ਵੱਖ-ਵੱਖ ਮਾਮਲਿਆਂ ’ਚ ਨਸ਼ੇ ਵਾਲਾ ਪਾਊਡਰ, ਹੈਰੋਇਨ ਅਤੇ ਨਾਜਾਇਜ਼ ਸ਼ਰਾਬ ਬਰਾਮਦ

08/26/2019 6:00:26 AM

ਟਾਂਡਾ ਉਡ਼ਮੁਡ਼, (ਪੰਡਿਤ, ਮੋਮੀ)- ਜ਼ਿਲਾ ਪੁਲਸ ਮੁਖੀ ਗੌਰਵ ਗਰਗ ਅਤੇ ਡੀ. ਐੱਸ. ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਟਾਂਡਾ ਪੁਲਸ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਗਈ ਮੁਹਿੰਮ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਟਾਂਡਾ ਪੁਲਸ ਨੇ ਚਾਰ ਮਾਮਲੇ ਦਰਜ ਕਰ ਕੇ ਮੁਲਜ਼ਮਾਂ ਨੂੰ ਨਸ਼ੇ ਵਾਲੇ ਪਦਾਰਥਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ।

ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਥਾਣੇਦਾਰ ਬਲਵਿੰਦਰ ਸਿੰਘ ਅਤੇ ਬਲਵੀਰ ਸਿੰਘ ਦੀ ਟੀਮ ਨੇ ਗਸ਼ਤ ਦੌਰਾਨ ਪਿੰਡ ਬੈਂਚਾਂ ਨਜ਼ਦੀਕ ਐਕਟਿਵਾ ਸਵਾਰ ਦੋ ਵਿਅਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵਿਚੋਂ ਇਕ ਪੁਲਸ ਟੀਮ ਨੂੰ ਦੇਖ ਕੇ ਮੌਕੇ ਤੋਂ ਭੱਜਣ ਵਿਚ ਸਫਲ ਹੋ ਗਿਆ, ਜਦਕਿ ਦੂਸਰੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਦਿਲਪ੍ਰੀਤ ਸਿੰਘ ਪੁੱਤਰ ਰੂਪ ਲਾਲ ਨਿਵਾਸੀ ਮਿਰਜ਼ਾਪੁਰ ਵਜੋਂ ਹੋਈ। ਐਕਟਿਵਾ ਦੀ ਤਲਾਸ਼ੀ ਦੌਰਾਨ ਉਸ ਵਿਚੋਂ ਚੰਡੀਗਡ਼੍ਹ ਵਿਚ ਵਿਕਰੀ ਲਈ ਬਣੀ ਵ੍ਹਿਸਕੀ ਦੀਆਂ 36 ਬੋਤਲਾਂ ਬਰਾਮਦ ਹੋਈਆਂ, ਜਿਨ੍ਹਾਂ ਦਾ ਉਸ ਕੋਲ ਕੋਈ ਪਰਮਿਟ ਜਾਂ ਲਾਇਸੈਂਸ ਮੌਜੂਦ ਨਹੀਂ ਸੀ। ਪੁਲਸ ਨੇ ਦਿਲਪ੍ਰੀਤ ਅਤੇ ਭੱਜਣ ਵਿਚ ਸਫਲ ਰਹੇ ਉਸ ਦੇ ਸਾਥੀ ਸੰਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਮਿਰਜ਼ਾਪੁਰ ਖਿਲਾਫ਼ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ।

ਇਸੇ ਤਰ੍ਹਾਂ ਥਾਣੇਦਾਰ ਰਣਜੀਤ ਸਿੰਘ ਦੀ ਪੁਲਸ ਟੀਮ ਨੇ ਸੰਤ ਨਗਰ ਨਜ਼ਦੀਕ ਸਰਕਾਰੀ ਕਾਲਜ ਟਾਂਡਾ ਨਿਵਾਸੀ ਸੁਖਦੀਪ ਕੌਰ ਰੂਬੀ ਪਤਨੀ ਅਵਤਾਰ ਸਿੰਘ ਨੂੰ 110 ਗ੍ਰਾਮ ਨਸ਼ੇ ਵਾਲੇ ਪਾਊਡਰ ਸਮੇਤ ਕਾਬੂ ਕਰ ਕੇ ਉਸ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕੀਤਾ ਹੈ। ਅਜਿਹੇ ਹੀ ਇਕ ਹੋਰ ਮਾਮਲੇ ਵਿਚ ਏ. ਐੱਸ. ਆਈ. ਗੁਰਬਚਨ ਸਿੰਘ ਦੀ ਟੀਮ ਨੇ ਦਾਣਾ ਮੰਡੀ ਮੋਡ਼ ਟਾਂਡਾ ਤੋਂ ਜਗਤਾਰ ਸਿੰਘ ਉਰਫ ਬਿੱਲਾ ਪੁੱਤਰ ਜੱਸਾ ਸਿੰਘ ਵਾਸੀ ਪ੍ਰੀਤ ਨਗਰ ਦਾਰਾਪੁਰ ਬਾਈਪਾਸ ਟਾਂਡਾ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕੀਤਾ ਹੈ ਅਤੇ ਐੱਸ. ਆਈ. ਜਸਬੀਰ ਸਿੰਘ ਦੀ ਟੀਮ ਨੇ ਅੱਡਾ ਸਰਾਂ ਤੋਂ ਅਵਤਾਰ ਸਿੰਘ ਉਰਫ ਤਾਰੀ ਪੁੱਤਰ ਅਮਰ ਸਿੰਘ ਵਾਸੀ ਢੱਟਾਂ ਕੋਲੋਂ ਉਸ ਦੇ ਸਾਈਕਲ ਸਟੈਂਡ ਤੋਂ 14250 ਮਿਲੀਲਿਟਰ ਸ਼ਰਾਬ ਬਰਾਮਦ ਕੀਤੀ, ਜੋ ਕਿ ਚੰਡੀਗਡ਼੍ਹ ਵਿਚ ਵਿਕਰੀ ਲਈ ਬਣੀ ਹੋਈ ਸੀ। ਸ਼ਰਾਬ ਸਬੰਧੀ ਕੋਈ ਵੀ ਪਰਮਿਟ ਪੇਸ਼ ਨਾ ਕਰਨ ਕਾਰਨ ਉਕਤ ਦੋਸ਼ੀ ਖਿਲਾਫ਼ ਵੀ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ।


Bharat Thapa

Content Editor

Related News