ਜਲੰਧਰ: ਸਿਵਲ ਹਸਪਤਾਲ ’ਚ 19 ਘੰਟੇ ਬਿਜਲੀ ਸਪਲਾਈ ਰਹੀ ਬੰਦ, ਜੈਨਰੇਟਰ ਨੇ ਫੂਕ ''ਤਾ 60 ਹਜ਼ਾਰ ਦਾ ਡੀਜ਼ਲ
Friday, Dec 30, 2022 - 02:46 PM (IST)

ਜਲੰਧਰ (ਸੁਰਿੰਦਰ)–ਸਿਵਲ ਹਸਪਤਾਲ ਦੀ ਦੇਰ ਰਾਤ 11 ਵਜੇ ਦੇ ਲਗਭਗ ਪਾਵਰ ਕੇਬਲ ਸੜਨ ਕਾਰਨ ਬਿਜਲੀ ਸਪਲਾਈ ਬੰਦ ਹੋ ਗਈ। ਪਾਵਰ ਸਟੇਸ਼ਨ ਦੇ ਅੰਦਰ 11 ਕੇ. ਵੀ. ਬਿਜਲੀ ਦੀ ਤਾਰ ਨੂੰ ਜਦੋਂ ਅੱਗ ਲੱਗੀ ਤਾਂ ਜ਼ੋਰਦਾਰ ਧਮਾਕਾ ਹੋਇਆ। ਇਸ ਤੋਂ ਬਾਅਦ ਤੁਰੰਤ ਪਾਵਰਕਾਮ ਕਰਮਚਾਰੀਆਂ ਅਤੇ ਸੀਨੀਅਰ ਡਾਕਟਰਾਂ ਨੂੰ ਸੂਚਿਤ ਕੀਤਾ ਗਿਆ। ਪਾਵਰ ਕੇਬਲ ਨੂੰ ਬਦਲਣ ਵਿਚ ਕਰਮਚਾਰੀਆਂ ਨੂੰ 19 ਘੰਟੇ ਲੱਗ ਗਏ। ਇਸ ਤੋਂ ਬਾਅਦ ਜਾ ਕੇ ਪੂਰੇ ਸਿਵਲ ਹਸਪਤਾਲ ਦੀ ਬਿਜਲੀ ਸਪਲਾਈ ਚਾਲੂ ਹੋ ਸਕੀ ਪਰ ਇਸ ਵਿਚਕਾਰ ਲਗਭਗ 60 ਹਜ਼ਾਰ ਰੁਪਏ ਦਾ ਜੈਨਰੇਟਰ ਨੇ ਡੀਜ਼ਲ ਫੂਕ ਦਿੱਤਾ। ਜਦੋਂ ਕੇਬਲ ਨੂੰ ਅੱਗ ਲੱਗੀ, ਉਸ ਤੋਂ ਬਾਅਦ ਲਗਭਗ ਅੱਧੇ ਘੰਟੇ ਤੱਕ ਕਈ ਵਾਰਡਾਂ ਵਿਚ ਬਿਜਲੀ ਸਪਲਾਈ ਚਾਲੂ ਨਹੀਂ ਹੋ ਸਕੀ ਪਰ ਜਿਸ ਵਾਰਡ ਵਿਚ ਗੰਭੀਰ ਮਰੀਜ਼ ਦਾਖ਼ਲ ਸਨ, ਉਥੇ ਜੈਨਰੇਟਰ ਚਲਾ ਕੇ ਉਨ੍ਹਾਂ ਨੂੰ ਚੈੱਕ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਘੁੰਮ ਰਹੇ ਏਜੰਟਾਂ ਦੇ ਦਲਾਲ, ਦੁਬਈ ’ਚ ਕੰਮ ਦਿਵਾਉਣ ਬਹਾਨੇ ਗ਼ਰੀਬ ਕੁੜੀਆਂ ਦੀ ਹੋ ਰਹੀ ਦਲਾਲੀ
ਕੇਬਲ ਪੁਰਾਣੀ ਹੋਣ ਕਾਰਨ ਲੱਗੀ ਅੱਗ
ਹਸਪਤਾਲ ਦੇ ਅੰਦਰ ਬਣੇ ਪਾਵਰ ਸਟੇਸ਼ਨ ਤੋਂ ਜਿੱਥੇ ਜੱਚਾ-ਬੱਚਾ ਵਾਰਡ, ਟਰੌਮਾ ਸੈਂਟਰ ਅਤੇ ਹੋਰ ਵਾਰਡ ਚੱਲਦੇ ਹਨ, ਉਨ੍ਹਾਂ ਲਈ 3 ਵੱਖ-ਵੱਖ ਜੈਨਰੇਟਰ ਰੱਖੇ ਗਏ ਹਨ। ਬਿਜਲੀ ਸਪਲਾਈ ਬੰਦ ਹੋਣ ਦਾ ਮੁੱਖ ਕਾਰਨ ਕੇਬਲ ਪੁਰਾਣੀ ਹੋਣਾ ਹੈ। ਕੇਬਲ ਖ਼ਰਾਬ ਹੋਣ ਕਾਰਨ ਜ਼ਿਆਦਾ ਲੋਡ ਜੁਆਇੰਟ ਸਹਿ ਨਹੀਂ ਸਕੇ, ਜਿਸ ਕਾਰਨ ਅੱਗ ਲੱਗ ਗਈ। ਪਾਵਰਕਾਮ ਕਰਮਚਾਰੀਆਂ ਅਨੁਸਾਰ ਜਲੰਧਰ ਵਿਚ ਕੇਬਲ ਮੁਹੱਈਆ ਨਾ ਹੋਣ ਕਾਰਨ ਉਨ੍ਹਾਂ ਦੂਜੀ ਥਾਂ ਤੋਂ ਮੰਗਵਾਈ, ਜਿਸ ਕਾਰਨ ਸਮਾਂ ਲੱਗ ਗਿਆ। ਜਾਣਕਾਰੀ ਅਨੁਸਾਰ ਬਿਜਲੀ ਸਪਲਾਈ ਰਾਤ 11 ਵਜੇ ਬੰਦ ਹੋਈ ਅਤੇ ਅਗਲੇ ਦਿਨ ਵੀਰਵਾਰ ਸ਼ਾਮੀਂ 6 ਵਜੇ ਤੱਕ ਜਾ ਕੇ ਠੀਕ ਹੋਈ।
600 ਲਿਟਰ ਡੀਜ਼ਲ ਲੱਗਾ ਬਿਜਲੀ ਸਪਲਾਈ ਚਾਲੂ ਰੱਖਣ ’ਚ
ਕਰਮਚਾਰੀ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ 3 ਵੱਡੇ ਜੈਨਰੇਟਰ ਰੱਖੇ ਹੋਏ ਹਨ। ਬੁੱਧਵਾਰ ਰਾਤ ਤੋਂ ਲੈ ਕੇ ਵੀਰਵਾਰ ਸ਼ਾਮ ਤੱਕ 600 ਲਿਟਰ ਦੇ ਲਗਭਗ ਡੀਜ਼ਲ ਬਿਜਲੀ ਸਪਲਾਈ ਚਾਲੂ ਰੱਖਣ ਵਿਚ ਖਰਚ ਹੋ ਗਿਆ। ਮੈਡੀਕਲ ਸੁਪਰਡੈਂਟ ਡਾ. ਰਾਜੀਵ ਸ਼ਰਮਾ ਨੇ ਦੱਸਿਆ ਕਿ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ, ਇਸਦੇ ਲਈ ਦੇਰ ਰਾਤ ਹੀ ਡੀਜ਼ਲ ਮੰਗਵਾ ਕੇ ਰੱਖ ਦਿੱਤਾ ਸੀ ਤਾਂ ਕਿ ਜੇਕਰ ਫਾਲਟ ਸਹੀ ਸਮੇਂ ’ਤੇ ਠੀਕ ਨਾ ਹੋਵੇ ਤਾਂ ਘੱਟ ਤੋਂ ਘੱਟ ਜੈਨਰੇਟਰ ਨਾਲ ਬਿਜਲੀ ਸਪਲਾਈ ਚਾਲੂ ਰੱਖੀ ਜਾ ਸਕੇ।
ਇਹ ਵੀ ਪੜ੍ਹੋ : ਕਪੂਰਥਲਾ 'ਚ ਵਾਪਰਿਆ ਭਿਆਨਕ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਪੁਲਸ ਮੁਲਾਜ਼ਮ ਦੀ ਦਰਦਨਾਕ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ