ਐਕਸਾਈਜ਼ ਮਹਿਕਮੇ ਨੇ ਪਿਛਲੇ ਸਾਲ ਫੜੀ ਲੱਖਾਂ ਲੀਟਰ ਸ਼ਰਾਬ

01/17/2021 4:05:36 PM

ਜਲੰਧਰ (ਜ. ਬ.)– ਆਬਕਾਰੀ ਅਤੇ ਕਰ ਮਹਿਕਮੇ ਦੇ ਐਕਸਾਈਜ਼ ਵਿੰਗ ਵੱਲੋਂ ਸਾਲ 2019-20 ਵਿਚ ਲੱਖਾਂ ਲੀਟਰ ਨਾਜਾਇਜ਼ ਸ਼ਰਾਬ ਫੜੀ ਅਤੇ ਨਸ਼ਟ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦੇ ਮਹਿਕਮੇ ਦੇ ਏ. ਈ. ਟੀ. ਸੀ. ਪਵਨਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਦੌਰਾਨ ਭਾਵੇਂ ਕੋਵਿਡ ਕਾਰਣ ਕੰਮਕਾਜ ਪ੍ਰਭਾਵਿਤ ਰਿਹਾ ਪਰ ਮਹਿਕਮੇ ਵੱਲੋਂ ਲਗਾਤਾਰ ਨਾਜਾਇਜ਼ ਸ਼ਰਾਬ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਹਿਕਮੇ ਵੱਲੋਂ ਸੈਂਕੜੇ ਵਾਰ ਨਾਕੇ ਲਾ ਕੇ ਅਤੇ ਛਾਪਾਮਾਰੀ ਕਰ ਕੇ ਨਾਜਾਇਜ਼ ਸ਼ਰਾਬ ਫੜੀ ਗਈ ਅਤੇ ਨਾਜਾਇਜ਼ ਸ਼ਰਾਬ ਸਮੱਗਲਰ ’ਤੇ ਕੇਸ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ :  NRI ਪਤੀ ਦੇ ਇਸ ਕਾਰੇ ਨੇ ਚੱਕਰਾਂ ’ਚ ਪਾਇਆ ਟੱਬਰ, ਪਤਨੀ ਨੂੰ ਬੋਲਿਆ- ‘ਤੈਨੂੰ ਛੱਡ ਸਕਦਾ ਪਰ ਪ੍ਰੇਮਿਕਾ ਨੂੰ ਨਹੀਂ’

ਜਲੰਧਰ-1 ’ਚ 3700 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 15 ਹਜ਼ਾਰ ਲੀਟਰ ਲਾਹਣ ਫੜੀ
ਮਾਮਲੇ ਬਾਰੇ ਜਾਣਕਾਰੀ ਦਿੰਦੇ ਏ. ਈ. ਟੀ. ਸੀ. ਨੇ ਦੱਸਿਆ ਕਿ ਮਹਿਕਮੇ ਵੱਲੋਂ ਪਿਛਲੇ ਵਿੱਤੀ ਸਾਲ ਦੌਰਾਨ ਜਲੰਧਰ-1 ਜ਼ੋਨ ’ਚ 472 ਨਾਕੇ ਲਾਏ ਗਏ ਅਤੇ ਕਈ ਥਾਵਾਂ ’ਤੇ ਛਾਪੇਮਾਰੀ ਕਰਕੇ ਦੇਸੀ ਸ਼ਰਾਬ ਦੀਆਂ 713 ਅਤੇ ਅੰਗਰੇਜ਼ੀ ਸ਼ਰਾਬ ਦੀਆ 2990 ਬੋਤਲਾਂ ਫੜੀਆਂ ਗਈਆਂ। ਇਸ ਦੇ ਨਾਲ ਹੀ ਤਕਰੀਬਨ 15 ਹਜ਼ਾਰ ਲੀਟਰ ਲਾਹਣ ਫੜੀ ਅਤੇ ਨਸ਼ਟ ਕੀਤੀ ਗਈ। ਇਸ ਦੌਰਾਨ 900 ਲੀਟਰ ਕੱਚੀ ਸ਼ਰਾਬ ਫੜੀ ਗਈ, ਜਦੋਂਕਿ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ’ਤੇ ਕਾਰਵਾਈ ਦੌਰਾਨ 159 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ, ਜਿਨ੍ਹਾਂ ਵਿਚ149 ਲੋਕਾਂ ਦੀ ਗ੍ਰਿਫ਼ਤਾਰੀ ਵੀ ਹੋਈ।

ਜਲੰਧਰ-2 ਵਿਚ 45 ਹਜ਼ਾਰ ਲੀਟਰ ਲਾਹਣ ਅਤੇ 2.85 ਲੱਖ ਲੀਟਰ ਕੱਚੀ ਸ਼ਰਾਬ ਫੜੀ
ਜਾਣਕਾਰੀ ਦਿੰਦਿਆਂ ਪਵਨਜੀਤ ਨੇ ਦੱਸਿਆ ਕਿ ਇਸੇ ਤਰ੍ਹਾਂ ਪਿਛਲੇ ਵਿੱਤੀ ਸਾਲ ਦੌਰਾਨ ਮਹਿਕਮੇ ਵੱਲੋਂ 691 ਨਾਕੇ ਲਾ ਕੇ ਅਤੇ ਸੈਂਕੜੇ ਛਾਪਾਮਾਰੀਆਂ ਦੌਰਾਨ ਭਾਰੀ ਮਾਤਰਾ ਵਿਚ ਸ਼ਰਾਬ ਬਰਾਮਦ ਕੀਤੀ ਗਈ। ਇਸ ਵਿਚ ਦੇਸੀ ਸ਼ਰਾਬ ਦੀਆਂ 4918 ਬੋਤਲਾਂ ਅਤੇ ਅੰਗਰੇਜ਼ੀ ਸ਼ਰਾਬ ਦੀਆਂ 363 ਬੋਤਲਾਂ ਬਰਾਮਦ ਹੋਈਆਂ। ਇਸ ਦੌਰਾਨ ਵਿਭਾਗ ਨੇ ਕਈ ਛਾਪੇ ਮਾਰੇ ਅਤੇ 461940 ਲੀਟਰ ਲਾਹਣ ਬਰਾਮਦ ਕੀਤੀ ਅਤੇ ਨਸ਼ਟ ਕੀਤੀ, ਜਦੋਂਕਿ ਇਨ੍ਹਾਂ ਛਾਪੇਮਾਰੀਆਂ ਦੌਰਾਨ 2855256 ਲੀਟਰ ਨਾਜਾਇਜ਼ ਕੱਚੀ ਸ਼ਰਾਬ ਵੀ ਬਰਾਮਦ ਕੀਤੀ ਅਤੇ 5 ਸ਼ਰਾਬ ਦੀਆਂ ਭੱਠੀਆਂ ਨਸ਼ਟ ਕੀਤੀਆਂ ਗਈਆਂ। ਇਸ ਦੌਰਾਨ ਵੱਖ-ਵੱਖ ਕੇਸਾਂ ਤਹਿਤ 237 ਐੱਫ. ਆਈ. ਆਰਜ਼ ਦਰਜ ਕੀਤੀਆਂ ਗਈਆਂ, ਜਦੋਂ ਕਿ 209 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ :  ਬਰਡ ਫਲੂ ਨੂੰ ਲੈ ਕੇ ਡੇਰਾ ਬਿਆਸ ਨੇ ਜਾਰੀ ਕੀਤੇ ਨਿਰਦੇਸ਼

ਜਾਰੀ ਰਹੇਗੀ ਨਾਜਾਇਜ਼ ਖ਼ਿਲਾਫ਼ ਕਾਰਵਾਈ
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏ. ਈ. ਟੀ. ਸੀ. ਪਵਨਜੀਤ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਨਾਜਾਇਜ਼ ਸ਼ਰਾਬ ਸਮੱਗਲਰਾਂ ਖ਼ਿਲਾਫ਼ ਕਾਰਵਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਜਿਥੇ ਕਿਤੇ ਵੀ ਸ਼ਰਾਬ ਦੀ ਸਮੱਗਲਿੰਗ ਜਾਂ ਲਾਹਣ ਕੱਢਣ ਦੀ ਸੂਚਨਾ ਮਿਲਦੀ ਹੈ, ਐਕਸਾਈਜ਼ ਮਹਿਕਮਾ ਪੁਲਸ ਫੋਰਸ ਲੈ ਕੇ ਉਥੇ ਛਾਪੇਮਾਰੀ ਕਰ ਕੇ ਸਮੱਗਲਰਾਂ ਨੂੰ ਕਾਬੂ ਕਰਦਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਇਸ ਬਾਰੇ ਸੁਚੇਤ ਹੋਣਾ ਚਾਹੀਦਾ ਹੈ ਅਤੇ ਜਿੱਥੇ ਵੀ ਸ਼ਰਾਬ ਦੀ ਸਮੱਗਲਿੰਗ ਹੋਣ ਦਾ ਪਤਾ ਲੱਗੇ, ਤੁਰੰਤ ਮਹਿਕਮੇ ਨੂੰ ਸੂਚਿਤ ਕੀਤਾ ਜਾਵੇ।


shivani attri

Content Editor

Related News