ਬਿਜਲੀ ਦੀ ਲੁਕਣਮੀਟੀ ਨਾਲ ਖ਼ਪਤਕਾਰ ਹੋਏ ਪ੍ਰੇਸ਼ਾਨ, ਜਲੰਧਰ ਸਰਕਲ ’ਚ ਪਏ 500 ਤੋਂ ਵੱਧ ਫਾਲਟ
Monday, Jan 13, 2025 - 10:59 AM (IST)
 
            
            ਜਲੰਧਰ (ਪੁਨੀਤ)-ਪਾਵਰ ਨਿਗਮ ਦੇ ਅਧਿਕਾਰੀ ਕਰੋੜਾਂ ਰੁਪਏ ਨਾਲ ਬਿਜਲੀ ਦਾ ਸਿਸਟਮ ਸੁਧਾਰਨ ਦੇ ਵੱਡੇ-ਵੱਡੇ ਦਾਅਵੇ ਕਰਦੇ ਨਹੀਂ ਥੱਕਦੇ ਪਰ ਸੱਚਾਈ ਇਹ ਹੈ ਕਿ ਮੀਂਹ ਜਾਂ ਬੂੰਦਾਬਾਂਦੀ ਨਾਲ ਪੈਣ ਵਾਲੇ ਫਾਲਟ ਤੋਂ ਵਿਭਾਗ ਨੂੰ ਨਿਜਾਤ ਨਹੀਂ ਮਿਲ ਸਕੀ ਹੈ। ਮਹਾਨਗਰ ਵਿਚ ਹਲਕੀ ਬੂੰਦਾਬਾਂਦੀ ਨਾਲ ਬਿਜਲੀ ਦੀ ਖਰਾਬੀ ਦੇ ਸੈਂਕੜੇ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਖ਼ਪਤਕਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਈ ਇਲਾਕਿਆਂ ਵਿਚ ਬਿਜਲੀ ਦੇ ਫਾਲਟ ਕਾਰਨ ਕਈ ਘੰਟੇ ਬਿਜਲੀ ਬੰਦ ਰਹਿਣ ਕਰਕੇ ਲੋਕ ਪਾਵਰ ਨਿਗਮ ਦੇ ਸਿਸਟਮ ਨੂੰ ਦੋਸ਼ੀ ਠਹਿਰਾਉਂਦੇ ਰਹੇ। ਮੀਂਹ ਕਾਰਨ ਜਲੰਧਰ ਸਰਕਲ ਵਿਚ ਬਿਜਲੀ ਦੇ 500 ਤੋਂ ਵੱਧ ਫਾਲਟ ਪੈਣ ਬਾਰੇ ਜਾਣਕਾਰੀ ਮਿਲੀ ਹੈ।
ਇਹ ਵੀ ਪੜ੍ਹੋ :ਜਲੰਧਰ ਤੋਂ ਵੱਡੀ ਖ਼ਬਰ, ਖ਼ੂਹ 'ਚੋਂ ਮਿਲੀ ਡੇਢ ਮਹੀਨਾ ਪਹਿਲਾਂ ਵਿਆਹੀ ਕੁੜੀ ਦੀ ਲਾਸ਼
ਕਈ ਇਲਾਕਿਆਂ ’ਚ ਸਵੇਰ ਤੋਂ ਜਾਰੀ ਬਿਜਲੀ ਦੀ ਲੁਕਣਮੀਟੀ ਦੇਰ ਰਾਤ ਤਕ ਜਾਰੀ ਰਹੀ। ਲੋਕਾਂ ਦਾ ਕਹਿਣਾ ਸੀ ਕਿ ਕਰਮਚਾਰੀਆਂ ਦੇ ਫਾਲਟ ਠੀਕ ਕਰਕੇ ਜਾਣ ਦੇ ਕੁਝ ਸਮੇਂ ਬਾਅਦ ਦੋਬਾਰਾ ਬਿਜਲੀ ਬੰਦ ਹੋ ਰਹੀ ਸੀ। ਫਾਲਟਾਂ ਕਾਰਨ ਅਧਿਕਾਰੀਆਂ ਸਹਿਤ ਕਰਮਚਾਰੀਆਂ ਨੂੰ ਖ਼ੂਬ ਮਿਹਨਤ ਕਰਨੀ ਪਈ ਪਰ ਬਿਜਲੀ ਦੀ ਲੁਕਣਮੀਟੀ ਖ਼ਪਤਕਾਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ। ਬੂੰਦਾਬਾਂਦੀ ਕਰਕੇ ਪਏ ਫਾਲਟ ਕਾਰਨ ਬਿਜਲੀ ਕਰਮਚਾਰੀਆਂ ਨੂੰ ਫਾਲਟ ਲੱਭਣ ਵਿਚ ਕਾਫ਼ੀ ਦਿੱਕਤ ਆਈ, ਜਿਸ ਕਾਰਨ ਬਿਜਲੀ ਸਪਲਾਈ ਚਾਲੂ ਕਰਨ ਵਿਚ ਦੇਰੀ ਹੋਈ। ਕਰਮਚਾਰੀਆਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਖੰਭੇ ’ਤੇ ਚੜ੍ਹਨਾ ਸੰਭਵ ਨਹੀਂ ਹੈ, ਜਿਸ ਕਾਰਨ ਪਿੱਛਿਓਂ ਸਪਲਾਈ ਬੰਦ ਕਰਨੀ ਪੈਂਦੀ ਹੈ। ਇਸ ’ਚ ਕੁਝ ਸਮਾਂ ਲੱਗਦਾ ਹੈ। ਕਈ ਵਾਰ ਫਾਲਟ ਲੱਭਣ ਵਿਚ ਦਿੱਕਤ ਪੇਸ਼ ਆਉਂਦੀ ਹੈ। ਕਈ ਇਲਾਕਿਆਂ ਦੇ ਖ਼ਪਤਕਾਰਾਂ ਨੇ ਦੱਸਿਆ ਕਿ ਸਵੇਰ ਸਮੇਂ ਬੰਦ ਹੋਈ ਬਿਜਲੀ ਕਈ ਘੰਟੇ ਦੇ ਕਾਰਨ ਬੰਦ ਰਹੀ, ਜਿਸ ਕਰਕੇ ਰੋਜ਼ਾਨਾ ਦਾ ਕੰਮ ਪ੍ਰਭਾਵਿਤ ਹੋਇਆ। ਵਿਚਾਲੇ ਲਾਈਟ ਆਈ ਪਰ ਬਾਅਦ ਵਿਚ ਫਿਰ ਫਾਲਟ ਪੈ ਗਿਆ। ਉਨ੍ਹਾਂ ਕਿਹਾ ਕਿ ਇਸ ਕਾਰਨ ਕਈ ਇਲਾਕਿਆਂ ਵਿਚ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਇਸੇ ਤਰ੍ਹਾਂ ਪੱਛਮੀ ਹਲਕੇ ਵਿਚ ਬਿਜਲੀ ਦੇ ਫਾਲਟ ਪੈਣ ਦੀਆਂ ਸਭ ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਨੂੰ ਠੀਕ ਕਰਨ ਵਿਚ ਕਾਫ਼ੀ ਸਮਾਂ ਲੱਗਿਆ। ਇਸ ਦੇ ਨਾਲ ਹੀ ਸ਼ਹਿਰ ਦੀਆਂ ਕਈ ਮੇਨ ਲਾਈਨਾਂ ਵੀ ਕਾਫੀ ਦੇਰ ਤੱਕ ਬੰਦ ਰਹੀਆਂ, ਜਿਸ ਕਾਰਨ ਵੱਡੀ ਗਿਣਤੀ ਖਪਤਕਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਪਾਵਰਕਾਮ ਅਧਿਕਾਰੀਆਂ ਨੇ ਦੱਸਿਆ ਕਿ 66 ਕੇ. ਵੀ. ਟੀ. ਵੀ. ਸੈਂਟਰ ਦੀ ਸਪਲਾਈ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ, ਜਦਕਿ ਅਰਬਨ ਅਸਟੇਟ ਸਬ-ਸਟੇਸ਼ਨ ਅਧੀਨ ਪੈਂਦੇ ਕਈ ਫੀਡਰ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਬੰਦ ਰੱਖੇ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਜਿੱਥੇ ਕਿਤੇ ਵੀ ਫਾਲਟ ਪਤਾ ਲੱਗਾ, ਉਥੇ ਸਮਾਂ ਰਹਿੰਦਾ ਕਰਮਚਾਰੀਆ ਨੂੰ ਭਿਜਵਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਘਟਨਾ: Instagram'ਤੇ Followers ਵਧਾਉਣ ਲਈ ਬੇਜ਼ੁਬਾਨਾਂ 'ਤੇ ਢਾਇਆ ਕਹਿਰ
ਸ਼ਿਕਾਇਤ ਕੇਂਦਰ ਦਾ ਨੰਬਰ 1912 ਬਣ ਰਿਹਾ ਪ੍ਰੇਸ਼ਾਨੀ ਦਾ ਸਬੱਬ
ਕਈ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਪਾਵਰ ਨਿਗਮ ਵੱਲੋਂ ਸੂਬੇ ਦੇ ਖਪਤਕਾਰਾਂ ਲਈ 1912 ਨੰਬਰ ਜਾਰੀ ਕੀਤਾ ਗਿਆ ਹੈ, ਜੋ ਕਿ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ ਕਿਉਂਕਿ ਉਕਤ ਨੰਬਰ ਬਿਜ਼ੀ ਰਹਿੰਦਾ ਹੈ, ਜਿਸ ਕਾਰਨ ਸ਼ਿਕਾਇਤਾਂ ਦਰਜ ਕਰਵਾਉਣ ਵਿਚ ਦਿੱਕਤ ਆਉਂਦੀ ਹੈ। ਖਪਤਕਾਰਾਂ ਨੇ ਦੱਸਿਆ ਕਿ 1912 ਨੰਬਰ ਨਾ ਮਿਲਣ ਕਾਰਨ ਉਹ ਸ਼ਿਕਾਇਤ ਦਰਜ ਕਰਵਾਉਣ ਲਈ ਸ਼ਿਕਾਇਤ ਕੇਂਦਰਾਂ ਵਿਚ ਗਏ ਸਨ ਪਰ ਵੱਖ-ਵੱਖ ਦਫ਼ਤਰਾਂ ਵਿਚ ਕਰਮਚਾਰੀ ਹਾਜ਼ਰ ਨਹੀਂ ਸਨ, ਜਿਸ ਕਾਰਨ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ। ਖਪਤਕਾਰਾਂ ਨੇ ਕਿਹਾ ਕਿ ਵਿਭਾਗ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਰਾਹਤ ਮਿਲੇ ਅਤੇ ਫਾਲਟ ਪੈਣ ’ਤੇ ਜਲਦ ਤੋਂ ਜਲਦ ਹੱਲ ਹੋ ਸਕੇ।
ਇਹ ਵੀ ਪੜ੍ਹੋ :ਪੰਜਾਬ 'ਚ Alert! 4 ਦਿਨਾਂ ਲਈ ਮੌਸਮ ਸਬੰਧੀ ਹੋ ਗਈ ਵੱਡੀ ਭਵਿੱਖਬਾਣੀ, ਆਵੇਗਾ ਤੂਫ਼ਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            