ਅਮਰੀਕਾ-ਭਾਰਤ ਕਰ ਮੁਕਤ ਵਪਾਰ ਸਮਝੌਤੇ ਦੇ ਵਿਰੋਧ ''ਚ ਕਿਸਾਨਾਂ ਨੇ ਚੌਲਾਂਗ ਟੋਲ ਪਲਾਜ਼ਾ ''ਤੇ ਦਿੱਤਾ ਧਰਨਾ
Wednesday, Jul 22, 2026 - 02:38 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅਮਰੀਕਾ ਅਤੇ ਭਾਰਤ ਵਿਚਾਲੇ ਪ੍ਰਸਤਾਵਿਤ ਕਰ ਮੁਕਤ ਵਪਾਰ ਸਮਝੌਤੇ (ਫ੍ਰੀ ਟਰੇਡ ਐਗਰੀਮੈਂਟ) ਦੇ ਵਿਰੋਧ 'ਚ ਬੁੱਧਵਾਰ ਨੂੰ ਚੌਲਾਂਗ ਟੋਲ ਪਲਾਜ਼ਾ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਧਰਨਾ ਦਿੱਤਾ ਗਿਆ।
ਇਸ ਦੌਰਾਨ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਸਾਰੇ ਵਾਹਨਾਂ ਨੂੰ ਬਿਨਾਂ ਟੋਲ ਫ਼ੀਸ ਅਦਾ ਕੀਤੇ ਮੁਫ਼ਤ ਲੰਘਾਇਆ ਗਿਆ। ਧਰਨੇ ਦੌਰਾਨ ਕਿਸਾਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਸਾਨ ਅਤੇ ਮਜ਼ਦੂਰ ਹਿੱਤਾਂ ਦੀ ਰਾਖੀ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ: ਤੇਜ਼ ਰਫ਼ਤਾਰ ਦਾ ਕਹਿਰ! ਪੰਜਾਬ ਪੁਲਸ ਦੇ ਕਾਂਸਟੇਬਲ ਦੀ ਸੜਕ ਹਾਦਸੇ 'ਚ ਮੌਤ
ਧਰਨੇ ਨੂੰ ਸੰਬੋਧਨ ਕਰਦੇ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਮੱਲੀਨੰਗਲ ਅਤੇ ਬੀ. ਕੇ. ਯੂ. ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਧੁੱਗਾ ਨੇ ਕਿਹਾ ਕਿ ਅਮਰੀਕਾ-ਭਾਰਤ ਕਰ ਮੁਕਤ ਵਪਾਰ ਸਮਝੌਤਾ ਦੇਸ਼ ਦੇ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਖੇਤੀ ਨਾਲ ਜੁੜੇ ਸਹਾਇਕ ਧੰਦਿਆਂ ਲਈ ਘਾਤਕ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਵਿਦੇਸ਼ੀ ਖੇਤੀ ਉਤਪਾਦਾਂ ਨੂੰ ਬਿਨਾਂ ਕਰ ਦੇ ਭਾਰਤੀ ਬਾਜ਼ਾਰ ਵਿਚ ਦਾਖ਼ਲਾ ਮਿਲਦਾ ਹੈ ਤਾਂ ਭਾਰਤੀ ਕਿਸਾਨ ਆਪਣੀਆਂ ਫ਼ਸਲਾਂ ਦਾ ਵਾਜਬ ਮੁੱਲ ਪ੍ਰਾਪਤ ਨਹੀਂ ਕਰ ਸਕਣਗੇ, ਜਿਸ ਨਾਲ ਖੇਤੀ ਸੈਕਟਰ ਗੰਭੀਰ ਸੰਕਟ ਵਿਚ ਫਸ ਸਕਦਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਡਬਲ ਮਰਡਰ ਕਰਨ ਵਾਲੇ ਦਾ ਪੁਲਸ ਨੇ ਕੀਤਾ ਐਨਕਾਊਂਟਰ! ਚੱਲੀਆਂ ਤਾਬੜਤੋੜ ਗੋਲ਼ੀਆਂ
ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸਮਝੌਤੇ ਨਾਲ ਸਿਰਫ਼ ਅਨਾਜ ਉਤਪਾਦਨ ਹੀ ਨਹੀਂ, ਸਗੋਂ ਡੇਅਰੀ, ਪੋਲਟਰੀ, ਫਲ-ਸਬਜ਼ੀ ਉਤਪਾਦਨ ਅਤੇ ਹੋਰ ਖੇਤੀ ਸਹਾਇਕ ਧੰਦੇ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਉਨ੍ਹਾਂ ਦੋਸ਼ ਲਾਇਆ ਕਿ ਅਜਿਹੀਆਂ ਨੀਤੀਆਂ ਦਾ ਲਾਭ ਵੱਡੀਆਂ ਬਹੁ-ਰਾਸ਼ਟਰੀ ਕੰਪਨੀਆਂ ਨੂੰ ਮਿਲੇਗਾ, ਜਦਕਿ ਛੋਟੇ ਅਤੇ ਦਰਮਿਆਨੇ ਕਿਸਾਨ ਆਰਥਿਕ ਤੌਰ 'ਤੇ ਹੋਰ ਕਮਜ਼ੋਰ ਹੋ ਜਾਣਗੇ। ਆਗੂਆਂ ਨੇ ਇਸ ਮੌਕੇ ਪੰਜਾਬ ਸਰਕਾਰ ਦੀ ਪ੍ਰਸਤਾਵਿਤ ਲੈਂਡ ਪੂਲਿੰਗ ਨੀਤੀ ਦਾ ਵੀ ਸਖ਼ਤ ਵਿਰੋਧ ਕਰਦਿਆਂ ਇਸ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨੀਤੀ ਨਾਲ ਉਪਜਾਊ ਖੇਤੀਬਾੜੀ ਜ਼ਮੀਨਾਂ ਘਟਣਗੀਆਂ ਅਤੇ ਕਿਸਾਨਾਂ ਦੇ ਰੁਜ਼ਗਾਰ ਅਤੇ ਭਵਿੱਖ 'ਤੇ ਮਾੜਾ ਅਸਰ ਪਵੇਗਾ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਹ ਨੀਤੀਆਂ ਵਾਪਸ ਨਾ ਲਈਆਂ ਗਈਆਂ ਤਾਂ ਸੰਯੁਕਤ ਕਿਸਾਨ ਮੋਰਚਾ ਆਉਣ ਵਾਲੇ ਸਮੇਂ ਵਿੱਚ ਹੋਰ ਤਿੱਖੇ ਅਤੇ ਵੱਡੇ ਪੱਧਰ ਦੇ ਸੰਘਰਸ਼ ਵਿੱਢੇਗਾ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! 5 ਅਗਸਤ ਲਈ ਹੋਇਆ ਵੱਡਾ ਐਲਾਨ, ਝੱਲਣੀ ਪਵੇਗੀ ਮੁਸੀਬਤ
ਧਰਨੇ ਦੌਰਾਨ ਟੋਲ ਪਲਾਜ਼ਾ 'ਤੇ ਪੁਲਸ ਵੱਲੋਂ ਵੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਇਸ ਦੇ ਬਾਵਜੂਦ ਧਰਨਾ ਸ਼ਾਂਤਮਈ ਢੰਗ ਨਾਲ ਚੱਲਿਆ ਅਤੇ ਟੋਲ ਮੁਕਤ ਆਵਾਜਾਈ ਕਾਰਨ ਵਾਹਨ ਚਾਲਕਾਂ ਨੇ ਕਿਸਾਨਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਪ੍ਰਿਥਪਾਲ ਸਿੰਘ ਗੁਰਾਇਆ, ਸਤਪਾਲ ਸਿੰਘ ਮਿਰਜ਼ਾਪੁਰ, ਅਮਰਜੀਤ ਸਿੰਘ ਕਰਾਲਾ, ਮਹਿਤਾਬ ਸਿੰਘ ਹੁੰਦਲ, ਗੁਰਪ੍ਰੀਤ ਸਿੰਘ ਸੰਧੂ (ਦਸੂਹਾ ), ਹਰਦੀਪ ਸਿੰਘ ਖੁੱਡਾ (ਲੋਕ ਇਨਕਲਾਬ ਮੰਚ ਟਾਂਡਾ), ਸਤਪਾਲ ਸਿੰਘ ਡਡਿਆਣਾ, ਮਾਸਟਰ ਓਮ ਸਿੰਘ ਸਟਿਆਣਾ, ਹਰਵਿੰਦਰ ਪਾਲ ਡੱਲੀ, ਬਲਜੀਤ ਸਿੰਘ ਘੋੜਾਵਾਹੀ, ਸੁਖਵਿੰਦਰ ਸਿੰਘ ਦਰਾਵਾ, ਦਵਿੰਦਰ ਸਿੰਘ ਮਿੰਟਾ ਧਾਲੀਵਾਲ, ਨਿਰੰਜਨ ਸਿੰਘ ਸੱਗੀ, ਪਰਗਨ ਸਿੰਘ ਬਾਬੂ ਮੂਣਕ, ਜਰਨੈਲ ਸਿੰਘ ਨਰਿਆਲ, ਬਿੰਦਰ ਸਿੰਘ ਬੈਂਸ, ਪਰਮਿੰਦਰ ਸਿੰਘ ਸਮਰਾ (ਸਰਕਲ ਪ੍ਰਧਾਨ ਗੜ੍ਹਦੀਵਾਲਾ), ਬਲਦੇਵ ਸਿੰਘ ਚਾਨਣਵਿੰਡੀ (ਕਪੂਰਥਲਾ), ਰਣਜੀਤ ਸਿੰਘ ਰਾਣਾ (ਵਾਈਸ ਪ੍ਰਧਾਨ ਜਲੰਧਰ), ਕਸ਼ਮੀਰ ਸਿੰਘ ਝਿੰਗੜ, ਸੁਖਦੇਵ ਚਨੌਤਾ, ਬਿਕਰਮ ਸਿੰਘ ਸ਼ਾਹਪੁਰ, ਜੱਜ ਸਿੰਘ, ਸਾਰਨਗਰ ਸਿੰਘ ਜੰਡਿਆਲਾ, ਰਜਿੰਦਰ ਸਿੰਘ ਧਾਲੀਵਾਲ, ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ ਕੰਧਾਲੀ, ਚੰਨੀ ਕੰਧਾਲੀ, ਸਾਬੀ ਸੋਹੀਆਂ, ਰਾਜਾ ਰੂਪੋਵਾਲ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਕਿਸਾਨ ਆਗੂ ਹਾਜ਼ਰ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਲਗਾਤਾਰ 4 ਦਿਨ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
