ਲੱਖਾਂ ਰੁਪਏ ਖਰਚ ਲਗਵਾਇਆ ਵੀਜ਼ਾ, ਅਮਰੀਕਾ ਪੁੱਜਣ 'ਤੇ ਹੋਇਆ ਡਿਪੋਰਟ

10/16/2019 12:47:15 AM

ਜਲੰਧਰ, (ਜ. ਬ.)— 28 ਲੱਖ ਰੁਪਏ ਲੈ ਕੇ ਨਕਲੀ ਵੀਜ਼ਾ ਦੇ ਕੇ ਕਿਸਾਨ ਨੂੰ ਅਮਰੀਕਾ ਭੇਜਣ ਵਾਲੇ ਟ੍ਰੈਵਲ ਏਜੰਟ 'ਤੇ ਥਾਣਾ ਨੰਬਰ 1 ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਏਜੰਟ ਦੇ ਕਾਲੇ ਕਾਰਨਾਮੇ ਕਾਰਨ ਅਮਰੀਕਾ ਨੇ ਕਿਸਾਨ 'ਤੇ 20 ਸਾਲ ਦਾ ਐਂਟਰੀ ਬੈਨ ਵੀ ਲਗਾ ਦਿੱਤਾ, ਜਦਕਿ ਹੁਣ ਉਹ ਪੈਸੇ ਵੀ ਨਹੀਂ ਦੇ ਰਿਹਾ ਸੀ। ਫਿਲਹਾਲ ਮੁਲਜ਼ਮ ਏਜੰਟ ਅਤੇ ਉਸਦਾ ਸਾਥੀ ਫਰਾਰ ਹੈ।
ਕਿਸਾਨ ਜੀਵਨ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਲੱਖਣ ਕਲਾ ਕਪੂਰਥਲਾ ਨੇ ਪੁਲਸ 'ਚ ਸ਼ਿਕਾਇਤ ਦਿੱਤੀ ਸੀ ਕਿ 2016 'ਚ ਉਸ ਨੇ ਅਮਰੀਕਾ ਜਾਣ ਲਈ ਆਪਣੇ ਦੋਸਤ ਕੁਲਵੰਤ ਸਿੰਘ ਚੁਗਾਵਾਂ ਪੁੱਤਰ ਸੁੱਚਾ ਸਿੰਘ ਵਾਸੀ ਲੱਖਨ ਖੁਰਦ ਕਪੂਰਥਲਾ ਨਾਲ ਗੱਲ ਕੀਤੀ ਸੀ। ਕੁਲਵੰਤ ਨੇ ਉਸ ਦੀ ਮੁਲਾਕਾਤ ਟ੍ਰੈਵਲ ਏਜੰਟ ਗੁਰਚਰਨ ਸਿੰਘ ਰੰਧਾਵਾ ਪੁੱਤਰ ਦਲੀਪ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਕਪੂਰਥਲਾ ਨਾਲ ਕਰਵਾ ਦਿੱਤੀ। ਗੁਰਚਰਨ ਨੇ ਅਮਰੀਕਾ ਲਈ 30 ਲੱਖ ਰੁਪਏ ਦੀ ਮੰਗ ਕੀਤੀ ਪਰ 28 ਲੱਖ ਰੁਪਏ 'ਚ ਸੌਦਾ ਤੈਅ ਹੋ ਗਿਆ। ਗੁਰਚਰਨ ਨੇ 3 ਮਹੀਨਿਆਂ 'ਚ ਉਸ ਨੂੰ ਅਮਰੀਕਾ ਭੇਜਣ ਦਾ ਵਾਅਦਾ ਕੀਤਾ, ਜਿਸ ਕਾਰਨ ਉਸ ਨੇ ਮਾਰਚ 2016 ਨੂੰ ਸ਼ਾਂਤੀ ਵਿਹਾਰ ਵਿਚ ਗੁਰਚਰਨ ਸਿੰਘ ਰੰਧਾਵਾ ਨੂੰ 6 ਲੱਖ ਰੁਪਏ ਅਤੇ ਪਾਸਪੋਰਟ ਦੇ ਦਿੱਤੇ। ਇਸ ਤੋਂ ਬਾਅਦ ਡੇਢ ਕਿੱਲਾ ਜ਼ਮੀਨ ਵੇਚ ਕੇ 11 ਲੱਖ 50 ਹਜ਼ਾਰ ਰੁਪਏ ਅਤੇ ਦੋਸਤ ਤੋਂ ਉਧਾਰ ਫੜ ਕੇ 10 ਲੱਖ 50 ਹਜ਼ਾਰ ਰੁਪਏ ਦਿੱਤੇ ਅਤੇ ਕੁਲ 28 ਲੱਖ ਰੁਪਏ ਗੁਰਚਰਨ ਸਿੰਘ ਨੂੰ ਦੇ ਦਿੱਤੇ। ਪੈਸੇ ਲੈਣ ਤੋਂ ਡੇਢ ਸਾਲ ਤੱਕ ਗੁਰਚਰਨ ਨੇ ਕਿਸਾਨ ਨੂੰ ਅਮਰੀਕਾ ਨਹੀਂ ਭੇਜਿਆ ਤੇ ਟਾਲ-ਮਟੋਲ ਕਰਦਾ ਰਿਹਾ।
ਸਤੰਬਰ 2017 'ਚ ਕਾਫੀ ਦਬਾਅ ਤੋਂ ਬਾਅਦ ਗੁਰਚਰਨ ਸਿੰਘ ਨੇ ਜੀਵਨ ਨੂੰ ਦੁਬਈ ਭੇਜ ਦਿੱਤਾ ਅਤੇ ਉਥੇ 15 ਦਿਨਾਂ ਤੱਕ ਇਕ ਹੋਟਲ 'ਚ ਰੱਖਿਆ। 15 ਦਿਨ ਬੀਤ ਜਾਣ ਤੋਂ ਬਾਅਦ ਦੁਬਈ ਤੋਂ ਨਿਊਯਾਰਕ ਜਾਣ ਵਾਲੀ ਫਲਾਈਟ 'ਚ ਜੀਵਨ ਸਿੰਘ ਨੂੰ ਬਿਠਾ ਦਿੱਤਾ ਪਰ ਜਿਵੇਂ ਹੀ ਜੀਵਨ ਸਿੰਘ ਨਿਊਯਾਰਕ ਏਅਰਪੋਰਟ 'ਤੇ ਪਹੁੰਚਿਆ ਤਾਂ ਚੈਕਿੰਗ 'ਚ ਉਸਦਾ ਵੀਜ਼ਾ ਅਤੇ ਹੋਰ ਦਸਤਾਵੇਜ਼ ਜਾਅਲੀ ਨਿਕਲੇ। 2 ਘੰਟੇ ਦੀ ਉਡੀਕ ਤੋਂ ਬਾਅਦ ਜੀਵਨ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ ਤੇ ਉਸਦੀ 20 ਸਾਲ ਦੀ ਐਂਟਰੀ 'ਤੇ ਬੈਨ ਲਗਾ ਦਿੱਤਾ ਗਿਆ। ਵਾਪਸ ਆਉਣ 'ਤੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਨੰਬਰ 1 'ਚ ਗੁਰਚਰਨ ਸਿੰਘ ਰੰਧਾਵਾ ਟ੍ਰੈਵਲ ਏਜੰਟ ਅਤੇ ਉਸਦੇ ਸਾਥੀ ਕੁਲਵੰਤ ਸਿੰਘ ਚੁਗਾਵਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ। ਇੰਸ. ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


KamalJeet Singh

Content Editor

Related News