ਸਿਵਲ ਹਸਪਤਾਲ ’ਚ ਦਾਖ਼ਲ ਨਸ਼ੇੜੀ ਨੇ ਕੀਤਾ ਹੰਗਾਮਾ, ਚਾਕੂ ਲੈ ਡਾਕਟਰ ਵੱਲ ਵਧਿਆ

Sunday, May 22, 2022 - 04:32 PM (IST)

ਸਿਵਲ ਹਸਪਤਾਲ ’ਚ ਦਾਖ਼ਲ ਨਸ਼ੇੜੀ ਨੇ ਕੀਤਾ ਹੰਗਾਮਾ, ਚਾਕੂ ਲੈ ਡਾਕਟਰ ਵੱਲ ਵਧਿਆ

ਜਲੰਧਰ (ਸ਼ੋਰੀ)–ਨਸ਼ਾ ਕਰਨ ਦੇ ਆਦੀ ਕੁਝ ਲੋਕ ਆਪਣੀ ਮਰਜ਼ੀ ਨਾਲ ਨਸ਼ੇ ਦੇ ਟੀਕੇ ਲੁਆਉਣ ਦੇ ਇੰਨੇ ਚਾਹਵਾਨ ਹੁੰਦੇ ਹਨ ਕਿ ਉਨ੍ਹਾਂ ਦੀ ਮਰਜ਼ੀ ਪੂਰੀ ਨਾ ਹੋਣ ਕਾਰਨ ਉਹ ਸਟਾਫ ਅਤੇ ਡਾਕਟਰਾਂ ਨਾਲ ਵਿਵਾਦ ਤੱਕ ਕਰਦੇ ਹਨ। ਅਜਿਹਾ ਹੀ ਇਕ ਮਾਮਲਾ ਸਿਵਲ ਹਸਪਤਾਲ ਦੇ ਮੇਲ ਮੈਡੀਕਲ ਵਾਰਡ ਵਿਚ ਦੇਖਣ ਨੂੰ ਮਿਲਿਆ, ਜਦੋਂ ਨਸ਼ੇ ਦੀ ਪੂਰਤੀ ਕਰਨ ਲਈ ਨੌਜਵਾਨ ਟੀਕਾ ਮੰਗਣ ਲੱਗਾ। ਮਨ੍ਹਾ ਕਰਨ ’ਤੇ ਉਸ ਨੇ ਚਾਕੂ ਚੁੱਕਿਆ ਤੇ ਡਾਕਟਰ ਵੱਲ ਵਧਿਆ, ਜਿਸ ਨਾਲ ਵਾਰਡ ’ਚ ਹੰਗਾਮਾ ਹੋ ਗਿਆ। ਨਸ਼ੇ ਦੇ ਟੀਕੇ ਲੁਆਉਣ ਦਾ ਆਦੀ 30 ਸਾਲਾ ਨੌਜਵਾਨ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ’ਚ ਦਾਖਲ ਸੀ। ਉਹ ਨਸ਼ੇ ਦੀ ਟੀਕੇ ਲੁਆਉਣ ਨੂੰ ਲੈ ਕੇ ਸਟਾਫ ਨਾਲ ਵਿਵਾਦ ਕਰਦਾ ਸੀ। ਇਸ ਕਾਰਨ ਉਸ ਨੂੰ ਕੇਂਦਰ ਤੋਂ ਛੁੱਟੀ ਦੇ ਿਦੱਤੀ ਗਈ। ਨੌਜਵਾਨ ਨੂੰ ਕਾਲਾ ਪੀਲੀਆ ਅਤੇ ਏਡਜ਼ ਦੀ ਬੀਮਾਰੀ ਹੋਣ ਕਾਰਨ ਉਸ ਦੇ ਪਰਿਵਾਰਕ ਮੈਂਬਰ ਦੁਬਾਰਾ ਸਿਵਲ ਹਸਪਤਾਲ ਲਿਆਏ, ਜਿਥੇ ਡਾਕਟਰ ਨੇ ਜਾਂਚ ਕਰਨ ਤੋਂ ਬਾਅਦ ਉਸ ਨੂੰ ਮੇਲ ਮੈਡੀਕਲ ਵਾਰਡ ’ਚ ਦਾਖਲ ਕਰ ਲਿਆ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਪੈਟਰੋਲ 9.50 ਰੁਪਏ ਤੇ ਡੀਜ਼ਲ 7 ਰੁਪਏ ਕੀਤਾ ਸਸਤਾ

ਵਾਰਡ ਵਿਚ ਨੌਜਵਾਨ ਸਟਾਫ ਕੋਲੋਂ ਡਾਇਜੀਪਾਮ ਦਾ ਟੀਕਾ (ਜਿਸ ਵਿਚ ਨਸ਼ਾ ਹੁੰਦਾ ਹੈ ਅਤੇ ਇਸ ਨੂੰ ਲਾਉਣ ਨਾਲ ਨੀਂਦ ਆਉਂਦੀ ਹੈ) ਦੀ ਮੰਗ ਕਰਨ ਲੱਗਾ। ਡਾ. ਸ਼ੁਭਮ ਅਗਰਵਾਲ ਨੇ ਉਸ ਨੂੰ ਮਨ੍ਹਾ ਕੀਤਾ ਤਾਂ ਉਹ ਭੜਕ ਉੱਠਿਆ ਅਤੇ ਸਟਾਫ ਨਾਲ ਝਗੜਾ ਕਰਨ ਲੱਗਾ। ਡਾਕਟਰ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਭੱਜ ਕੇ ਗਿਆ ਅਤੇ ਵਾਰਡ ਵਿਚ ਸੇਬ ਕੱਟ ਰਹੀ ਇਕ ਔਰਤ ਕੋਲੋਂ ਚਾਕੂ ਖੋਹ ਕੇ ਡਾਕਟਰ ਵੱਲ ਵਧਣ ਲੱਗਾ।

ਇਹ ਵੀ ਪੜ੍ਹੋ : ਫ਼ਿਰੋਜ਼ਪੁਰ ’ਚ ਨਹੀਂ ਰੁਕ ਰਿਹਾ ਨਸ਼ੇ ਦਾ ਕਹਿਰ, ਇਕ ਹੋਰ ਨੌਜਵਾਨ ਦੀ ‘ਚਿੱਟੇ’ ਨਾਲ ਮੌਤ

ਵਾਰਡ ’ਚ ਇਲਾਜ ਅਧੀਨ ਮਰੀਜ਼ ਦੇ ਪਰਿਵਾਰਕ ਮੈਂਬਰ ਡਾਕਟਰ ਦੇ ਅੱਗੇ ਖੜ੍ਹੇ ਹੋ ਗਏ ਅਤੇ ਡਾ. ਸ਼ੁਭਮ ਦੀ ਜਾਨ ਬਚਾਈ। ਗੁੱਸੇ ਵਿਚ ਮਰੀਜ਼ ਨੇ ਆਪਣੇ ਗੁੱਟ ਦੀ ਨਸ ਕੱਟ ਲਈ। ਡੀ. ਐੱਨ. ਬੀ. ਮੈਡੀਸਨ ਦੇ ਡਾ. ਸ਼ੁਭਮ ਅਗਰਵਾਲ ਨੇ ਦੱਸਿਆ ਕਿ ਮਰੀਜ਼ ਦਾ ਇਲਾਜ ਵਧੀਆ ਢੰਗ ਨਾਲ ਕੀਤਾ ਜਾ ਰਿਹਾ ਸੀ ਪਰ ਉਹ ਨਸ਼ੇ ਦੇ ਟੀਕੇ ਲਾਉਣ ਦਾ ਇੰਨਾ ਆਦੀ ਹੋ ਚੁੱਕਾ ਸੀ ਕਿ ਦੂਜੇ ਮਰੀਜ਼ਾਂ ਦੇ ਟੀਕੇ ਚੁੱਕ ਕੇ ਖੁਦ ਲਾ ਲੈਂਦਾ ਸੀ। ਹੱਦ ਤਾਂ ਉਦੋਂ ਹੋਈ, ਜਦੋਂ ਉਹ ਸਟਾਫ ’ਤੇ ਟੀਕੇ ਲਾਉਣ ਦਾ ਦਬਾਅ ਬਣਾਉਣ ਲੱਗਾ। ਉਨ੍ਹਾਂ ਤੁਰੰਤ ਹਸਪਤਾਲ ਵਿਚ ਤਾਇਨਾਤ ਪੁਲਸ ਵਾਲਿਆਂ ਨੂੰ ਵਾਰਡ ਵਿਚ ਬੁਲਾਇਆ ਕਿ ਭੜਕਿਆ ਹੋਇਆ ਮਰੀਜ਼ ਕਿਤੇ ਕੋਈ ਵੱਡੀ ਵਾਰਦਾਤ ਨਾ ਕਰ ਦੇਵੇ। ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
 


author

Manoj

Content Editor

Related News