ਕੇਂਦਰ ਸਰਕਾਰ ਵੱਲੋਂ ਜਾਰੀ ਬਿਜਲੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਮੁਲਾਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ

09/29/2022 12:56:39 PM

ਟਾਂਡਾ ਉੜਮੁੜ੍ਹ (ਪਰਮਜੀਤ ਸਿੰਘ ਮੋਮੀ) - ਪੀ.ਐੱਸ. ਈ. ਬੀ ਇੰਪਲਾਈਜ਼ ਫੋਰਮ ਵੱਲੋਂ ਅੱਜ ਬਿਜਲੀ ਘਰ ਟਾਂਡਾ ਵਿਖੇ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ 8 ਸਤੰਬਰ 2022 ਦੇ ਕੀਤੇ ਨੋਟੀਫਿਕੇਸ਼ਨ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। ਜੁਆਇੰਟ ਫੋਰਮ ਪੰਜਾਬ ਦੇ ਸੱਦੇ ’ਤੇ ਸਬ ਡਿਵੀਜ਼ਨ ਟਾਂਡਾ, ਸਬ ਅਰਬਨ ਟਾਂਡਾ, ਸ਼ਹਿਰੀ ਅਤੇ ਕੰਧਾਲਾ ਜੱਟਾਂ ਦੇ ਸਮੂਹ ਬਿਜਲੀ ਮੁਲਾਜ਼ਮਾਂ ਨੇ ਇਕੱਤਰ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਨੋਟੀਫਿਕੇਸ਼ਨ ਨੂੰ ਮੁਲਾਜ਼ਮ ਵਿਰੋਧੀ ਦੱਸਦੇ ਹੋਏ ਉਸ ਦੀਆਂ ਕਾਪੀਆਂ ਸਾੜੀਆਂ।

ਇਸ ਮੌਕੇ ਮੰਡਲ ਭੋਗਪੁਰ ਦੇ ਪ੍ਰਧਾਨ ਦਿਲਬਰ ਸਿੰਘ ਸੈਣੀ, ਕਸ਼ਮੀਰ ਸਿੰਘ, ਨੀਰਜ ਕੁਮਾਰ ਆਦਿ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਬਿਜਲੀ ਵੰਡ ਸਬੰਧੀ ਲਾਇਸੈਂਸ ਬਾਰੇ, ਜੋ ਸੋਧਾਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਬਾਰੇ ਬਿਜਲੀ ਮੁਲਾਜ਼ਮ, ਬਿਜਲੀ ਖਪਤਕਾਰਾਂ ਅਤੇ   ਕਿਸਾਨਾਂ ਵਿੱਚ ਸਖ਼ਤ ਵਿਰੋਧ ਪਾਇਆ ਜਾ ਰਿਹਾ ਹੈ। ਇਸ ਤਰ੍ਹਾਂ ਕਰਨਾ ਸਰਕਾਰ ਵੱਲੋਂ ਬਿਜਲੀ ਖੇਤਰ ਨੂੰ ਨਿੱਜੀ ਅਦਾਰਿਆਂ ਦੇ ਹਵਾਲੇ ਕਰਨਾ ਹੈ, ਜਿਸ ਨਾਲ ਬਿਜਲੀ ਹੋਰ ਮਹਿੰਗੀ ਅਤੇ ਆਮ ਜਨਤਾ ਦੀ ਪਹੁੰਚ ਤੋਂ ਦੂਰ ਹੋ ਜਾਏਗੀ। ਇਸ ਤੋਂ ਇਲਾਵਾ ਬਿਜਲੀ ਮੁਲਾਜ਼ਮਾਂ ਦੀਆਂ ਸੇਵਾਵਾਂ ’ਤੇ ਡੂੰਘਾ ਅਸਰ ਪਵੇਗਾ ਅਤੇ ਕਾਮਿਆਂ ਦੇ ਰੁਜ਼ਗਾਰ ਖੋਹੇ ਜਾਣਗੇ। 

ਉਕਤ ਮੁਲਜ਼ਮਾਂ ਨੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਬਿਜਲੀ ਐਕਟ 2003 ਨਾਲ ਬਿਜਲੀ ਬੋਰਡ ਨੂੰ ਤੋੜ ਕੇ ਦੂਜੀ ਹੱਥਾਂ ਦੇਣ ਵਿਚ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ,  ਜਿਸ ਨੂੰ ਮੁਲਾਜ਼ਮ ਵਰਗ ਕਦੇ ਬਰਦਾਸ਼ਤ ਨਹੀਂ ਕਰੇਗਾ। ਇਕੱਤਰ ਹੋਏ ਸਮੂਹ ਬਿਜਲੀ ਮੁਲਾਜ਼ਮਾਂ ਨੇ ਇਸ ਮੌਕੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਅਤੇ ਮੰਗਾਂ ਨਾ ਮੰਨਣ ਦੀ ਸੂਰਤ ਵਿਚ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ ਵੀ ਦਿੱਤੀ।


rajwinder kaur

Content Editor

Related News