100 ਕਿਲੋਵਾਟ ਤੋਂ ਉੱਪਰ ਬਿਜਲੀ ਦੀ ਵਰਤੋਂ ਕਰਨ ਵਾਲੀ ਇੰਡਸਟਰੀ ਹਾਲੋਂ ਬੇਹਾਲ

Sunday, Jul 11, 2021 - 05:26 PM (IST)

100 ਕਿਲੋਵਾਟ ਤੋਂ ਉੱਪਰ ਬਿਜਲੀ ਦੀ ਵਰਤੋਂ ਕਰਨ ਵਾਲੀ ਇੰਡਸਟਰੀ ਹਾਲੋਂ ਬੇਹਾਲ

ਜਲੰਧਰ (ਪੁਨੀਤ)- ਪੰਜਾਬ ਵਿੱਚ ਪਿਛਲੇ 10 ਦਿਨਾਂ ਤੋਂ ਸ਼ੁਰੂ ਹੋਏ ਪਾਵਰ ਕੱਟਾਂ ਨਾਲ ਪੰਜਾਬ ਦੀ ਇੰਡਸਟਰੀ ਬੇਹਾਲ ਹੈ ਅਤੇ ਨਾਰਥ ਜ਼ੋਨ ਵਿਚ ਪ੍ਰੋਡਕਸ਼ਨ ਲਾਸ 10,000 ਤੋਂ ਪਾਰ ਜਾ ਚੁੱਕਾ ਹੈ, ਜਿਸ ਕਾਰਨ ਇੰਡਸਟਰੀ ਚੋਂ ਲੇਬਰ ਵਾਪਸ ਪਰਤਣ ਲੱਗੀ ਹੈ। ਉਦਯੋਗਪਤੀਆਂ ਵੱਲੋਂ ਇੰਡਸਟਰੀ ਵਿਚ ਕੰਮ ਨਾ ਚੱਲਣ ਦੇ ਬਾਵਜੂਦ ਲੇਬਰ ਨੂੰ ਤਨਖ਼ਾਹ ਦਿੱਤੀ ਜਾ ਰਹੀ ਹੈ ਪਰ ਸਰਕਾਰ ਵੱਲੋਂ ਕਿਸੇ ਕਿਸਮ ਦੀ ਰਾਹਤ ਨਜ਼ਰ ਨਹੀਂ ਆ ਰਹੀ ਹੈ।

ਇਹ ਵੀ ਪੜ੍ਹੋ: ਬੰਗਾ ਵਿਖੇ ਲੁਟੇਰਿਆਂ ਦਾ ਖ਼ੌਫ਼, ਕਰਮਚਾਰੀਆਂ 'ਤੇ ਹਮਲਾ ਕਰਕੇ ਲੁਟਿਆ ਪੈਟਰੋਲ ਪੰਪ

ਪਾਵਰ ਨਿਗਮ ਵੱਲੋਂ ਪਿਛਲੀ ਵਾਰ ਜੋ ਹੁਕਮ ਜਾਰੀ ਕੀਤੇ ਗਏ ਸਨ, ਉਨ੍ਹਾਂ ਮੁਤਾਬਕ ਲਾਰਜ ਸਪਲਾਈ (ਐੱਲ. ਐੱਸ.) ਕੁਨੈਕਸ਼ਨਾਂ ਨੂੰ ਲੋਡ ਦਾ 10 ਫ਼ੀਸਦੀ ਜਾਂ 50 ਕਿਲੋਵਾਟ ਤਕ ਚੱਲਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਹੁਣ ਇਹ ਰਾਹਤ ਵਧਾ ਦਿੱਤੀ ਗਈ ਹੈ। ਐੱਲ. ਐੱਸ. ਹੁਣ ਰਾਤ 8 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ 100 ਕਿਲੋਵਾਟ ਤੱਕ ਲੋਡ ਚਲਾ ਸਕਦੀ ਹੈ। ਹਾਲਾਂਕਿ ਐੱਲ. ਐੱਸ. ਨੂੰ ਦਿੱਤੀ ਗਈ ਇਹ ਰਾਹਤ ਸਿਰਫ਼ ਦਿਖਾਵਾ ਹੈ, ਜਿਨ੍ਹਾਂ ਉਦਯੋਗਾਂ ਕੋਲ 1000 ਕਿਲੋਵਾਟ ਦੇ ਕੁਨੈਕਸ਼ਨ ਹਨ, ਉਹ 100 ਕਿਲੋਵਾਟ ਤੋਂ ਕਿਵੇਂ ਘੱਟ ਚੱਲਣਗੇ। ਜਲੰਧਰ ਜ਼ੋਨ ਵਿਚ 2000 ਕਿਲੋਵਾਟ ਦੇ ਬਿਜਲੀ ਕੁਨੈਕਸ਼ਨ ਹਨ, ਜਿਨ੍ਹਾਂ ’ਤੇ ਇਹ ਸ਼ਰਤ ਲਾਗੂ ਨਹੀਂ ਹੁੰਦੀ। ਇਹ ਕੱਟ ਮੀਡੀਅਮ ਸਪਲਾਈ ਵਾਲੇ 99 ਕਿਲੋਵਾਟ ਅਤੇ 20 ਕਿਲੋਵਾਟ ਤੋਂ ਘੱਟ ਵਾਲੇ ਕੁਨੈਕਸ਼ਨਾਂ ’ਤੇ ਲਾਗੂ ਨਹੀਂ ਹੁੰਦਾ। ਇਸ ਸਬੰਧੀ ਜਗ ਬਾਣੀ ਵੱਲੋਂ ਸ਼ਹਿਰ ਦੇ ਮੁੱਖ ਉਦਯੋਗਪਤੀਆਂ ਨਾਲ ਗੱਲ ਕੀਤੀ ਗਈ, ਜ਼ਿਆਦਾਤਰ ਉਦਯੋਗਪਤੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਰਾਹਤ ਦਿੱਤੀ ਜਾਣੀ ਚਾਹੀਦੀ ਹੈ। ਪੇਸ਼ ਹਨ ਗੱਲਬਾਤ ਵਿਚ ਉਦਯੋਗਪਤੀਆਂ ਵੱਲੋਂ ਰੱਖੇ ਗਏ ਵਿਚਾਰ :-

ਇੰਡਸਟਰੀ ਨੂੰ ਖ਼ਤਮ ਕਰਨ ਦੇ ਕਗਾਰ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ : ਸੁਰੇਸ਼ ਸ਼ਰਮਾ
ਐੱਚ. ਆਰ. ਇੰਡਸਟਰੀਜ਼ ਦੇ ਐੱਮ. ਡੀ. ਸੁਰੇਸ਼ ਸ਼ਰਮਾ ਦਾ ਕਹਿਣਾ ਹੈ ਕਿ ਪੰਜਾਬ ਵਿਚ ਇੰਡਸਟਰੀ ਨੂੰ ਖ਼ਤਮ ਕਰਨ ਦੇ ਕਗਾਰ ’ਤੇ ਲਿਆ ਖੜ੍ਹਾ ਕਰ ਦਿੱਤਾ ਹੈ। ਡੀਜ਼ਲ ਬੇਹੱਦ ਮਹਿੰਗਾ ਹੋ ਚੁੱਕਾ ਹੈ। ਜਨਰੇਟਰ ਚਲਾਉਣੇ ਬਿਜਲੀ ਤੋਂ ਚਾਰ ਗੁਣਾ ਮਹਿੰਗੇ ਪੈਂਦੇ ਹਨ, ਸਰਕਾਰ ਨੂੰ ਰਾਹਤ ਦੇਣੀ ਚਾਹੀਦੀ ਹੈ।

ਪਾਵਰਕਾਮ ਪਹਿਲਾਂ ਇੰਤਜ਼ਾਮ ਕਰਦਾ ਤਾਂ ਇਹ ਨੌਬਤ ਨਾ ਆਉਂਦੀ : ਵਿਵੇਕ ਗੁਪਤਾ
ਅਲਾਸਕਾ ਗਰੁੱਪ ਦੇ ਡਾਇਰੈਕਟਰ ਵਿਵੇਕ ਗੁਪਤਾ ਦਾ ਕਹਿਣਾ ਹੈ ਕਿ ਸਰਕਾਰ ਨੂੰ ਪਹਿਲਾਂ ਹੀ ਡਿਮਾਂਡ ਵਧਣ ਦੀ ਰਿਪੋਰਟ ਮਿਲ ਗਈ ਸੀ, ਇਸ ਲਈ ਜ਼ਰੂਰਤ ਸੀ ਕਿ ਬਿਜਲੀ ਦਾ ਪ੍ਰਬੰਧ ਪਹਿਲਾਂ ਹੀ ਕਰ ਲਿਆ ਜਾਂਦਾ ਤਾਂ ਇਹ ਨੌਬਤ ਨਾ ਆਉਂਦੀ, ਇਸ ਸਮੇਂ ਹਾਲਾਤ ਬੇਹੱਦ ਖਰਾਬ ਹੋ ਚੁੱਕੇ ਹਨ।

ਇਹ ਵੀ ਪੜ੍ਹੋ: ਮੱਧ ਪ੍ਰਦੇਸ਼ ’ਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਨੈੱਟਵਰਕ ਦਾ ਪਰਦਾਫਾਸ਼, ਮੁੱਖ ਸਪਲਾਇਰ ਗ੍ਰਿਫ਼ਤਾਰ

ਤੁਰੰਤ ਆਰਡਰ ਨਾ ਭੁਗਤਾਏ ਤਾਂ ਹੋਵੇਗਾ ਕਰੋੜਾਂ ਦਾ ਨੁਕਸਾਨ : ਸੁਦਰਸ਼ਨ ਸ਼ਰਮਾ
ਫੋਕਲ ਪੁਆਇੰਟ ਸਥਿਤ ਵਿਜੇ ਸਾਈਕਲ ਐਂਡ ਸਟੀਲ ਇੰਡਸਟਰੀ ਅਤੇ ਐੱਚ. ਆਰ. ਗਰੁੱਪ ਦੇ ਐੱਮ. ਡੀ. ਸੁਦਰਸ਼ਨ ਸ਼ਰਮਾ ਦਾ ਕਹਿਣਾ ਹੈ ਕਿ ਰੋਲਿੰਗ ਯੂਨਿਟ ਬੰਦ ਹੋਣ ਨਾਲ ਰਾਅ ਮਟੀਰੀਅਲ ਨਹੀਂ ਆ ਰਿਹਾ। ਸਾਡੇ ਟੈਕਸਾਂ ਨਾਲ ਦੂਜਿਆਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ। ਕੋਵਿਡ ਵਿਚ ਆਪਣੇ ਪੈਸਿਆਂ ਵਿਚੋਂ ਤਨਖਾਹ ਦਿੱਤੀ ਜਾ ਚੁੱਕੀ ਹੈ।

ਰਾਹਤ ਨਾ ਮਿਲੀ ਤਾਂ ਪੰਜਾਬ ਤੋਂ ਲੱਖਾਂ ਦੀ ਲੇਬਰ ਕਰ ਜਾਵੇਗੀ ਪਲਾਇਨ : ਮੁਕੰਦ ਰਾਏ ਗੁਪਤਾ
ਵਿਨੋਦ ਆਟੋ ਇੰਡਸਟਰੀ ਦੇ ਚੇਅਰਮੈਨ ਅਤੇ ਐਕਸਪੋਰਟ ਮੁਕੰਦ ਰਾਏ ਗੁਪਤਾ ਦਾ ਕਹਿਣਾ ਹੈ ਕਿ ਪੰਜਾਬ ਨੂੰ ਤੁਰੰਤ ਪ੍ਰਭਾਵ ਨਾਲ ਰਾਹਤ ਦਿੱਤੀ ਜਾਣ ਦੀ ਜ਼ਰੂਰਤ ਹੈ। ਜੇਕਰ ਤੁਰੰਤ ਪ੍ਰਭਾਵ ਨਾਲ ਰਾਹਤ ਨਾ ਦਿੱਤੀ ਗਈ ਤਾਂ ਪੰਜਾਬ ਤੋਂ ਲੱਖਾਂ ਦੀ ਗਿਣਤੀ ਵਿਚ ਲੇਬਰ ਆਪਣੇ ਸੂਬਿਆਂ ਨੂੰ ਪਲਾਇਨ ਕਰ ਜਾਵੇਗੀ, ਜੋ ਕਿ ਪੰਜਾਬ ਨੂੰ ਭਾਰੀ ਪਵੇਗਾ।

ਇਹ ਵੀ ਪੜ੍ਹੋ: ਗੋਬਿੰਦ ਸਾਗਰ ਝੀਲ 'ਚ ਨੌਜਵਾਨ ਦੀ ਤੈਰਦੀ ਲਾਸ਼ ਨੂੰ ਵੇਖ ਲੋਕਾਂ ਦੇ ਉੱਡੇ ਹੋਸ਼, ਪਿਆ ਚੀਕ-ਚਿਹਾੜਾ

ਸਰਕਾਰ ਅਸਫ਼ਲ ਉਦਯੋਗ ਬੁਰੀ ਤਰ੍ਹਾਂ ਬਰਬਾਦ : ਵਿਨੋਦ ਘਈ
ਯੂਨੀਕ ਗਰੁੱਪ ਆਫ ਇੰਡਸਟਰੀ ਦੇ ਚੇਅਰਮੈਨ ਵਿਨੋਦ ਘਈ ਦਾ ਕਹਿਣਾ ਹੈ ਕਿ ਸਰਕਾਰ ਪੂਰੀ ਤਰ੍ਹਾਂ ਅਸਫ਼ਲ ਹੋ ਚੁੱਕੀ ਹੈ। ਉਦਯੋਗ ਬੁਰੀ ਤਰ੍ਹਾਂ ਬਰਬਾਦ ਕੀਤੇ ਜਾ ਰਹੇ ਹਨ। ਇਸ ਸਮੇਂ ਲੋਕਾਂ ਦੀ ਪ੍ਰੇਸ਼ਾਨੀ ਵਧਦੀ ਜਾ ਰਹੀ ਹੈ। ਸਰਕਾਰ ਨੇ ਪਹਿਲਾਂ ਇੰਤਜ਼ਾਮ ਨਹੀਂ ਕੀਤੇ, ਜਿਸ ਕਾਰਨ ਪੰਜਾਬ ਦਾ ਇਹ ਹਾਲ ਹੋਇਆ।

ਸਰਕਾਰ ਵੱਲੋਂ ਆਪਣੇ ਕਮਾਊ ਪੁੱਤ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਰਿਹੈ : ਮਨੀਸ਼ ਕਵਾਤਰਾ
ਜਲੰਧਰ ਆਟੋ ਪਾਰਟਸ ਐਸੋਸੀਏਸ਼ਨ ਦੇ ਕੈਸ਼ੀਅਰ ਮੁਨੀਸ਼ ਕਵਾਤਰਾ ਦਾ ਕਹਿਣਾ ਹੈ ਕਿ ਪੰਜਾਬ ਵਿਚ ਸਰਕਾਰ ਨੂੰ ਸਭ ਤੋਂ ਵੱਧ ਰੈਵੇਨਿਊ ਇੰਡਸਟਰੀ ਤੋਂ ਮਿਲਦਾ ਹੈ ਅਤੇ ਕੱਟ ਲਾ ਕੇ ਆਪਣੇ ਕਮਾਊ ਪੁੱਤ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਜ਼ਰੂਰਤ ਹੈ ਕਿ ਤੁਰੰਤ ਪ੍ਰਭਾਵ ਨਾਲ ਘੱਟ ਖ਼ਤਮ ਕਰ ਕੇ ਇੰਡਸਟਰੀ ਨੂੰ ਰਾਹਤ ਦਿੱਤੀ ਜਾਵੇ।

ਸਰਕਾਰ ਨੂੰ ਵੀ ਵੱਡੇ ਪੱਧਰ 'ਤੇ ਹੋਵੇਗਾ ਵਿੱਤੀ ਨੁਕਸਾਨ : ਗਾਂਧੀ
ਇਸ ਸੰਬੰਧ ਵਿਚ ਉਦਯੋਗਪਤੀ ਆਰ. ਕੇ. ਗਾਂਧੀ ਦਾ ਕਹਿਣਾ ਹੈ ਕਿ ਸਰਕਾਰ ਨੇ ਜੇਕਰ ਤੁਰੰਤ ਪ੍ਰਭਾਵ ਨਾਲ ਇਸ ਪ੍ਰਤੀ ਨਾ ਸੋਚਿਆ ਤਾਂ ਉਸ ਨੂੰ ਵੀ ਵੱਡੇ ਪੱਧਰ 'ਤੇ ਵਿੱਤੀ ਨੁਕਸਾਨ ਹੋਵੇਗਾ। ਇਸ ਕਾਰਨ ਪੰਜਾਬ ਵਿੱਚ ਹੋਣ ਵਾਲੇ ਵਿਕਾਸ ਕਾਰਜ ਰੁਕ ਜਾਣਗੇ।

ਇਹ ਵੀ ਪੜ੍ਹੋ: ਰੂਪਨਗਰ ਦੇ ਮੋਰਿੰਡਾ ’ਚ ਸ਼ਰਮਨਾਕ ਘਟਨਾ, 25 ਸਾਲਾ ਨੌਜਵਾਨ ਵੱਲੋਂ 4 ਸਾਲਾ ਬੱਚੀ ਨਾਲ ਜਬਰ-ਜ਼ਿਨਾਹ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News