ਸੱਪ ਦੇ ਡੰਗਣ ਤੋਂ ਨਾ ਡਰੋ, ਮਰੀਜ਼ ਨੂੰ ਤੁਰੰਤ ਸਰਕਾਰੀ ਹਸਪਤਾਲ ਲੈ ਜਾਓ

07/03/2023 1:21:55 PM

ਜਲੰਧਰ (ਸ਼ੋਰੀ)-ਹਰ ਸਾਲ ਬਰਸਾਤ ਦੇ ਮੌਸਮ ’ਚ ਜਿੱਥੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੋਕਾਂ ਨੂੰ ਆਪਣੀ ਲਪੇਟ ’ਚ ਲੈ ਲੈਂਦੀਆਂ ਹਨ, ਉੱਥੇ ਹੀ ਦੂਜਾ ਸਭ ਤੋਂ ਖ਼ਤਰਨਾਕ ਸੱਪ ਦੇ ਡੰਗਣ ਵਾਲੇ ਮਰੀਜ਼ ਵੀ ਸਿਵਲ ਹਸਪਤਾਲ ’ਚ ਆਉਂਦੇ ਹਨ। ਆਮ ਤੌਰ ’ਤੇ ਲੋਕਾਂ ਦਾ ਵਿਸ਼ਵਾਸ ਹੈ ਕਿ ਸੱਪ ਦੇ ਡੰਗਣ ਵਾਲੇ ਮਰੀਜ਼ ਦੀ ਜਾਨ ਨਹੀਂ ਬਚਾਈ ਜਾ ਸਕਦੀ ਪਰ ਇਹ ਬਿਲਕੁਲ ਗਲਤ ਹੈ, ਜੇਕਰ ਮਰੀਜ਼ ਨੂੰ ਸਮੇਂ ਸਿਰ ਸਹੀ ਇਲਾਜ ਮਿਲ ਜਾਵੇ ਤਾਂ ਮਰੀਜ਼ ਦੀ ਮੌਤ ਨਹੀਂ ਹੁੰਦੀ। ਜੂਨ ਮਹੀਨੇ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਸਿਵਲ ਹਸਪਤਾਲ ’ਚ 18 ਤੋਂ 20 ਦੇ ਕਰੀਬ ਮਰੀਜ਼ ਜਿਨ੍ਹਾਂ ਨੂੰ ਸੱਪ ਨੇ ਡੱਸਿਆ ਸੀ, ਉਹ ਇਲਾਜ ਤੋਂ ਬਾਅਦ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਜੁਲਾਈ ਤੱਕ ਸਿਰਫ਼ 2 ਜਾਂ 3 ਮਰੀਜ਼ ਹਸਪਤਾਲ ’ਚ ਇਲਾਜ ਅਧੀਨ ਹਨ ਅਤੇ ਉਹ ਪਹਿਲਾਂ ਨਾਲੋਂ ਜ਼ਿਆਦਾ ਠੀਕ ਹੋ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ’ਚ ਉਨ੍ਹਾਂ ਨੂੰ ਵੀ ਛੁੱਟੀ ਦੇ ਕੇ ਘਰ ਵਾਪਸ ਭੇਜ ਦਿੱਤਾ ਜਾਵੇਗਾ।

ਸੱਪ ਡੰਗੇ ਤਾਂ ਲੱਛਣ ਦੇਖ ਕੇ ਤੁਰੰਤ ਕਰਵਾਓ ਇਲਾਜ
ਸੱਪ ਦਾ ਡੰਗਣਾ ਇਕ ਅਜਿਹਾ ਹਾਦਸਾ ਹੈ, ਜਿਸ ਦਾ ਸਮੇਂ ਸਿਰ ਇਲਾਜ ਨਾ ਹੋਣ ’ਤੇ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ। ਸੱਪ ਦੇ ਡੰਗਣ ਤੋਂ ਬਾਅਦ ਇਸ ਦੇ ਲੱਛਣਾਂ ਦੀ ਪਛਾਣ ਕਰਨੀ ਚਾਹੀਦੀ ਹੈ। ਜਾਨਵਰਾਂ ’ਚ ਸੱਪ ਨੂੰ ਸਭ ਤੋਂ ਖਤਰਨਾਕ ਤੇ ਜ਼ਹਿਰੀਲਾ ਜਾਨਵਰ ਮੰਨਿਆ ਜਾਂਦਾ ਹੈ। ਸੱਪ ਦਾ ਨਾਂ ਸੁਣਦਿਆਂ ਹੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਹਰ ਸਾਲ ਲੱਖਾਂ ਲੋਕ ਸੱਪ ਦੇ ਡੰਗਣ ਕਾਰਨ ਮਰਦੇ ਹਨ। ਕੁਝ ਸੱਪ ਜ਼ਿਆਦਾ ਜ਼ਹਿਰੀਲੇ ਹੁੰਦੇ ਹਨ, ਜਦੋਂ ਕਿ ਕੁਝ ਸੱਪ ਘੱਟ ਜ਼ਹਿਰੀਲੇ ਹੁੰਦੇ ਹਨ। ਸੱਪ ਦੇ ਡੰਗਣ ਤੋਂ ਬਾਅਦ ਮਰੀਜ਼ ਦੇ ਉਸ ਹਿੱਸੇ 'ਤੇ ਜ਼ਿਆਦਾ ਦਰਦ ਤੇ ਸੋਜ ਹੁੰਦੀ ਹੈ। ਇਸ ਦੇ ਨਾਲ ਹੀ ਅਜਿਹੇ ਮਰੀਜ਼ ਨੂੰ ਉਲਟੀਆਂ, ਚਮੜੀ ਦੇ ਰੰਗ ’ਚ ਤਬਦੀਲੀ, ਦਸਤ, ਬੁਖਾਰ, ਸਿਰਦਰਦ, ਜੀਅ ਕੱਚਾ ਹੋਣਾ, ਮਾਸਪੇਸ਼ੀਆਂ ਦੀ ਕਮਜ਼ੋਰੀ, ਪਿਆਸ ਮਹਿਸੂਸ ਹੋਣਾ, ਬਲੱਡ ਪ੍ਰੈਸ਼ਰ ਘੱਟ ਹੋਣਾ, ਬਹੁਤ ਜ਼ਿਆਦਾ ਪਸੀਨਾ ਆਉਣਾ ਆਦਿ ਲੱਛਣ ਵੀ ਹੁੰਦੇ ਹਨ।

ਇਹ ਵੀ ਪੜ੍ਹੋ- ਖ਼ਤਰਾ ਬਣ ਰਹੀ ਸ਼ੂਗਰ ਦੀ ਬੀਮਾਰੀ, ਭਾਰਤ ‘ਚ ਹਰ ਸਾਲ ਸ਼ੂਗਰ ਨਾਲ ਕਰੀਬ 10 ਲੱਖ ਲੋਕ ਜਾ ਰਹੇ ਮੌਤ ਦੇ ਮੂੰਹ 'ਚ

ਪ੍ਰਾਈਵੇਟ ਹਸਪਤਾਲਾਂ ’ਚ ਮਹਿੰਗਾ ਇਲਾਜ ਪਰ ਸਿਵਲ ਹਸਪਤਾਲ ’ਚ ਬਿਲਕੁਲ ਮੁਫ਼ਤ
ਵੈਸੇ ਤਾਂ ਕੁਝ ਲੋਕ ਸੱਪ ਡੰਗੇ ਵਿਅਕਤੀ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ’ਚ ਲੈ ਜਾਂਦੇ ਹਨ, ਜਿੱਥੇ ਇਲਾਜ ਸ਼ੁਰੂ ਹੁੰਦੇ ਹੀ ਮਰੀਜ਼ ਤੋਂ ਪੈਸੇ ਵੀ ਲਏ ਜਾਂਦੇ ਹਨ। ਸੱਪ ਦੇ ਡੰਗਣ ਵਾਲੇ ਮਰੀਜ਼ ਦੇ ਸਰੀਰ ’ਚ ਫੈਲਣ ਵਾਲੇ ਜ਼ਹਿਰ ਨੂੰ ਰੋਕਣ ਲਈ ਇਕ ਮਹਿੰਗੇ ਟੀਕੇ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨੂੰ ਸਨੇਕ ਐਂਟੀ ਵੇਨਮ ਇੰਜੈਕਸ਼ਨ ਕਿਹਾ ਜਾਂਦਾ ਹੈ। ਵੈਸੇ ਇਹ ਟੀਕੇ ਮਰੀਜ਼ ਨੂੰ 8 ਤੋਂ 10 ਤੱਕ ਦਿੱਤੇ ਜਾਂਦੇ ਹਨ ਤੇ ਲੋੜ ਪੈਣ ’ਤੇ ਇਸ ਤੋਂ ਵੱਧ ਵੀ ਦਿੱਤੇ ਜਾਂਦੇ ਹਨ। ਇਹ ਟੀਕਾ ਬਾਜ਼ਾਰ ’ਚ 300 ਰੁਪਏ ਤੋਂ ਲੈ ਕੇ ਇਸ ਤੋਂ ਉੱਪਰ ਦੀ ਕੀਮਤ ’ਚ ਵੀ ਉਪਲੱਬਧ ਹੈ ਪਰ ਸਿਵਲ ਹਸਪਤਾਲ ’ਚ ਇਹ ਟੀਕਾ ਬਿਲਕੁਲ ਮੁਫ਼ਤ ਲਾਇਆ ਜਾਂਦਾ ਹੈ। ਇਸ ਦੇ ਨਾਲ ਹੀ ਜੇਕਰ ਮਰੀਜ਼ ਨੂੰ ਸਾਹ ਲੈਣ ’ਚ ਤਕਲੀਫ਼ ਹੁੰਦੀ ਹੈ ਤਾਂ ਕੁਝ ਪ੍ਰਾਈਵੇਟ ਹਸਪਤਾਲਾਂ ’ਚ ਇਸ ਟੀਕੇ ਦਾ ਰੇਟ ਵੀ ਬਹੁਤ ਜ਼ਿਆਦਾ ਹੈ। ਇਸ ਤੋਂ ਇਲਾਵਾ ਕੁਝ ਨਿੱਜੀ ਹਸਪਤਾਲ ਗੰਭੀਰ ਹਾਲਤ ’ਚ ਮਰੀਜ਼ ਨੂੰ ਵੈਂਟੀਲੇਟਰ ’ਤੇ ਰੱਖਣ ਲਈ ਰੋਜ਼ਾਨਾ 5 ਹਜ਼ਾਰ ਪੈਸੇ ਤੋਂ ਵੱਧ ਵਸੂਲੇ ਜਾਂਦੇ ਹਨ ਪਰ ਸਿਵਲ ਹਸਪਤਾਲ ’ਚ ਅਜਿਹੇ ਮਰੀਜ਼ਾਂ ਨੂੰ ਇਹ ਸਹੂਲਤ ਵੀ ਬਿਲਕੁਲ ਮੁਫ਼ਤ ਉਪਲੱਬਧ ਹੈ।

ਸੱਪ ਡੰਗੇ ਤਾਂ ਝਾੜ-ਫੂਕ ਤੋਂ ਬਚਣ : ਡਾ. ਪਰਮਜੀਤ ਸਿੰਘ
ਦੂਜੇ ਪਾਸੇ ਸੀਨੀ. ਮੈਡੀਕਲ ਅਫ਼ਸਰ (ਐੱਸ. ਐੱਮ. ਓ.) ਡਾ. ਪਰਮਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੱਪ ਦੇ ਡੰਗੇ ਜਾਣ ਵਾਲੇ ਵਿਅਕਤੀ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਝਾੜ-ਫੂਕ ਤੇ ਦੇਸੀ ਤਰੀਕੇ ਨਾਲ ਇਲਾਜ ਨਾ ਕਰਵਾਉਣ। ਅਸਲ ’ਚ ਹੁੰਦਾ ਕੀ ਹੈ ਕਿ ਸਿਵਲ ਹਸਪਤਾਲ ’ਚ ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਹਨ ਕਿ ਸੱਪ ਦੇ ਡੰਗੇ ਗਏ ਵਿਅਕਤੀ ਦਾ ਇਲਾਜ ਕਰਨ ਦੀ ਬਜਾਏ ਉਸ ਦੇ ਪਰਿਵਾਰਕ ਮੈਂਬਰ ਜ਼ਖ਼ਮ ’ਤੇ ਮਿਰਚ ਪਾ ਦਿੰਦੇ ਹਨ ਜਾਂ ਕਿਸੇ ਬਾਬੇ ਆਦਿ ਕੋਲ ਜਾ ਕੇ ਤੰਤਰ ਮੰਤਰ ਦਾ ਤਰੀਕਾ ਅਪਣਾਉਂਦੇ ਹਨ।

ਇਹ ਵੀ ਪੜ੍ਹੋ-ਗਰਮੀ ਨੇ ਕਢਾਏ ਵੱਟ, ਬਣੇ ਕਰਫ਼ਿਊ ਵਰਗੇ ਹਾਲਾਤ, ਮੌਸਮ ਨੂੰ ਲੈ ਕੇ ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News