ਨਸ਼ੇ ਵਾਲੀਆਂ ਗੋਲੀਆਂ ਸਮੇਤ ਪਿਉ-ਪੁੱਤ ਕਾਬੂ

07/29/2019 1:55:03 AM

ਕਰਤਾਰਪੁਰ (ਸਾਹਨੀ)— ਸਥਾਨਕ ਪੁਲਸ ਨਾਲ ਸੀ. ਆਈ. ਏ. ਸਟਾਫ ਦੇ ਸਬ-ਇੰਸਪੈਕਟਰ ਵਲੋਂ ਜੀ. ਟੀ. ਰੋਡ ਸਨਮ ਸਿਨੇਮਾ ਮੋੜ ਨੇੜੇ ਗਸ਼ਤ ਦੌਰਾਨ ਦੋ ਵਿਅਕਤੀਆਂ ਕੋਲੋਂ 45 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਵਰਨਣਯੋਗ ਹੈ ਕਿ ਇਹ ਦੋਵੇਂ ਪਿਉ-ਪੁੱਤਰ ਹਨ ਤੇ ਇਨ੍ਹਾਂ ਦੀ ਕੋਈ ਮੈਡੀਕਲ ਦੀ ਦੁਕਾਨ ਜਾਂ ਅਜਿਹਾ ਕੋਈ ਕਾਰੋਬਾਰ ਨਹੀਂ ਹੈ ਤੇ ਰਿਹਾਇਸ਼ ਵੀ ਕਿਰਾਏ ਦੇ ਮਕਾਨ 'ਚ ਹੈ।
ਇਸ ਸਬੰਧੀ ਡੀ. ਐੱਸ. ਪੀ. ਸੁਰਿੰਦਰ ਸਿੰਘ ਧੋਗੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਲਾਕੇ 'ਚ ਕੀਤੀ ਵੱਖ-ਵੱਖ ਥਾਈਂ ਨਾਕਾਬੰਦੀ ਦੌਰਾਨ ਸੀ. ਆਈ. ਏ. ਸਟਾਫ ਦੇ ਇੰਚਾਰਜ ਸ਼ਿਵ ਕੁਮਾਰ ਦੀ ਟੀਮ ਦੇ ਸਬ-ਇੰਸਪੈਕਟਰ ਨਿਰਮਲ ਸਿੰਘ ਨੇ ਐਤਵਾਰ ਦੁਪਹਿਰ ਸਿਨੇਮਾ ਮੋੜ 'ਤੇ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ ਅਚਾਨਕ ਪੁਲਸ ਨੂੰ ਵੇਖ ਕੇ ਲੁਕਣ ਦੀ ਕੋਸ਼ਿਸ਼ ਕਰਦਿਆਂ ਵੇਖਿਆ, ਜਿਨ੍ਹਾਂ ਦੇ ਹੱਥਾਂ ਵਿਚ ਦੋ ਬੈਗ ਵੀ ਸਨ। ਸ਼ੱਕ ਪੈਣ 'ਤੇ ਇਨ੍ਹਾਂ ਦੇ ਬੈਗਾਂ ਦੀ ਚੈਕਿੰਗ ਕਰਨ 'ਤੇ ਇਨ੍ਹਾਂ 'ਚੋਂ 45-45 ਡੱਬੇ ਟਰਾਮਾਡੋਲ ਗੋਲੀਆਂ ਜੋ ਕਿ ਨਸ਼ੇ ਕਰਨ ਲਈ ਵੀ ਵਰਤਿਆ ਜਾਂਦੀਆਂ ਹਨ, ਜਿਨ੍ਹਾਂ ਦੀ ਗਿਣਤੀ ਕਰੀਬ 45 ਹਜ਼ਾਰ ਬਣਦੀ ਹੈ, ਬਰਾਮਦ ਕੀਤੀਆਂ।
ਇਨ੍ਹਾਂ ਦੋਵਾਂ ਦੀ ਪਛਾਣ ਪੁੱਛਣ 'ਤੇ ਇਹ ਦੋਵੇਂ ਪਿਉ-ਪੁੱਤਰ ਸਨ, ਜਿਸ 'ਚੋਂ ਇਕ ਦਾ ਨਾਂ ਵਿਸ਼ਵ ਮਹਿੰਦਰੂ (35 ਸਾਲ) ਪੁੱਤਰ ਅਸ਼ਵਨੀ ਕੁਮਰ ਅਤੇ ਅਸ਼ਵਨੀ ਕੁਮਾਰ (64 ਸਾਲ) ਪੁੱਤਰ ਕ੍ਰਿਸ਼ਨ ਗੋਪਾਲ ਵਾਸੀ ਮੁਹੱਲਾ ਪਵਨ ਨਗਰ ਥਾਣਾ ਮੋਹਕਮਪੁਰਾ ਜ਼ਿਲਾ ਅੰਮ੍ਰਿਤਸਰ ਹੈ। ਮੁਢਲੀ ਪੁੱਛਗਿੱਛ ਵਿਚ ਇਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੀ ਕੋਈ ਦਵਾਈ ਦੀ ਦੁਕਾਨ ਨਹੀਂ ਹੈ। ਉਨ੍ਹਾਂ ਪੁਲਸ ਨੂੰ ਹੋਰ ਦੱਸਿਆ ਕਿ ਇਹ ਗੋਲੀਆਂ ਉਹ ਦਿੱਲੀ ਤੋਂ ਕਰੀਬ 70 ਹਜ਼ਾਰ ਰੁਪਏ ਦੀਆਂ ਖਰੀਦ ਕੇ ਲਿਆਏ ਸਨ ਅਤੇ ਇਸੇ ਇਲਾਕੇ ਵਿਚ ਸਪਲਾਈ ਦੇਣ ਆਏ ਸਨ।
ਉਨ੍ਹਾਂ ਮੁਢਲੀ ਪੁੱਛਗਿੱਛ ਵਿਚ ਇਹ ਵੀ ਮੰਨਿਆ ਕਿ ਉਹ ਕਾਫੀ ਸਮੇਂ ਤੋਂ ਇਸ ਕੰਮ ਵਿਚ ਹਨ ਪਰ ਕੋਈ ਅਪਰਾਧਕ ਰਿਕਾਰਡ ਨਹੀਂ ਹੈ। ਪੁਲਸ ਵਲੋਂ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਪਿਛਲੀ ਅਪਰਾਧਕ ਹਿਸਟਰੀ ਦੀ ਵੀ ਜਾਣਕਾਰੀ ਦੇ ਨਾਲ-ਨਾਲ ਇਸ ਇਲਾਕੇ ਵਿਚ ਸਰਗਰਮ ਨਸ਼ੇ ਵੇਚਣ ਵਾਲਿਆਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਇਸ ਲਈ ਸਬੰਧਤ ਵਿਅਕਤੀਆਂ ਦੀ ਮੋਬਾਇਲ ਡਿਟੇਲ ਵੀ ਕਢਵਾਈ ਜਾਵੇਗੀ। ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ।


KamalJeet Singh

Content Editor

Related News