ਨਸ਼ੇ ਵਾਲੇ ਪਦਾਰਥਾਂ ਸਣੇ 2 ਗ੍ਰਿਫਤਾਰ

09/19/2018 1:55:33 AM

 ਰੂਪਨਗਰ,   (ਵਿਜੇ)-  ਪੁਲਸ ਨੇ 2 ਮੁਲਜ਼ਮਾਂ ਨੂੰ  ਨਸ਼ੇ ਵਾਲੇ ਪਦਾਰਥਾਂ ਸਣੇ ਗ੍ਰਿਫਤਾਰ  ਕਰਨ  ’ਚ  ਸਫਲਤਾ  ਹਾਸਲ  ਕੀਤੀ  ਹੈ। 
ਕਪਤਾਨ ਇਨਵੈਸਟੀਗੇਸ਼ਨ ਰੂਪਨਗਰ ਬਲਵਿੰਦਰ ਸਿੰਘ ਰੰਧਾਵਾ ਨੇ   ਦੱਸਿਆ ਕਿ  ਸੀ.ਆਈ. ਏ. ਸਟਾਫ ਰੂਪਨਗਰ ਦੇ ਇੰਚਾਰਜ ਇੰਸਪੈਕਟਰ ਅਮਰਵੀਰ ਸਿੰਘ ਦੀ ਪੁਲਸ ਪਾਰਟੀ ਅਤੇ ਥਾਣਾ ਸਿਟੀ ਰੂਪਨਗਰ ਦੇ ਸਹਾਇਕ ਥਾਣੇਦਾਰ ਇੰਦਰਪਾਲ ਸਿੰਘ ਦੀ ਪੁਲਸ ਪਾਰਟੀ ਪਟਵਾਰਖਾਨਾ ਚੌਕ ਤੋਂ ਬਚਤ ਚੌਕ ਰੂਪਨਗਰ ਵੱਲ ਜਾ ਰਹੀ ਸੀ ਤਾਂ ਕਰੀਬ 5 ਵਜੇ ਸ਼ਾਮ ਜਦੋਂ ਪੁਲਸ ਪਾਰਟੀ ਡੀ.ਐੱਫ. ਓ. ਰਿਹਾਇਸ਼ ਦੇ ਨੇਡ਼ੇ ਪਹੁੰਚੀ ਤਾਂ ਬੱਸ ਅੱਡਾ ਰੂਪਨਗਰ ਵੱਲੋਂ ਕੱਚੇ ਰਸਤੇ ਤੋਂ ਦੋ ਨੌਜਵਾਨ ਮੇਨ ਸਡ਼ਕ ’ਤੇ ਚਡ਼੍ਹਨ ਲੱਗੇ ਤਾਂ ਉਹ ਪੁਲਸ ਦੀ ਗੱਡੀ ਨੂੰ ਦੇਖ ਕੇ ਘਬਰਾਅ ਗਏ ਅਤੇ  ਜਦੋਂ ਪੁਲਸ ਨੇ ਉਨ੍ਹਾਂ ਨੂੰ ਅਾਵਾਜ਼ ਲਗਾਈ ਤਾਂ ਉਹ ਭੱਜਣ ਲੱਗੇ ਅਤੇ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਇਨ੍ਹਾਂ ’ਚੋਂ ਇਕ ਨੌਜਵਾਨ ਨੇ ਆਪਣਾ ਨਾਮ ਅਜੇ ਕੁਮਾਰ ਉਰਫ ਅੱਜੂ ਪੁੱਤਰ ਕੁਲਦੀਪ ਸਿੰਘ ਨਿਵਾਸੀ ਮਕਾਨ ਨੰ. 17-ਏ ਗ੍ਰੀਨ ਅੈਵੇਨਿਊ ਰੂਪਨਗਰ ਅਤੇ ਦੂਸਰੇ ਨੇ ਆਪਣਾ ਨਾਮ ਪਾਰਸ ਪੁੱਤਰ ਵਿਜੇ ਕੁਮਾਰ ਉਰਫ ਸ਼ੀਸ਼ਮ ਸ਼ਰਮਾ ਨਿਵਾਸੀ ਮਕਾਨ ਨੰ. 1306 ਮੁਹੱਲਾ ਛੋਡ਼ਾ ਖੇਡ਼ਾ ਰੂਪਨਗਰ ਦੱਸਿਆ। ਤਲਾਸ਼ੀ ਦੌਰਾਨ ਅਜੇ ਕੁਮਾਰ ਦੀ ਡੱਬ ਤੋਂ ਪਲਾਸਟਿਕ ਦੇ ਲਿਫਾਫੇ ’ਚੋਂ 8 ਪੱਤੇ ਨਸ਼ੇ   ਵਾਲੀਅਾਂ ਗੋਲੀਆਂ (80 ਗੋਲੀਆਂ) ਅਤੇ ਇਕ ਹੋਰ ਪਲਾਸਟਿਕ ਦੇ ਲਿਫਾਫੇ ’ਚੋਂ 520 ਗ੍ਰਾਮ ਨਸ਼ੇ  ਵਾਲਾ  ਪਾਊਡਰ  ਬਰਾਮਦ ਹੋਇਆ। ਇਸੇ ਤਰ੍ਹਾਂ ਪਾਰਸ ਦੀ ਤਲਾਸ਼ੀ ਲੈਣ ’ਤੇ ਉਸ ਦੀ ਪੈਂਟ ਦੀ ਜੇਬ ’ਚੋਂ ਪਲਾਸਟਿਕ ਦੇ ਲਿਫਾਫੇ ’ਚੋਂ 3 ਪੱਤੇ ਨਸ਼ੇ   ਵਾਲੀਅਾਂ  ਗੋਲੀਆਂ (30 ਗੋਲੀਆਂ) ਅਤੇ ਹੋਰ ਲਿਫਾਫੇ ’ਚੋਂ 100 ਗ੍ਰਾਮ ਨਸ਼ੇ  ਵਾਲਾ  ਪਾਊਡਰ ਬਰਾਮਦ ਹੋਇਆ। ਇਨ੍ਹਾਂ ਮੁਲਜ਼ਮਾਂ ’ਤੇ ਪੁਲਸ ਨੇ ਮਾਮਲਾ ਦਰਜ ਕਰ  ਲਿਆ ਹੈ।
 ਮੁਲਜ਼ਮਾਂ ’ਤੇ ਪਹਿਲਾਂ ਵੀ ਦਰਜ ਹਨ ਕਈ ਮਾਮਲੇ
  ਬਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਮੁਲਜ਼ਮ ਅਜੇ ’ਤੇ ਪਹਿਲਾਂ ਵੀ ਨਸ਼ੇ ਦੀ ਸਮੱਗਲਿੰਗ ਅਤੇ ਚੋਰੀ ਦੇ ਕਈ ਮਾਮਲੇ ਦਰਜ ਹਨ। ਮੁਲਜ਼ਮ ਅਜੇ ਕੁਮਾਰ ਉਰਫ ਅੱਜੂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਕੁਝ ਦਿਨ ਪਹਿਲਾਂ ਸਿਟੀ ਰੂਪਨਗਰ ’ਚ ਮਹੰਤਾਂ ਦੇ ਘਰ ਚੋਰੀ ਕੀਤੀ ਸੀ ਅਤੇ ਪਾਰਸ ਤੋਂ ਵੀ ਪੁੱਛਗਿੱਛ ਜਾਰੀ ਹੈ। 


Related News