ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨ ਜਿੱਤ ਕੇ ਵਾਪਸ ਪਰਤਣਗੇ: ਬੀਬੀ ਜਗੀਰ ਕੌਰ

12/31/2020 10:40:16 AM

ਟਾਂਡਾ ਉੜਮੁੜ(ਪਰਮਜੀਤ ਸਿੰਘ ਮੋਮੀ): ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਬੇਗੋਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਸੂਬਾ ਮੀਤ ਪ੍ਰਧਾਨ ਪ੍ਰਧਾਨ ਬੀਬੀ ਸੁਖਦੇਵ ਕੌਰ ਸੱਲਾਂ ਦੀ ਅਗਵਾਈ ’ਚ ਗਏ ਇਸਤਰੀ ਵਿੰਗ ਦੇ ਵਫ਼ਦ ਨੇ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ। ਇਸ ਮੌਕੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੱਲਬਾਤ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਨੂੰ ਜਿੱਥੇ ਮਜ਼ਬੂਤ ਕਰਨ ਲਈ ਉਨ੍ਹਾਂ ਵੱਲੋਂ ਯਤਨ ਕੀਤੇ ਜਾ ਰਹੇ ਹਨ ਉੱਥੇ ਹੀ ਇਸਤਰੀ ਵਿੰਗ ਦੀਆਂ ਬੀਬੀਆਂ ਨੂੰ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।

PunjabKesari

ਉਨ੍ਹਾਂ ਇਸ ਮੌਕੇ ਹੋਰ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇੱਥੇ ਇਤਿਹਾਸਕ ਸਿੱਖ ਅਸਥਾਨਾਂ ਨਾਲ ਸਬੰਧਤ ਤੇ ਹੋਰਨਾਂ ਗੁਰੂ ਘਰਾਂ ’ਚ ਸੰਗਤ ਦੀ ਹਰ ਸੁੱਖ ਸਹੂਲਤ ਨੂੰ ਮੁੱਖ ਰੱਖਦਿਆਂ ਅਹਿਮ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਗੁਰੂ ਘਰ ਨਤਮਸਤਕ ਹੋਣ ਆ ਰਹੀ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਾ ਹੋਵੇ। ਉਨ੍ਹਾਂ ਇਸ ਮੌਕੇ ਦੱਸਿਆ ਕਿ  ਗੁਰਦੁਆਰਾ ਕੀਰਤਪੁਰ ਸਾਹਿਬ ਜਿੱਥੇ ਮਿ੍ਰਤਕ ਦੇ ਅਸਤ ਤਾਰਨ ਵਾਲਿਆਂ ਪਰਿਵਾਰਕ ਮੈਂਬਰਾਂ ਨੂੰ ਪਹਿਲਾਂ 20 ਦਿਨਾਂ ਬਾਅਦ ਮਿ੍ਰਤਕ ਦਾ ਸਰਟੀਫਿਕੇਟ ਪ੍ਰਾਪਤ ਹੁੰਦਾ ਸੀ ਹੁਣ ਇਸ ’ਚ ਸੁਧਾਰ ਕਰਦੇ ਹੋਏ ਉਸੇ ਸਮੇਂ ਹੀ ਕੀਰਤਪੁਰ ਸਾਹਿਬ ਤੋਂ ਮਿ੍ਰਤਕ ਦੇ ਪਰਿਵਾਰਕ ਮੈਂਬਰਾਂ ਨੂੰ ਸਰਟੀਫਿਕੇਟ ਪ੍ਰਾਪਤ ਹੋ ਜਾਵੇਗਾ। ਉਨ੍ਹਾਂ ਨੇ ਇਸ ਮੌਕੇ ਕੇਂਦਰ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀਆਂ 2 ਮੰਗਾਂ ਮੰਨੇ ਜਾਣ ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਸਾਰੀਆਂ ਹੀ ਮੰਗਾਂ ਮੰਨਣੀਆਂ ਪੈਣਗੀਆਂ। 
ਉਨ੍ਹਾਂ ਇਸ ਮੌਕੇ ਕਿਸਾਨਾਂ ਦੇ ਦਿ੍ਰੜ੍ਹ ਹੌਂਸਲੇ ਅਤੇ ਜਜ਼ਬੇ ਨੂੰ ਸਲਾਮ ਕੀਤਾ ਅਤੇ ਗੁਰੂ ਚਰਨਾਂ ’ਚ ਅਰਦਾਸ ਕਰਦੇ ਹੋਏ ਆਸ ਪ੍ਰਗਟ ਕੀਤੀ ਕਿ ਜਲਦ ਹੀ ਖੇਤੀ ਕਾਨੂੰਨ ਵਾਪਸ ਹੋਣਗੇ ਅਤੇ ਕਿਸਾਨ ਆਪਣੇ ਘਰਾਂ ਨੂੰ ਜਿੱਤ ਪ੍ਰਾਪਤ ਕਰਕੇ ਵਾਪਸ ਪਰਤਣਗੇ। ਇਸ ਮੌਕੇ ਬੀਬੀ ਜਗੀਰ ਕੌਰ ਨੇ ਬੀਬੀ ਸੁਖਦੇਵ ਕੌਰ ਸੱਲ੍ਹਾਂ ਅਤੇ ਵਫ਼ਦ ’ਚ ਸ਼ਾਮਲ ਹੋਰਨਾਂ ਇਸਤਰੀ ਵਿੰਗ ਦੀਆਂ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬੀਬੀ ਹਰਵਿੰਦਰ ਕੌਰ ਮੂਨਕਾਂ, ਬੀਬੀ ਗੁਰਵਿੰਦਰ ਕੌਰ ਕੰਧਾਲਾ ਜੱਟਾ, ਸਰਬਜੀਤ ਕੌਰ ਸਰਾਂ, ਪਾਲ ਕੌਰ ਦਰਿਆ, ਜਗਜੀਤ ਕੌਰ ਸਰਕਲ ਪ੍ਰਧਾਨ ਸ਼ਾਮ ਚੁਰਾਸੀ, ਪਰਮਿੰਦਰ ਕੌਰ ਡਡਿਆਣਾ, ਰਵਿੰਦਰ ਕੌਰ, ਬਲਵੀਰ ਕੌਰ ਸਰਕਲ ਪ੍ਰਧਾਨ ਬੇਲਾ ਸਰਿਆਣਾ, ਬਲਵਿੰਦਰ ਕੌਰ ਖਾਲਸਾ ਸ਼ਹਿਰੀ ਪ੍ਰਧਾਨ ਮੁਕੇਰੀਆਂ, ਸੁਰਜੀਤ ਕੌਰ ਸਰਕਲ ਪ੍ਰਧਾਨ ਮੁਕੇਰੀਆਂ (ਦਿਹਾਤੀ) ਆਦਿ ਵੀ ਹਾਜ਼ਰ ਸਨ।


Aarti dhillon

Content Editor

Related News