ਕਮਿਸ਼ਨਰ ਦੀ ਫਟਕਾਰ ਤੋਂ ਨਾਰਾਜ਼ ਹੋਏ ਨਿਗਮ ਦੇ ਇੰਜੀਨੀਅਰ, ਪਹਿਲਾਂ ਦਿੱਤਾ ਅਲਟੀਮੇਟਮ, ਫਿਰ ਕਰ ਲਿਆ ਸਮਝੌਤਾ

Sunday, Feb 11, 2024 - 04:37 PM (IST)

ਕਮਿਸ਼ਨਰ ਦੀ ਫਟਕਾਰ ਤੋਂ ਨਾਰਾਜ਼ ਹੋਏ ਨਿਗਮ ਦੇ ਇੰਜੀਨੀਅਰ, ਪਹਿਲਾਂ ਦਿੱਤਾ ਅਲਟੀਮੇਟਮ, ਫਿਰ ਕਰ ਲਿਆ ਸਮਝੌਤਾ

ਜਲੰਧਰ (ਖੁਰਾਣਾ)-ਸਥਾਨਕ ਸਰਕਾਰਾਂ ਦੇ ਪ੍ਰਮੁੱਖ ਸਕੱਤਰ ਅਜੋਏ ਸ਼ਰਮਾ ਨੇ ਸ਼ੁੱਕਰਵਾਰ ਨੂੰ ਜਲੰਧਰ ਆ ਕੇ ਸਮਾਰਟ ਸਿਟੀ ਅਤੇ ਨਿਗਮ ਵੱਲੋਂ ਚਲਾਏ ਜਾ ਰਹੇ ਕਈ ਪ੍ਰਾਜੈਕਟਾਂ ਦੀ ਸੁਸਤ ਰਫ਼ਤਾਰ ਅਤੇ ਲੇਟ ਲਤੀਫ਼ੀ ’ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ। ਪ੍ਰਿੰ. ਸੈਕਟਰੀ ਨੇ ਜਿੱਥੇ ਜਲੰਧਰ ਫੇਰੀ ਦੌਰਾਨ ਨਿਗਮ ਦੇ ਇੰਜੀਨੀਅਰਾਂ ਦੀ ਕਾਰਜਸ਼ੈਲੀ ਬਾਰੇ ਬਹੁਤ ਸਖ਼ਤ ਟਿੱਪਣੀਆਂ ਕੀਤੀਆਂ, ਉਥੇ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਵੀ ਕੁਝ ਪ੍ਰਾਜੈਕਟਾਂ ਦੀ ਦੁਰਦਸ਼ਾ ਲਈ ਆਪਣੇ ਹੀ ਨਿਗਮ ਦੇ ਇੰਜੀਨੀਅਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਪਹਿਲਾਂ ਸਰਕਟ ਹਾਊਸ ਤੇ ਬਾਅਦ ’ਚ ਸੀ ਐਂਡ. ਡੀ ਵੇਸਟ ਪਲਾਂਟ ’ਚ ਨਿਗਮ ਇੰਜੀਨੀਅਰਾਂ ਨੂੰ ਕਾਫੀ ਝਾੜ ਪਾਈ, ਜਿਸ ਕਾਰਨ ਨਿਗਮ ਦੇ ਇੰਜੀਨੀਅਰਿੰਗ ਸਟਾਫ਼ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਸ਼ਨੀਵਾਰ ਸਵੇਰ ਹੁੰਦਿਆਂ ਹੀ ਨਿਗਮ ਦੇ ਇੰਜੀਨੀਅਰ ਮਾਡਲ ਟਾਊਨ ਜ਼ੋਨ ’ਚ ਇਕੱਠੇ ਹੋਏ ਅਤੇ ਕਮਿਸ਼ਨਰ ਵੱਲੋਂ ਬੋਲੇ ਗਏ ਸ਼ਬਦਾਂ ’ਤੇ ਗੁੱਸਾ ਜ਼ਾਹਰ ਕਰਦਿਆਂ ਰਣਨੀਤੀ ਬਣਾਈ। ਬਾਅਦ ’ਚ ਇਨ੍ਹਾਂ ਨਿਗਮ ਦੀਆਂ ਦਰਜਾ 4 ਯੂਨੀਅਨਾਂ ਦੇ ਵੱਖ-ਵੱਖ ਆਗੂਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਸਮਰਥਨ ਪ੍ਰਾਪਤ ਕੀਤਾ। ਅਜਿਹੇ ’ਚ ਨਿਗਮ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਗਿਆ ਸੀ ਕਿ ਸੋਮਵਾਰ ਤੋਂ ਸ਼ਹਿਰ 'ਚ ਸਾਰੇ ਕੰਮਕਾਜ ਠੱਪ ਹੋ ਸਕਦੇ ਹਨ ਅਤੇ ਨਿਗਮ ’ਚ ਹੜਤਾਲ ਹੋ ਸਕਦੀ ਹੈ। ਨਿਗਮ ਇੰਜੀਨੀਅਰਾਂ ਦੀ ਇਹ ਨਾਰਾਜ਼ਗੀ ਜਦੋਂ ਨਿਗਮ ਕਮਿਸ਼ਨਰ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਦੇਰ ਸ਼ਾਮ ਨਿਗਮ ਦਫ਼ਤਰ ’ਚ ਮੀਟਿੰਗ ਬੁਲਾ ਲਈ।

ਇਹ ਵੀ ਪੜ੍ਹੋ: ਹਨੀ ਟ੍ਰੈਪ ਗਿਰੋਹ ਦਾ ਪਰਦਾਫ਼ਾਸ਼, ਹੋਟਲਾਂ 'ਚ ਬੁਲਾ ਵੀਡੀਓਜ਼ ਬਣਾ ਕੇ ਇੰਝ ਹੁੰਦਾ ਸੀ ਬਲੈਕਮੇਲਿੰਗ ਦਾ ਧੰਦਾ, 4 ਗ੍ਰਿਫ਼ਤਾਰ

PunjabKesari

ਇਸ ਮੀਟਿੰਗ ’ਚ ਨਗਰ ਨਿਗਮ ਦੇ ਐੱਸ. ਈ., ਐਕਸੀਅਨ, ਐੱਸ. ਡੀ. ਓ. ਅਤੇ ਜੇ. ਈ. ਤੋਂ ਇਲਾਵਾ ਯੂਨੀਅਨ ਆਗੂ ਬੰਟੂ ਸੱਭਰਵਾਲ, ਵਿੱਕੀ ਸਹੋਤਾ, ਮਿਊਂਸਪਲ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਮਨਦੀਪ ਸਿੰਘ ਮਿੱਠੂ ਅਤੇ ਹੋਰ ਵੀ ਨਿਗਮ ਅਧਿਕਾਰੀ ਹਾਜ਼ਰ ਸਨ। ਮੀਟਿੰਗ ’ਚ ਕਮਿਸ਼ਨਰ ਗੌਤਮ ਜੈਨ ਤੋਂ ਇਲਾਵਾ ਸੰਯੁਕਤ ਕਮਿਸ਼ਨਰ ਪੁਨੀਤ ਸ਼ਰਮਾ ਅਤੇ ਸਹਾਇਕ ਕਮਿਸ਼ਨਰ ਰਾਜੇਸ਼ ਖੋਖਰ ਵੀ ਹਾਜ਼ਰ ਸਨ। ਇਸ ਮੀਟਿੰਗ ਦੌਰਾਨ ਜਿੱਥੇ ਇੰਜੀਨੀਅਰਿੰਗ ਸਟਾਫ਼ ਤੇ ਉਨ੍ਹਾਂ ਦੀ ਹਮਾਇਤ ’ਚ ਆਏ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਨਿਗਮ ਕਮਿਸ਼ਨਰ ਅੱਗੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ, ਉੱਥੇ ਹੀ ਕਮਿਸ਼ਨਰ ਨੇ ਉਨ੍ਹਾਂ ਦਾ ਗੁੱਸਾ ਸ਼ਾਂਤ ਕਰਦਿਆਂ ਉਨ੍ਹਾਂ ਨੂੰ ਮੁੜ ਕੰਮ ’ਤੇ ਆਉਣ ਲਈ ਮਨਾ ਲਿਆ। ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਦੋਵੇਂ ਧਿਰਾਂ ਸ਼ਹਿਰ ਦੇ ਇਕ ਹੋਟਲ ’ਚ ਡਿਨਰ ਕਰਨ ਲਈ ਵੀ ਗਈਆਂ।

ਚੋਣਾਂ ਦੇ ਮਾਹੌਲ ’ਚ ਰੁਕੇ ਪ੍ਰਾਜੈਕਟ ਬਣ ਰਹੇ ਚਿੰਤਾ ਦਾ ਵਿਸ਼ਾ
ਅਗਲੇ ਇਕ-ਦੋ ਮਹੀਨਿਆਂ ’ਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਤੇ ‘ਆਪ’ ਨੇ ਇਨ੍ਹਾਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਿਛਲੇ 2 ਸਾਲਾਂ ’ਚ ਅੱਧੀ ਦਰਜਨ ਨਿਗਮ ਕਮਿਸ਼ਨਰਾਂ ਦੀਆਂ ਬਦਲੀਆਂ ਕਾਰਨ ਜਲੰਧਰ ਵਰਗੇ ਸ਼ਹਿਰ ’ਚ ਵਿਕਾਸ ਕਾਰਜ ਕਾਫੀ ਪ੍ਰਭਾਵਿਤ ਹੋਏ ਹਨ ਤੇ ਕਈ ਸਮਾਰਟ ਸਿਟੀ ਪ੍ਰਾਜੈਕਟ ਲੰਬੇ ਸਮੇਂ ਤੋਂ ਲਟਕ ਰਹੇ ਹਨ ਤੇ ਕਈ ਸ਼ੁਰੂ ਵੀ ਨਹੀਂ ਹੋ ਰਹੇ। ਅਜਿਹੇ 'ਚ ‘ਆਪ’ ਲੀਡਰਸ਼ਿਪ ’ਚ ਚਿੰਤਾ ਦੀਆਂ ਲਕੀਰਾਂ ਦੇਖਣ ਨੂੰ ਮਿਲ ਰਹੀਆਂ ਹਨ ਤੇ ਅਧਿਕਾਰੀਆਂ 'ਤੇ ਵਿਕਾਸ ਕਾਰਜ ਸ਼ੁਰੂ ਕਰਵਾਉਣ ਤੇ ਪੂਰਾ ਕਰਨ ਦਾ ਦਬਾਅ ਵੀ ਬਣਾ ਰਿਹਾ ਹੈ।

ਇਹ ਵੀ ਪੜ੍ਹੋ: ਮਾਹਿਲਪੁਰ 'ਚ ਕਲਾਥ ਹਾਊਸ 'ਤੇ ਚਲਾਈਆਂ ਤਾਬੜਤੋੜ ਗੋਲ਼ੀਆਂ, ਮੁੰਡੇ ਨੂੰ ਦਿੱਤੀ ਚਿੱਠੀ, 5 ਕਰੋੜ ਫਿਰੌਤੀ ਦੀ ਰੱਖੀ ਮੰਗ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News