ਦੇਹ ਵਪਾਰ ਦੇ ਧੰਦੇ ਦੀ ਆੜ ਹੇਠ ਵੀਡੀਓ ਬਣਾ ਬਲੈਕਮੇਲ ਕਰਨ ਵਾਲੀਆਂ ਔਰਤਾਂ ਦਾ ਪਰਦਾਫ਼ਾਸ਼, 4 ਗ੍ਰਿਫ਼ਤਾਰ

08/01/2022 5:37:23 PM

ਮਾਹਿਲਪੁਰ (ਅਗਨੀਹੋਤਰੀ)-ਥਾਣਾ ਮਾਹਿਲਪੁਰ ਦੀ ਪੁਲਸ ਨੇ ਔਰਤਾਂ ਦੇ ਇਕ ਅਜਿਹੇ ਗਿਰੋਹ ਦੀਆਂ ਚਾਰ ਔਰਤਾਂ ਨੂੰ ਗ੍ਰਿਫ਼ਤਾਰ ਕਰ ਕੇ ਕਾਨੂੰਨ ਦੀ ਧਾਰਾ 388, 389 ਅਤੇ 120 ਬੀ ਅਧੀਨ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਇਕ ਵਿਅਕਤੀ ਨੂੰ ਆਪਣੇ ਜਾਲ ’ਚ ਫਸਾ ਕੇ ਆਪਣੇ ਘਰ ਬੁਲਾ ਉਸ ਦੀਆਂ ਵੀਡੀਓ ਅਤੇ ਇਤਰਾਜ਼ਯੋਗ ਫੋਟੋ ਖਿੱਚਣ ਦਾ ਡਰਾਵਾ ਦੇ ਕੇ ਉਸ ਕੋਲੋਂ 15 ਹਜ਼ਾਰ ਰੁਪਏ ਦੀ ਨਕਦੀ ਵਸੂਲ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮੁਖੀ ਜਸਵੰਤ ਸਿੰਘ ਨੇ ਦੱਸਿਆ ਕਿ ਕਿਸ਼ਨ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਝੰਜੋਵਾਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਸ਼ਨੀਵਾਰ ਡੇਢ ਵਜੇ ਦੇ ਕਰੀਬ ਉਸ ਨੂੰ ਪੂਨਮ ਪਤਨੀ ਕੁਲਵਿੰਦਰ ਸਿੰਘ ਵਾਸੀ ਮਜਾਰਾ ਡੀਂਗਰੀਆਂ ਨੇ ਫੋਨ ’ਤੇ ਆਪਣੇ ਘਰ ਬੁਲਾ ਲਿਆ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਹ ਉਸ ਨੂੰ ਕੋਟਫਤੂਹੀ ਵਿਖੇ ਮਿਲੀ ਸੀ ਅਤੇ ਉਸ ਨੇ ਆਪਣਾ ਨੰਬਰ ਦੇ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ : ‘ਮਾਨ ਸਰਕਾਰ’ ਨੇ ਹੁਣ ਤਕ ਦੇ ਕਾਰਜਕਾਲ ਦੌਰਾਨ ਸਹੇੜੇ ਇਹ ਵੱਡੇ ਵਿਵਾਦ

ਉਸ ਨੇ ਦੱਸਿਆ ਕਿ ਜਦੋਂ ਉਹ ਮਜਾਰਾ ਡੀਂਗਰੀਆਂ ਵਿਖੇ ਉਸ ਦੇ ਘਰ ਵਿਚ ਜਾ ਕੇ ਬੈਠਾ ਤਾਂ ਉੱਥੇ ਹੀ ਪੂਨਮ ਰਾਣੀ ਪੁੱਤਰੀ ਸੋਮਨਾਥ ਵਾਸੀ ਬੰਗਾ ਜ਼ਿਲ੍ਹਾ ਨਵਾਂਸ਼ਹਿਰ, ਹਰਮਨਦੀਪ ਕੌਰ ਪਤਨੀ ਸੰਤੋਸ਼ ਕੁਮਾਰ ਵਾਸੀ ਬੰਗਾ ਜ਼ਿਲ੍ਹਾ ਨਵਾਂਸ਼ਹਿਰ, ਗਗਨਦੀਪ ਪੁੱਤਰੀ ਜਸਵਿੰਦਰ ਲਾਲ ਵਾਸੀ ਬਕਾਪੁਰ ਫਿਲੌਰ ਆ ਗਈਆਂ। ਇਨ੍ਹਾਂ ਚਾਰਾਂ ਨੇ ਰਲ ਕੇ ਇਤਰਾਜ਼ਯੋਗ ਵੀਡੀਓ ਅਤੇ ਫੋਟੋ ਖਿੱਚਣ ਦਾ ਡਰਾਵਾ ਦੇ ਕੇ ਉਸ ਕੋਲੋਂ 15,000 ਰੁਪਏ ਦੀ ਨਕਦੀ ਲੈ ਲਈ। ਉਸ ਨੇ ਦੱਸਿਆ ਕਿ ਉਸ ਨੇ ਸਾਰੀ ਗੱਲ ਆ ਕੇ ਪੁਲਸ ਨੂੰ ਦੱਸੀ ਅਤੇ ਮਾਹਿਲਪੁਰ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ 4 ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਥਾਣਾ ਮੁਖੀ ਨੇ ਦੱਸਿਆ ਕਿ ਸ਼ਿਕਾਇਤਕਰਤਾ 1000 ਰੁਪਏ ਦਾ ਸੌਦਾ ਕਰ ਕੇ ਉੱਥੇ ਗਿਆ ਸੀ ਅਤੇ ਮੁੱਢਲੀ ਪਡ਼ਤਾਲ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਦੇਹ ਵਪਾਰ ਦੇ ਧੰਦੇ ਰਾਹੀਂ ਔਰਤਾਂ ਨੌਜਵਾਨਾਂ ਅਤੇ ਲੋਕਾਂ ਨੂੰ ਆਪਣੇ ਜਾਲ ’ਚ ਫਸਾ ਕੇ ਇਸ ਤਰ੍ਹਾਂ ਬਲੈਕਮੇਲ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੀਆਂ ਔਰਤਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਗਿਰੋਹਾਂ ਦੀ ਪੁਲਸ ਨੂੰ ਤੁਰੰਤ ਸੂਚਨਾ ਦਿਓ। ਥਾਣਾ ਮੁਖੀ ਦੀ ਇਸ ਕਾਰਵਾਈ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਥਾਣਾ ਮੁਖੀ ਜਸਵੰਤ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਜ਼ਮਾਨਤ ’ਤੇ ਰਿਹਾ ਕਰ ਦਿੱਤਾ ਹੈ। ਮਾਮਲੇ ਦੀ ਗੰਭੀਰਤਾ ਨਾਲ ਪਡ਼ਤਾਲ ਕੀਤੀ ਜਾ ਰਹੀ ਹੈ।


Manoj

Content Editor

Related News