ਆਰਥਿਕ ਮੰਦੀ ਅੱਗੇ ਹਾਰਿਆ ਹੋਟਲ ਮਹਾਰਾਜਾ ਦਾ ਸਾਬਕਾ ਲੀਜ਼ ਹੋਲਡਰ

Friday, Feb 07, 2020 - 01:32 PM (IST)

ਆਰਥਿਕ ਮੰਦੀ ਅੱਗੇ ਹਾਰਿਆ ਹੋਟਲ ਮਹਾਰਾਜਾ ਦਾ ਸਾਬਕਾ ਲੀਜ਼ ਹੋਲਡਰ

ਜਲੰਧਰ (ਵਰੁਣ): ਰੇਲਵੇ ਰੋਡ ਸਥਿਤ ਮਸ਼ਹੂਰ ਹੋਟਲ ਮਹਾਰਾਜਾ ਦੇ ਸਾਬਕਾ ਲੀਜ਼ ਹੋਲਡਰ ਅਸ਼ੋਕ ਕੁਮਾਰ ਸੇਠੀ ਨੇ ਕਮਜ਼ੋਰ ਆਰਥਿਕ ਹਾਲਾਤ ਕਾਰਣ ਖੁਦਕੁਸ਼ੀ ਕਰ ਲਈ। ਉਨ੍ਹਾਂ ਵੀਰਵਾਰ ਸਵੇਰੇ 9 ਵਜੇ ਪਠਾਨਕੋਟ ਚੌਕ ਫਲਾਈਓਵਰ ਤੋਂ ਛਾਲ ਮਾਰ ਦਿੱਤੀ, ਜਿਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 6 ਮਹੀਨੇ ਪਹਿਲਾਂ ਹੀ ਹੋਟਲ ਮਹਾਰਾਜਾ ਦੀ ਲਈ ਗਈ ਲੀਜ਼ ਦੀ ਮਿਆਦ ਖਤਮ ਹੋਈ ਸੀ।

PunjabKesari

62 ਸਾਲ ਦੇ ਅਸ਼ੋਕ ਕੁਮਾਰ ਡੇਢ ਮਹੀਨੇ ਤੋਂ ਅਮਨ ਨਗਰ 'ਚ ਆਪਣੀ ਪਤਨੀ ਨਾਲ ਕਿਰਾਏ ਦੇ ਮਕਾਨ 'ਚ ਰਹਿ ਰਹੇ ਸਨ। ਲੀਜ਼ ਖਤਮ ਹੋਣ 'ਤੇ ਉਨ੍ਹਾਂ ਦੇ ਪਾਰਟਨਰ ਨੇ ਲੀਜ਼ ਦੁਬਾਰਾ ਕਰ ਲਈ ਪਰ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਣ ਅਸ਼ੋਕ ਕੁਮਾਰ ਸੇਠੀ ਲੀਜ਼ ਨਹੀਂ ਲੈ ਸਕੇ। ਕਾਫੀ ਸਮੇਂ ਤੱਕ ਕੋਈ ਕੰਮ ਸਿਰੇ ਨਹੀ ਚੜ੍ਹਿਆ ਤਾਂ ਅਸ਼ੋਕ ਕੁਮਾਰ ਸੇਠੀ ਪ੍ਰੇਸ਼ਾਨ ਰਹਿਣ ਲੱਗੇ। ਇਲਾਕੇ ਦੇ ਲੋਕਾਂ ਦੀ ਮੰਨੀਏ ਤਾਂ 10 ਦਿਨ ਪਹਿਲਾਂ ਵੀ ਉਨ੍ਹਾਂ ਨਸ਼ੇ ਵਾਲੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਬਚਾਅ ਲਿਆ ਸੀ। 3 ਦਿਨ ਪਹਿਲਾਂ ਉਨ੍ਹਾਂ ਅਮਨ ਨਗਰ ਦੇ ਅਮਰ ਗਾਰਡਨ ਕੋਲ ਕੁਆਲਿਟੀ ਫੂਡ ਦੇ ਨਾਂ ਨਾਲ ਇਕ ਛੋਟਾ ਰੈਸਟੋਰੈਂਟ ਖੋਲ੍ਹਿਆ ਸੀ, ਜਿਸ ਦੇ ਇਸ਼ਤਿਹਾਰ ਉਹ ਖੁਦ ਹੀ ਵੰਡ ਰਹੇ ਸਨ। ਵੀਰਵਾਰ ਸਵੇਰੇ ਕਿਸੇ ਗੱਲ 'ਤੇ ਉਨ੍ਹਾਂ ਆਪਣੀ ਜੇਬ ਵਿਚੋਂ ਪੈਸੇ ਕੱਢੇ ਤਾਂ 120 ਰੁਪਏ ਨਿਕਲੇ। ਇਹ ਵੇਖ ਆਪਣੀ ਪਤਨੀ ਨੂੰ ਕਹਿਣ ਲੱਗੇ ਕਿ ਇੰਨੇ ਪੈਸੇ ਕਿੰਨੇ ਦਿਨ ਚੱਲਣਗੇ। ਇਹ ਕਹਿ ਕੇ ਉਹ ਨਵੇਂ ਖੋਲ੍ਹੇ ਰੈਸਟੋਰੈਂਟ ਦੇ ਪ੍ਰਚਾਰ ਲਈ ਇਸ਼ਤਿਹਾਰ ਵੰਡਣ ਦੀ ਗੱਲ ਕਰਦਿਆਂ ਘਰੋਂ ਆਪਣੀ ਗੱਡੀ ਵਿਚ ਨਿਕਲ ਗਏ। ਸਵੇਰੇ ਕਰੀਬ 9 ਵਜੇ ਅਸ਼ੋਕ ਕੁਮਾਰ ਨੇ ਪਠਾਨਕੋਟ ਚੌਕ ਫਲਾਈਓਵਰ 'ਤੇ ਜਾ ਕੇ ਆਪਣੀ ਗੱਡੀ ਖੜ੍ਹੀ ਕੀਤੀ ਅਤੇ ਫਲਾਈਓਵਰ ਤੋਂ ਹੇਠਾਂ ਛਾਲ ਮਾਰ ਦਿੱਤੀ।
ਅਸ਼ੋਕ ਕੁਮਾਰ ਹੇਠਾਂ ਪਾਰਕ ਵਿਚ ਡਿੱਗੇ ਅਤੇ ਬੇਹੋਸ਼ ਹੋ ਗਏ। ਲੋਕਾਂ ਦੀ ਨਜ਼ਰ ਪਈ ਤਾਂ ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਨੇੜੇ ਹੀ ਸਥਿਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਅਸ਼ੋਕ ਕੁਮਾਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਅਸ਼ੋਕ ਕੁਮਾਰ ਤੋਂ ਮਿਲੇ ਪਛਾਣ-ਪੱਤਰਾਂ ਦੀ ਮਦਦ ਨਾਲ ਉਨ੍ਹਾਂ ਦੀ ਪਛਾਣ ਕਰ ਕੇ ਪਤਨੀ ਨੂੰ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਉਹ ਵੀ ਮੌਕੇ 'ਤੇ ਪਹੁੰਚ ਗਈ। ਥਾਣਾ 8 ਦੇ ਏ. ਐੱਸ. ਆਈ. ਕਿਸ਼ੋਰ ਕੁਮਾਰ ਨੇ ਦੱਸਿਆ ਕਿ ਅਸ਼ੋਕ ਕੁਮਾਰ ਦੀ ਬੇਟੀ ਦਿੱਲੀ ਵਿਚ ਵਿਆਹੀ ਹੋਈ ਹੈ, ਜੋ ਆਫਿਸ ਦੇ ਕੰਮ ਲਈ ਤੁਰਕੀ ਗਈ ਹੋਈ ਹੈ। ਉਸ ਦੇ ਆਉਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਸ ਨੇ ਫਿਲਹਾਲ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਅਸ਼ੋਕ ਕੁਮਾਰ ਕੋਲੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਅਤੇ ਨਾ ਹੀ ਉਨ੍ਹਾਂ ਦੀ ਪਤਨੀ ਨੇ ਕਿਸੇ 'ਤੇ ਕੋਈ ਦੋਸ਼ ਲਾਏ ਹਨ। ਪੁਲਸ ਹੁਣ ਅਸ਼ੋਕ ਕੁਮਾਰ ਦੀ ਬੇਟੀ ਦੀ ਸਟੇਟਮੈਂਟ 'ਤੇ ਅਗਲੀ ਕਾਰਵਾਈ ਕਰੇਗੀ।

ਗੋਲੀਆਂ ਖਾਣ ਤੋਂ ਬਾਅਦ ਇਕੱਲਾ ਨਹੀਂ ਛੱਡਦੀ ਸੀ ਪਤਨੀ
ਇਲਾਕੇ ਦੇ ਲੋਕਾਂ ਦੀ ਮੰਨੀਏ ਤਾਂ ਕਰੀਬ 10 ਦਿਨ ਪਹਿਲਾਂ ਜਦੋਂ ਅਸ਼ੋਕ ਕੁਮਾਰ ਨੇ ਨਸ਼ੇ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ ਤਾਂ ਇਲਾਕੇ ਦੇ ਹੀ ਇਕ ਡਾਕਟਰ ਨੇ ਉਨ੍ਹਾਂ ਦਾ ਇਲਾਜ ਕੀਤਾ ਸੀ। ਉਹ ਲਗਾਤਾਰ ਪ੍ਰੇਸ਼ਾਨ ਸਨ, ਜਿਸ ਕਾਰਣ ਅਸ਼ੋਕ ਕੁਮਾਰ ਦੀ ਪਤਨੀ ਉਨ੍ਹਾਂ ਨੂੰ ਇਕੱਲਾ ਨਹੀਂ ਛੱਡਦੀ ਸੀ। ਅਸ਼ੋਕ ਕੁਮਾਰ ਦੀ ਪਤਨੀ ਹੁਣ ਕੁਝ ਨਿਸ਼ਚਿੰਤ ਸੀ ਕਿਉਂਕਿ ਅਸ਼ੋਕ ਨੇ ਆਪਣਾ ਰੈਸਟੋਰੈਂਟ ਖੋਲ੍ਹ ਲਿਆ ਸੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਅਸ਼ੋਕ ਕੁਮਾਰ ਦੁਬਾਰਾ ਅਜਿਹਾ ਕਦਮ ਚੁੱਕ ਲੈਣਗੇ।


author

Shyna

Content Editor

Related News