ਜਲੰਧਰ ਸ਼ਹਿਰ ਦੇ ਸੈਂਕੜੇ ਖਾਲੀ ਪਲਾਟਾਂ ਵਿਚ ਹੋ ਰਹੀ ਭੰਗ ਦੀ ਖੇਤੀ

05/22/2019 10:51:22 AM

ਜਲੰਧਰ (ਖੁਰਾਣਾ)— ਉਂਝ ਤਾਂ ਭਾਰਤ 'ਚ ਭੰਗ ਦਾ ਨਸ਼ਾ ਸਦੀਆਂ ਪੁਰਾਣਾ ਹੈ ਅਤੇ ਧਾਰਮਿਕ ਗ੍ਰੰਥਾਂ ਅਤੇ ਪ੍ਰਾਚੀਨ ਕਿਤਾਬਾਂ 'ਚ ਇਸ ਦਾ ਜ਼ਿਕਰ ਹੈ। ਭੰਗ ਦੇ ਬੂਟੇ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਮਾਮਲਿਆਂ 'ਚ ਇਹ ਆਪਣੇ ਆਪ ਉੱਗਣ ਵਾਲੀ ਬੂਟੀ ਹੈ ਪਰ ਇਸ ਦੇ ਔਸ਼ਧੀ ਗੁਣਾਂ ਕਾਰਨ ਦੇਸ਼ ਦੇ ਕਈ ਹਿੱਸਿਆਂ 'ਚ ਇਸ ਦੀ ਖੇਤੀ ਤੱਕ ਹੋਣ ਲੱਗੀ ਹੈ ਅਤੇ ਕਈ ਸੂਬਿਆਂ 'ਚ ਤਾਂ ਭੰਗ ਦੇ ਠੇਕੇ ਸਰਕਾਰੀ ਤੌਰ 'ਤੇ ਖੁੱਲ੍ਹੇ ਹੋਏ ਹਨ।
ਪੰਜਾਬ ਦੀ ਗੱਲ ਕਰੀਏ ਤਾਂ ਇਥੇ ਭੰਗ ਦੀ ਖੇਤੀ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ ਪਰ ਫਿਰ ਵੀ ਇਸ ਖੇਤਰ 'ਚ ਭੰਗ ਦੇ ਬੂਟੇ ਕਾਫੀ ਮਾਤਰਾ ਵਿਚ ਪਾਏ ਜਾਂਦੇ ਹਨ। ਜਲੰਧਰ 'ਚ ਹੀ ਸੈਂਕੜੇ ਅਜਿਹੇ ਖਾਲੀ ਪਲਾਟ ਹਨ, ਜਿੱਥੇ ਭਾਰੀ ਮਾਤਰਾ 'ਚ ਭੰਗ ਦੇ ਬੂਟੇ ਲੱਗੇ ਹੋਏ ਹਨ। ਭਾਵੇਂ ਜ਼ਿਆਦਾਤਰ ਥਾਵਾਂ 'ਤੇ ਭੰਗ ਦੇ ਬੂਟੇ ਆਪਣੇ ਆਪ ਉੱਗਦੇ ਹਨ ਪਰ ਫਿਰ ਵੀ ਸ਼ਹਿਰ ਦੇ ਕਈ ਖਾਲੀ ਪਲਾਟਾਂ 'ਚ ਭੰਗ ਦੀ ਖੇਤੀ ਵੀ ਹੋ ਰਹੀ ਹੈ।

ਜ਼ਿਕਰਯੋਗ ਹੈ ਕਿ ਸ਼ਹਿਰ 'ਚ ਪ੍ਰਵਾਸੀਆਂ ਦੀ ਗਿਣਤੀ ਲੱਖਾਂ ਤੱਕ ਪਹੁੰਚ ਗਈ ਹੈ। ਦੇਸ਼ ਦੇ ਕਈ ਹਿੱਸਿਆਂ 'ਚ ਭੰਗ ਦਾ ਸੇਵਨ ਪ੍ਰਚਲਿਤ ਹੈ। ਭਾਵੇਂ ਪੰਜਾਬ 'ਚ ਇਸ ਦੇ ਨਸ਼ੇ ਨੂੰ ਠੀਕ ਨਹੀਂ ਸਮਝਿਆ ਜਾਂਦਾ ਪਰ ਫਿਰ ਵੀ ਸ਼ਹਿਰ 'ਚ ਰਹਿ ਰਹੇ ਪ੍ਰਵਾਸੀਆਂ 'ਚ ਭੰਗ ਕਾਫੀ ਪ੍ਰਚਲਿਤ ਹੈ। ਭੰਗ ਦੇ ਬੂਟੇ ਖਾਲੀ ਪਲਾਟਾਂ 'ਚ ਲੱਗੇ ਕਈ ਵਾਰ ਦੇਖੇ ਗਏ ਹਨ। ਅਕਸਰ ਉਥੇ ਪ੍ਰਵਾਸੀ ਲੋਕ ਇਸ ਬੂਟੇ ਦੇ ਕੋਮਲ ਪੱਤਿਆਂ ਨੂੰ ਆਪਣੇ ਹੱਥਾਂ ਨਾਲ ਕਈ ਘੰਟੇ ਮਸਲਦੇ ਰਹਿੰਦੇ ਹਨ ਅਤੇ ਇਸ ਤਰ੍ਹਾਂ ਜੋ ਮੈਲ ਹੱਥਾਂ 'ਚ ਇਕੱਠੀ ਹੁੰਦੀ ਹੈ ਉਸ ਦਾ ਗੋਲਾ ਜਿਹਾ ਬਣਾ ਕੇ ਨਸ਼ਾ ਕੀਤਾ ਜਾਂਦਾ ਹੈ।

ਦੇਖਣ 'ਚ ਆਇਆ ਹੈ ਕਿ ਸ਼ਹਿਰ 'ਚ ਜਿਨ੍ਹਾਂ ਥਾਵਾਂ 'ਤੇ ਪ੍ਰਵਾਸੀਆਂ ਦੀ ਗਿਣਤੀ ਜ਼ਿਆਦਾ ਹੈ, ਉਥੇ ਖਾਲੀ ਪਲਾਟਾਂ 'ਚ ਭੰਗ ਦੀ ਖੇਤੀ ਕੀਤੀ ਜਾ ਰਹੀ ਹੈ ਅਤੇ ਉਸ ਦੇ ਪੱਤਿਆਂ ਨੂੰ ਮਸਲਣ ਦੀ ਬਜਾਏ ਭੰਗ ਦੇ ਸੁੱਕੇ ਪੱਤਿਆਂ ਦੀ ਵੀ ਵਰਤੋਂ ਹੋਣ ਲੱਗੀ ਹੈ। ਅਕਸਰ ਲੋਕ ਅਜਿਹੇ ਪ੍ਰਵਾਸੀਆਂ ਨੂੰ ਅਣਦੇਖਿਆ ਕਰ ਦਿੰਦੇ ਹਨ ਜੋ ਸੜਕਾਂ ਦੇ ਕਿਨਾਰੇ ਜਾਂ ਖਾਲੀ ਪਲਾਟਾਂ 'ਚ ਲੱਗੇ ਭੰਗ ਦੇ ਬੂਟਿਆਂ ਨੂੰ ਮਸਲਦੇ ਦਿਸਦੇ ਹਨ। ਪੁਲਸ ਵੀ ਅਜਿਹੇ ਨਸ਼ੇੜੀਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ, ਜਿਸ ਕਾਰਨ ਭੰਗ ਦੀ ਖੇਤੀ ਅਤੇ ਭੰਗ ਦੇ ਨਸ਼ੇ ਨੂੰ ਬੜ੍ਹਾਵਾ ਮਿਲਦਾ ਜਾ ਰਿਹਾ ਹੈ। ਭੰਗ ਦੇ ਨਸ਼ੇ 'ਚ ਟੱਲੀ ਪ੍ਰਵਾਸੀਆਂ ਵੱਲੋਂ ਅਕਸਰ ਹੰਗਾਮਾ ਕਰਨ, ਕੁੱਟਮਾਰ ਕਰਨ ਦੇ ਮਾਮਲੇ ਅਕਸਰ ਸੁਣਨ ਨੂੰ ਮਿਲਦੇ ਹਨ ਪਰ ਇਸ ਨਸ਼ੇ ਨੂੰ ਲੈ ਕੇ ਅਜੇ ਤੱਕ ਸਖਤੀ ਨਹੀਂ ਦਿਖਾਈ ਜਾ ਰਹੀ।

ਪੁਲਸ ਦੇ ਸਿਵਲ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਪ੍ਰਵਾਸੀ ਖੇਤਰਾਂ 'ਚ ਹੋ ਰਹੀ ਭੰਗ ਦੀ ਖੇਤੀ 'ਤੇ ਨਜ਼ਰ ਰੱਖੇ ਅਤੇ ਇਸ ਨਸ਼ੇ 'ਚ ਸ਼ਾਮਲ ਲੋਕਾਂ 'ਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਇਹ ਨਸ਼ਾ ਹੋਰ ਲੋਕਾਂ ਨੂੰ ਨਾ ਲੱਗ ਜਾਵੇ। ਜ਼ਿਕਰਯੋਗ ਹੈ ਕਿ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਅਤੇ ਕਸਬਿਆਂ 'ਚ ਭੰਗ ਦਾ ਨਸ਼ਾ ਲਗਾਤਾਰ ਵਧ ਰਿਹਾ ਹੈ ਅਤੇ ਇਨ੍ਹਾਂ ਇਲਾਕਿਆਂ ਵਿਚ ਤਾਂ ਪੰਜਾਬੀ ਖਾਸ ਤੌਰ 'ਤੇ ਨੌਜਵਾਨ ਵਰਗ ਇਸ ਵੱਲ ਆਕਰਸ਼ਿਤ ਹੁੰਦਾ ਦਿਸ ਰਿਹਾ। ਇਸ ਦਾ ਮੁੱਖ ਕਾਰਨ ਇਹ ਹੈ ਕਿ ਭੰਗ ਸੌਖਿਆਂ ਹੀ ਮਿਲ ਜਾਂਦੀ ਹੈ। ਜੇਕਰ ਪੰਜਾਬ 'ਚ ਭੰਗ ਵਿਰੁੱਧ ਸਖਤ ਮੁਹਿੰਮ ਨਾ ਚਲਾਈ ਗਈ ਤਾਂ ਆਉਣ ਵਾਲੇ ਸਮੇਂ ਵਿਚ ਇਹ ਨਸ਼ਾ 'ਚਿੱਟੇ' ਜਿਹੀ ਸਮੱਸਿਆ ਬਣ ਕੇ ਉਭਰੇਗਾ।
ਧਾਰਮਿਕ ਤਿਉਹਾਰਾਂ 'ਤੇ ਖੁੱਲ੍ਹੇਆਮ ਵਿਕਦੀ ਹੈ ਭੰਗ
ਧਾਰਮਿਕ ਤਿਉਹਾਰਾਂ ਤੇ ਕੁਝ ਥਾਵਾਂ 'ਤੇ ਲੱਗਣ ਵਾਲੇ ਮੇਲਿਆਂ ਦੀ ਗੱਲ ਕੀਤੀ ਜਾਵੇ ਤਾਂ ਉਥੇ ਭੰਗ ਦਾ ਸੇਵਨ ਖੁੱਲ੍ਹੇਆਮ ਹੁੰਦਾ ਨਜ਼ਰ ਆਉਂਦਾ ਹੈ। ਕੁਝ ਧਾਰਮਿਕ ਤਿਉਹਾਰਾਂ ਦੌਰਾਨ ਤਾਂ ਭੰਗ ਦੇ ਪਕੌੜੇ ਤੇ ਇਸ ਦੀ ਸ਼ਰਦਾਈ ਅਕਸਰ ਵੰਡੀ ਜਾਂਦੀ ਹੈ ਪਰ ਕੁਝ ਪ੍ਰਸਿੱਧ ਮੇਲਿਆਂ ਦੌਰਾਨ ਵੀ ਭੰਗ ਨਾਲ ਬਣੀਆਂ ਚੀਜ਼ਾਂ ਅਕਸਰ ਵੇਚੀਆਂ ਜਾਂਦੀਆਂ ਹਨ।


shivani attri

Content Editor

Related News