ਡਰੱਗ ਓਵਰਡੋਜ਼ ਕਾਰਨ ਪੀੜਤ ਦੀ ਮੌਤ ਹੋਣਾ ਚਿੰਤਾ ਦਾ ਵਿਸ਼ਾ: ਸਿਵਲ ਸਰਜਨ

06/03/2020 5:34:55 PM

ਕਪੂਰਥਲਾ (ਮਹਾਜਨ/ਮਲਹੋਤਰਾ)— ਨਸ਼ਾਖੋਰੀ ਸਮਾਜ ਦੇ ਸਾਹਮਣੇ ਇਕ ਗੰਭੀਰ ਸਮੱਸਿਆ ਤਾਂ ਹੈ ਹੀ ਨਾਲ ਹੀ ਨਸ਼ੇ ਦੀ ਓਵਰਡੋਜ਼ ਕਾਰਨ ਪੀੜਤ ਦੀ ਮੌਤ ਹੋਣਾ ਚਿੰਤਾ ਦਾ ਵਿਸ਼ਾ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਪ੍ਰਗਟ ਕੀਤੇ। ਉਨ੍ਹਾਂ ਦੱਸਿਆ ਕਿ ਨਸ਼ੇ ਦੀ ਓਵਰਡੋਜ਼ ਨੌਜਵਾਨਾਂ 'ਚ ਮੌਤ ਦਾ ਕਾਰਨਬਣਦੀ ਹੈ। ਜੇਕਰ ਸਹੀ ਸਮੇਂ 'ਤੇ ਪੀੜਤ ਨੂੰ ਇਲਾਜ ਮਿਲ ਜਾਵੇ ਤਾਂ ਉਸ ਦੀ ਜਾਨ ਬਚਾਈ ਜਾ ਸਕਦੀ ਹੈ।

ਸਿਵਲ ਸਰਜਨ ਨੇ ਇਹ ਵੀ ਦੱਸਿਆ ਕਿ ਡਰੱਗ ਓਵਰਡੋਜ਼ ਦੇ ਮਾਮਲਿਆਂ 'ਚ ਪੀੜਤ ਦੀ ਜਾਨ ਬਚਾਉਣ 'ਚ ਨੈਲੋਕਸੋਨ ਲਾਈਫ ਸੇਵਿੰਗ ਡਰੱਗ ਸਾਬਤ ਹੋ ਸਕਦੀ ਹੈ, ਬਸ਼ਰਤੇ ਉਸ ਨੂੰ ਸਮੇਂ ਸਿਰ ਇਲਾਜ ਮਿਲ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ 'ਚ ਸਾਰੇ ਸਿਹਤ ਕੇਂਦਰਾਂ 'ਚ ਨੈਲੋਕਸੋਨ ਇਨਜੈਕਸ਼ਨ ਮੁੱਹਈਆ ਕਰਵਾਏ ਗਏ ਹਨ ਅਤੇ ਸਟਾਫ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਤਾਂ ਜੋ ਜੇਕਰ ਕੋਈ ਐਮਰਜੈਂਸੀ ਆਉਂਦੀ ਹੈ ਤਾਂ ਉਸ ਨਾਲ ਨਿਪਟਿਆ ਜਾ ਸਕੇ। ਉਨ੍ਹਾਂ ਹਾਜ਼ਰ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਕਿ ਐਮਰਜੈਂਸੀ ਦੇ ਤੌਰ 'ਤੇ ਇਸ ਡਰੱਗ ਦੀ ਉਲਬੱਧਤਾ ਸਿਹਤ ਕੇਂਦਰਾਂ 'ਤੇ ਯਕੀਨੀ ਬਣਾਈ ਜਾਵੇ ਅਤੇ ਇਸ ਬਾਰੇ ਜਾਗਰੂਕਤਾ ਵੀ ਫੈਲਾਈ ਜਾਵੇ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਕਾਰਨ 9ਵੀਂ ਮੌਤ, ਲੁਧਿਆਣਾ ਦੇ DMC 'ਚ 64 ਸਾਲਾ ਵਿਅਕਤੀ ਨੇ ਤੋੜਿਆ ਦਮ (ਵੀਡੀਓ)

ਡਰੱਗ ਓਵਰਡੋਜ਼ ਦੇ ਪ੍ਰਭਾਵ ਨੂੰ ਘੱਟ ਕਰਨ 'ਚ ਸਹਾਈ : ਡਾ. ਸਾਰਿਕਾ ਦੁੱਗਲ
ਡਿਪਟੀ ਮੈਡੀਕਲ ਕਮਿਸ਼ਨਰ ਅਤੇ ਨਸ਼ਾ ਛਡਾਓ ਪ੍ਰੋਗਰਾਮ ਦੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਡਾ. ਸਾਰਿਕਾ ਦੁੱਗਲ ਨੇ ਦੱਸਿਆ ਕਿ ਲਾਕਡਾਊਨ ਦੇ ਦੌਰ 'ਚ ਜੀਵਨ 'ਚ ਅਸੰਤੁਲਨ ਦਾ ਹੋਣਾ, ਸਾਮਾਜਿਕ ਤੌਰ ਤੇ ਅਲੱਗ ਥਲੱਗ ਪੈਣਾ, ਆਰਥਿਕ ਔਂਕੜਾ, ਤਣਾਅ ਆਦਿ ਨਸ਼ੇ ਦੀ ਓਵਰਡੋਜ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਦੱਸਿਆ ਕਿ ਓਵਰਡੋਜ਼ ਦੇ ਮਾਮਲੇ 'ਚ ਨੈਲੋਕਸੋਨ ਇੰਜੈਕਸ਼ਨ ਦੇ ਜ਼ਰੀਏ ਪੀੜਤ ਦੀ ਜਾਨ ਬਚਾਈ ਜਾ ਸਕਦੀ ਹੈ ਕਿਉਂਕਿ ਇਹ ਡਰੱਗ ਓਵਰਡੋਜ਼ ਦੇ ਪ੍ਰਭਾਵ ਨੂੰ ਘਟਾ ਦਿੰਦਾ ਹੈ।

ਡਰੱਗ ਓਵਰਡੋਜ਼ ਦਾ ਐਂਟੀਡੋਟ ਹੈ ਨੈਲੋਕਸੋਨ : ਡਾ. ਸੰਦੀਪ ਭੋਲਾ
ਡਰੱਗ ਡੀ-ਐਡੀਕਸ਼ਨ ਕੇਂਦਰ ਦੇ ਇੰਚਾਰਜ ਅਤੇ ਜ਼ਿਲ੍ਹਾ ਨੋਡਲ ਅਫਸਰ ਡਾ. ਸੰਦੀਪ ਭੋਲਾ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ 'ਚ ਪਾਇਲਟ ਪ੍ਰਾਜੈਕਟ ਦੇ ਤਹਿਤ ਨੈਲੋਕਸੋਨ ਡਿਸਟ੍ਰੀਬਿਊਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਪੈਨਡੈਮਿਕ ਦੇ ਇਸ ਦੌਰ 'ਚ ਨਸ਼ੇ ਦੀ ਓਵਰਡੋਜ਼ ਲੈਣ ਦੀ ਸਮੱਸਿਆ ਵੱਧ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨੈਲੋਕਸੋਨ ਡਰੱਗ ਨਸ਼ੇ ਦੀ ਓਵਰਡੋਜ਼ ਜਿਵੇਂ ਕਿ ਹੈਰੋਇਨ, ਸਮੈਕ, ਭੁੱਕੀ ਲਈ ਇਕ ਐਂਟੀਡੋਟ ਹੈ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਐਮਰਜੈਂਸੀ ਹਾਲਾਤਾਂ 'ਚ ਪ੍ਰਮਾਣਿਤ ਹੈ, ਜਿਹੜੀ ਕਿ ਓਵਰਡੋਜ਼ ਦੇ ਪ੍ਰਭਾਵ ਨੂੰ ਇਕ ਦਮ ਘੱਟ ਕਰਨ ਦੀ ਸਮੱਰਥਾ ਰੱਖਦੀ ਹੈ।

ਇਹ ਵੀ ਪੜ੍ਹੋ: ਜਲੰਧਰ: ਭਿਆਨਕ ਹਾਦਸੇ ਨੇ ਲਈ 8 ਸਾਲਾ ਬੱਚੀ ਦੀ ਜਾਨ, ਦਿਲ ਨੂੰ ਝਿੰਜੋੜ ਦੇਣਗੀਆਂ ਇਹ ਤਸਵੀਰਾਂ

ਉਨ੍ਹਾਂ ਦੱਸਿਆ ਕਿ ਓਵਰਡੋਜ਼ ਐਜੂਕੇਸ਼ਨ ਅਤੇ ਨੈਲੋਕਸੋਨ ਡਿਸਟ੍ਰੀਬਿਊਸ਼ਨ ਪ੍ਰੋਗਰਾਮ ਨੂੰ ਜ਼ਿਲ੍ਹੇ 'ਚ ਸ਼ੁਰੂ ਕਰਨ ਦਾ ਮਕਸਦ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀਆਂ ਹੋਣ ਵਾਲੀਆਂ ਮੌਤਾਂ 'ਤੇ ਠਲ੍ਹ ਪਾਉਣਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪਾਇਲਟ ਪ੍ਰਾਜੈਕਟ ਤਹਿਤ ਨੈਲੋਕਸੋਨ ਇੰਜੈਕਸ਼ਨ ਅਲਾਇੰਸ ਇੰਡੀਆ ਵੱਲੋਂ ਮੁਹੱਈਆ ਕਰਵਾਏ ਗਏ ਹਨ, ਜਿਨ੍ਹਾਂ ਨੂੰ ਜ਼ਿਲ੍ਹੇ ਦੇ ਸਰਕਾਰੀ ਸਿਹਤ ਕੇਂਦਰਾਂ ਨੂੰ ਦੇ ਦਿੱਤਾ ਗਿਆ ਹੈ। ਇਸ ਮੌਕੇ 'ਤੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ,ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ, ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ, ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ, ਡਾ. ਸੰਦੀਪ ਧਵਨ, ਡਾ. ਰਾਜੀਵ ਭਗਤ, ਡਾ. ਗੀਤਾਂਜਲੀ, ਰਾਕੇਸ਼ ਸ਼ਰਮਾ ਅਤੇ ਹੋਰ ਹਾਜ਼ਰ ਸਨ।
ਇਹ ਵੀ ਪੜ੍ਹੋ: ਜਲੰਧਰ: ਮੁੰਡੇ ਦੀਆਂ ਧਮਕੀਆਂ ਤੋਂ ਪਰੇਸ਼ਾਨ ਹੋ ਕੇ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ


shivani attri

Content Editor

Related News