ਼ਾਮ ਮਹਿਲਾ ਪੀ. ਸੀ. ਆਰ. ਕਾਂਸਟੇਬਲ ਕਿਰਨਜੋਤ ਕੌਰ ਅਤੇ ਉਸ ਦੇ ਸਾਥੀ ਨੂੰ ਕੁੱਟਣ ਵਾਲੇ ਮੁੱਖ ਮੁਲਜ਼ਮ ਸਿੱਪੀ ਨੂੰ ਗ੍ਰਿਫਤਾਰ ਕਰ ਲਿਆ ਸੀ, ਜੋ ਪੁਲਸ ਰਿਮਾਂਡ 'ਤੇ ਹੈ। ਇਸ ਦੇ ਨਾਲ ਹੀ ਪੁਲਸ ਸਿੱਪੀ ਦੇ ਦੋ ਹੋਰ ਪਰਚੇ 'ਚ ਨਾਮਜ਼ਦ ਸਾਥੀ ਸੁਖਵਿੰਦਰ ਸਿੰਘ ਲਾਡੀ ਅਤੇ ਸਿਮਰਨਜੀਤ ਸਿੰਘ ਉਰਫ ਮਨੀ ਨੂੰ ਪੁਲਸ ਗ੍ਰਿਫਤਾਰ ਕਰ ਕੇ ਜੇਲ ਭੇਜ ਚੁੱਕੀ ਹੈ, ਸਿਰਫ ਸਿੱਪੀ ਹੀ ਫਰਾਰ ਸੀ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀ 'ਤੇ ਕਰੀਬ 12 ਤੋਂ ਜ਼ਿਆਦਾ ਮੁਕੱਦਮੇ ਦਰਜ ਹਨ, ਪੁਲਸ ਜਿਸ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਕਰੀਬ 14 ਦਿਨ ਪਹਿਲਾਂ ਦੇਰ ਸ਼ਾਮ ਮਹਿਲਾ ਪੀ. ਸੀ. ਆਰ. ਪੁਲਸ ਮੁਲਾਜ਼ਮ ਆਪਣੇ ਸਾਥੀ ਪੁਲਸ ਕਰਮਚਾਰੀ ਨਾਲ ਸਿੱਕਾ ਚੌਕ 'ਤੇ ਮੌਜੂਦ ਸਨ। ਇਸ ਦੌਰਾਨ ਪਰਚੇ 'ਚ 3 ਨਾਮਜ਼ਦ ਵਿਅਕਤੀ ਉਥੇ ਖੜ੍ਹੇ ਅਰੋੜਾ ਨਾਂ ਦੇ ਵਿਅਕਤੀ ਨਾਲ ਲੜਾਈ ਕਰ ਰਹੇ ਸਨ, ਜਿਸ ਨੂੰ ਦੇਖ ਕੇ ਪੀ. ਸੀ. ਆਰ. ਮੁਲਾਜ਼ਮਾਂ ਨੇ ਰੋਕਿਆ ਤਾਂ ਉਕਤ ਤਿੰਨਾਂ ਨੌਜਵਾਨਾਂ ਨੇ ਪੀ. ਸੀ. ਆਰ. ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ ਅਤੇ ਫਰਾਰ ਹੋ ਗਏ ਸਨ, ਜਿਸ ਸਬੰਧ 'ਚ ਥਾਣਾ ਨੰ. 4 ਦੀ ਪੁਲਸ ਨੇ ਮਾਮਲਾ ਦਰਜ ਕੀਤਾ ਸੀ। ਪੁਲਸ ਨੇ ਪਰਚੇ 'ਚ ਨਾਮਜ਼ਦ ਤਿੰਨਾਂ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ।


author

shivani attri

Content Editor

Related News