ਪਿਆਜ਼ਾਂ ਦੀਆਂ ਬੋਰੀਆਂ ਹੇਠ ਲੁਕਾ ਕੇ ਐੱਮ. ਪੀ. ਬਾਰਡਰ ਤੋਂ ਲਿਆ ਰਹੇ ਸਨ ਚੂਰਾ-ਪੋਸਤ

Friday, Jun 08, 2018 - 06:14 AM (IST)

ਜਲੰਧਰ, 7 ਜੂਨ (ਮਹੇਸ਼)- ਰਾਜਸਥਾਨ ਵਿਚ ਪੈਂਦੇ ਐੱਮ. ਪੀ. ਬਾਰਡਰ ਤੋਂ 10 ਟਾਇਰੀ ਟਰੱਕ ਵਿਚ ਪਿਆਜ਼ਾਂ ਹੇਠ ਲੁਕੋ ਕੇ 19 ਕੁਇੰਟਲ ਚੂਰਾ-ਪੋਸਤ ਦੀਆਂ 50 ਬੋਰੀਆਂ ਲਿਆ ਰਹੇ ਦੋ ਸਮੱਗਲਰਾਂ ਨੂੰ ਥਾਣਾ ਸਦਰ ਦੀ ਪੁਲਸ ਨੇ ਆਪਣੀ ਮੰਜ਼ਿਲ 'ਤੇ ਪਹੁੰਚਣ ਤੋਂ ਪਹਿਲਾਂ ਹੀ ਵੀਰਵਾਰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਗੁਰਦੀਪ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਭਾਮੀਪੁਰ ਕਲਾਂ ਥਾਣਾ ਹਠੂਰ ਜ਼ਿਲਾ ਲੁਧਿਆਣਾ ਅਤੇ ਜਸਵੰਤ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਰਾਊਵਾਲ ਥਾਣਾ ਸਿੱਧਵਾਂ ਬੇਟ ਲੁਧਿਆਣਾ ਦਿਹਾਤੀ ਵਜੋਂ ਹੋਈ ਹੈ। 
ਥਾਣਾ ਸਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਏ. ਸੀ. ਪੀ. ਕੈਂਟ ਗੁਰਮੇਲ ਸਿੰਘ ਅਤੇ ਐੱਸ. ਐੱਚ. ਓ. ਸਦਰ ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਸ਼ੁੱਕਰਵਾਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਦੋਵਾਂ ਕੋਲੋਂ ਵੀਰਵਾਰ ਅੱਧੀ ਰਾਤ ਤੋਂ ਬਾਅਦ ਤੱਕ ਪੁੱਛਗਿੱਛ ਹੋ ਰਹੀ ਸੀ।
PunjabKesari
ਸੂਚਨਾ ਮਿਲਦਿਆਂ ਹੀ ਵਾਈ ਪੁਆਇੰਟ 'ਤੇ ਪੁਲਸ ਨੇ ਲਾਇਆ ਨਾਕਾ
ਸਦਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਵੱਡੇ ਟਰੱਕ ਵਿਚ ਪਿਆਜ਼ਾਂ ਦੀਆਂ ਬੋਰੀਆਂ ਹੇਠ ਲੁਕੋ ਕੇ ਭਾਰੀ ਮਾਤਰਾ ਵਿਚ ਚੂਰਾ-ਪੋਸਤ ਨੂੰ ਲਿਜਾਇਆ ਜਾ ਰਿਹਾ ਹੈ। ਇਸ 'ਤੇ ਇੰਸ. ਸੁਖਦੇਵ ਸਿੰਘ ਔਲਖ ਦੀ ਅਗਵਾਈ ਵਿਚ ਪੁਲਸ ਨੇ ਵਾਈ ਪੁਆਇੰਟ ਨੇੜੇ ਪ੍ਰਤਾਪਪੁਰਾ ਵਿਖੇ ਨਾਕਾਬੰਦੀ ਕੀਤੀ। ਇਕ ਤੇਜ਼ ਰਫਤਾਰ ਟਰੱਕ ਨੂੰ ਚੈਕਿੰਗ ਲਈ ਰੋਕਿਆ ਗਿਆ। ਤਲਾਸ਼ੀ ਲੈਣ 'ਤੇ ਪਿਆਜ਼ਾਂ ਦੀਆਂ ਬੋਰੀਆਂ ਹੇਠੋਂ ਚੂਰਾ-ਪੋਸਤ ਬਰਾਮਦ ਹੋਇਆ। ਇਹ 50 ਬੋਰੀਆਂ ਵਿਚ ਭਰਿਆ ਹੋਇਆ ਸੀ। ਹਰ ਬੋਰੀ 'ਚ 38-38 ਕਿਲੋ ਚੂਰਾ ਪੋਸਤ ਸੀ। ਗੁਰਦੀਪ ਸਿੰਘ ਅਤੇ ਜਸਵੰਤ ਸਿੰਘ ਪਿਆਜ਼ਾਂ ਦੀ ਆੜ ਵਿਚ ਨਸ਼ੇ ਦੀ ਸਮੱਗਲਿੰਗ ਕਰ ਰਹੇ ਸਨ। ਪਠਾਨਕੋਟ ਵਿਖੇ ਕਿਸ ਕੋਲ ਇਹ ਚੂਰਾ-ਪੋਸਤ ਪਹੁੰਚਾਉਣੀ ਸੀ, ਬਾਰੇ ਪੁਲਸ ਜਾਂਚ-ਪੜਤਾਲ ਕਰ ਰਹੀ ਹੈ।
ਰਾਜਸਥਾਨ, ਮੋਗਾ ਤੇ ਜਲੰਧਰ ਦਿਹਾਤੀ ਸਣੇ ਕੁੱਲ 11 ਕੇਸ ਹਨ ਦਰਜ
ਜਾਂਚ ਵਿਚ ਪਤਾ ਲੱਗਾ ਹੈ ਕਿ ਜ਼ੀਰਾ 'ਤੇ ਨਕੋਦਰ, ਰਾਜਸਥਾਨ, ਜਲੰਧਰ ਕੈਂਟ, ਮੋਗਾ, ਸ਼ਾਹਕੋਟ, ਜਗਰਾਓਂ, ਮਹਿਤਪੁਰ ਤੇ ਫਤਿਹਗੜ੍ਹ ਵਿਚ ਕੁਲ 11 ਚੂਰਾ-ਪੋਸਤ ਸਮੱਗਲਿੰਗ ਦੇ ਕੇਸ ਦਰਜ ਹਨ ਜਿਸ ਸੰਬੰਧੀ ਪੁਲਸ ਜਾਂਚ ਕਰ ਰਹੀ ਹੈ।


Related News