ਡੀ. ਸੀ. ਵੱਲੋਂ ਹਡ਼੍ਹ ਰੋਕੂ ਪ੍ਰਬੰਧਾਂ ਤੇ ਧੁੱਸੀ ਬੰਨ੍ਹ ਦਾ ਦੌਰਾ

09/25/2018 4:18:16 AM

 ਕਪੂਰਥਲਾ,   (ਗੁਰਵਿੰਦਰ ਕੌਰ, ਮਲਹੋਤਰਾ)  ਜ਼ਿਲਾ ਪ੍ਰਸ਼ਾਸਨ ਵੱਲੋਂ ਸੂਬੇ ਭਰ ਵਿਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਅਤੇ ਪੰਜਾਬ ਸਰਕਾਰ ਤੇ ਮੌਸਮ ਵਿਭਾਗ ਵੱਲੋਂ ਜਾਰੀ ਚਿਤਾਵਨੀ ਦੇ ਮੱਦੇਨਜ਼ਰ ਜ਼ਿਲੇ ਵਿਚ ਆਰੰਭੇ ਬਚਾਅ ਅਤੇ ਰਾਹਤ ਪ੍ਰਬੰਧਾਂ ਤਹਿਤ ਅੱਜ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਨੇ ਧੁੱਸੀ ਬੰਨ੍ਹ ਤੇ ਐਡਵਾਂਸ ਧੁੱਸੀ ਬੰਨ੍ਹਾਂ ਦਾ ਦੌਰਾ ਕਰ ਕੇ ਨਾਜ਼ੁਕ ਥਾਵਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਮਾਲ ਤੇ ਡਰੇਨੇਜ ਮਹਿਕਮੇ ਨੂੰ ਖ਼ੁਦ ਨਾਜ਼ੁਕ ਥਾਵਾਂ ’ਤੇ ਲਗਾਤਾਰ ਚੌਕਸੀ ਰੱਖਣ ਅਤੇ ਬਣਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। 
ਇਸ ਤੋਂ ਬਾਅਦ ਉਨ੍ਹਾਂ ਸਮੂਹ ਐੱਸ. ਡੀ. ਐੱਮਜ਼ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰਦਿਆਂ ਰਾਹਤ ਤੇ ਬਚਾਅ ਕਾਰਜਾਂ ਸਬੰਧੀ ਲੋਡ਼ੀਂਦੇ ਦਿਸ਼ਾ-ਨਿਰਦੇਸ਼ ਦਿੱਤੇ, ਜਿਨ੍ਹਾਂ ਵਿਚ ਹੰਗਾਮੀ ਹਾਲਤ ਦੀ ਸੂਰਤ ਵਿਚ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਲਈ ਰਾਹਤ ਤੇ ਬਚਾਅ ਪਲਾਨ ਅਨੁਸਾਰ ਫੌਰੀ ਕਾਰਵਾਈ ਕਰਨ ਲਈ ਕਿਹਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸ਼ਨਾਖਤ ਕੀਤੇ ਗਏ ਰਾਹਤ ਕੈਂਪਾਂ ਲਈ ਟੈਂਟਾਂ, ਓ. ਬੀ. ਐੱਮ. ਇੰਜਣਾਂ, ਕਿਸ਼ਤੀਆਂ, ਰੱਸਿਆਂ, ਬਾਂਸਾਂ, ਰਸਦ, ਦਵਾਈਆਂ, ਪੀਣ ਵਾਲੇ ਪਾਣੀ, ਪਸ਼ੂਆਂ ਦੇ ਚਾਰੇ, ਮੋਮਬੱਤੀਆਂ, ਮਾਚਿਸਾਂ ਆਦਿ ਦੀ ਪੂਰੀ ਤਿਆਰੀ ਰੱਖਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਦਰਿਆ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਜਾਵੇ।
 ਇਸ ਤੋਂ ਬਾਅਦ ਡੀ. ਸੀ. ਨੇ ਆਪਣੇ ਦਫ਼ਤਰ ਵਿਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਉਨ੍ਹਾਂ ਫੂਡ ਸਪਲਾਈ ਵਿਭਾਗ ਨੂੰ ਉਚਿਤ ਮਾਤਰਾ ਵਿਚ ਪੈਟਰੋਲ-ਡੀਜ਼ਲ ਅਤੇ ਰਾਸ਼ਨ ਦਾ ਸਟਾਕ ਰਾਖਵਾਂ ਰੱਖਣ ਦੇ ਆਦੇਸ਼ ਦਿੱਤੇ। ਇਸੇ ਤਰ੍ਹਾਂ ਸਿਹਤ ਵਿਭਾਗ ਨੂੰ ਮੈਡੀਕਲ ਟੀਮਾਂ ਦੇ ਗਠਨ ਅਤੇ ਦਵਾਈਆਂ ਦੇ ਪ੍ਰਬੰਧ, ਪਸ਼ੂ ਪਾਲਣ ਵਿਭਾਗ ਨੂੰ ਪਸ਼ੂਆਂ ਦੇ ਲੋਡ਼ੀਂਦੇ ਚਾਰੇ ਅਤੇ ਟੀਕਾਕਰਨ ਆਦਿ ਲਈ ਤਿਆਰ-ਬਰ-ਤਿਆਰ ਰਹਿਣ ਲਈ ਕਿਹਾ ਗਿਆ। ਉਨ੍ਹਾਂ ਸਮੂਹ ਬੀ. ਡੀ. ਪੀ. ਓਜ਼ ਨੂੰ ਆਪਣੇ ਪੱਧਰ ’ਤੇ ਦਰਿਆ ਨੇਡ਼ਂਲੇ ਪਿੰਡਾਂ ਦੇ ਲੋਕਾਂ ਨਾਲ ਤਾਲਮੇਲ ਰੱਖਣ ਲਈ ਕਿਹਾ ਤਾਂ ਜੋ ਲੋਡ਼ ਪੈਣ ’ਤੇ ਵਲੰਟੀਅਰਾਂ, ਗੋਤਾਖੋਰਾਂ ਅਤੇ ਕਿਸ਼ਤੀ ਚਾਲਕਾਂ ਆਦਿ ਦੀ ਫੌਰਨ ਮਦਦ ਲਈ ਜਾ ਸਕੇ। ਉਨ੍ਹਾਂ ਕਾਰਜ ਸਾਧਕ ਅਫ਼ਸਰਾਂ ਨੂੰ ਮੀਂਹ ਦੇ ਪਾਣੀ ਦੀ ਨਿਕਾਸੀ ਅਤੇ ਪੀਣ ਵਾਲੇ ਪਾਣੀ ’ਚ ਕਿਸੇ ਤਰ੍ਹਾਂ ਦੇ ਅਸ਼ੁੱਧ ਪਾਣੀ ਦੇ ਰਲੇਵੇਂ ਨੂੰ ਰੋਕਣ ਲਈ ਵਿਸ਼ੇਸ਼ ਧਿਆਨ ਰੱਖਣ ਅਤੇ ਕਲੋਰੀਨਾਈਜ਼ੇਸ਼ਨ ਦੇ ਆਦੇਸ਼ ਦਿੱਤੇ।  ਰਾਹਤ ਤੇ ਬਚਾਅ ਕਾਰਜਾਂ ਲਈ ਤਾਇਨਾਤ ਸਮੂਹ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਨਾਲ ਠੀਕ ਢੰਗ ਨਾਲ ਨਿਪਟਿਆ ਜਾ ਸਕੇ। 
ਉਨ੍ਹਾਂ  ਪੁਲਸ ਅਧਿਕਾਰੀਆਂ ਨੂੰ ਬੰਨ੍ਹ ਨੇਡ਼ਲੇ ਇਲਾਕਿਆਂ ਨਾਲ ਸਬੰਧਤ ਥਾਣਿਆਂ ਦੇ ਮੁਖੀਆਂ ਨੂੰ ਵੀ ਲੋਡ਼ੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਕਿਹਾ। ਉਨ੍ਹਾਂ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਘਬਰਾਉਣ ਦੀ ਕੋਈ ਲੋਡ਼ ਨਹੀਂ ਹੈ, ਕਿਉਂਕਿ ਇਹ ਸਾਰੇ ਪ੍ਰਬੰਧ ਅਹਿਤਿਆਤ ਵਜੋਂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਹੰਗਾਮੀ ਸਥਿਤੀ ਦੌਰਾਨ ਪ੍ਰਸ਼ਾਸਨ ਉਨ੍ਹਾਂ ਦੇ ਜਾਨ-ਮਾਲ ਦੀ ਹਿਫ਼ਾਜ਼ਤ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ। ਇਸ ਮੌਕੇ ’ਚ ਏ. ਡੀ. ਸੀ. (ਜ) ਰਾਹੁਲ ਚਾਬਾ, ਏ. ਡੀ. ਸੀ. (ਵਿਕਾਸ) ਅਵਤਾਰ ਸਿੰਘ ਭੁੱਲਰ, ਸਿਵਲ ਸਰਜਨ ਡਾ. ਬਲਵੰਤ ਸਿੰਘ, ਡੀ. ਐੱਸ. ਪੀ. ਮੁਕੇਸ਼ ਕੁਮਾਰ, ਐੱਸ. ਡੀ. ਓ. ਡਰੇਨੇਜ ਵਿਭਾਗ ਕੰਵਲਜੀਤ, ਐੱਸ. ਐੱਮ. ਓ. ਕਪੂਰਥਲਾ ਰੀਟਾ ਬਾਲਾ, ਡਾ. ਸੰਦੀਪ ਧਵਨ ਤੇ ਹੋਰ ਅਧਿਕਾਰੀ ਹਾਜ਼ਰ ਸਨ। 
 


Related News