ਮੁਲਾਜ਼ਮ ਦੇ ਬੇਟੇ ਖਿਲਾਫ ਗੁਆਂਢੀਆਂ ਨੇ ਲਾਇਆ ਪਿਸਤੌਲ ਤਾਣਨ ਦਾ ਦੋਸ਼
Saturday, Feb 08, 2020 - 06:05 PM (IST)
![ਮੁਲਾਜ਼ਮ ਦੇ ਬੇਟੇ ਖਿਲਾਫ ਗੁਆਂਢੀਆਂ ਨੇ ਲਾਇਆ ਪਿਸਤੌਲ ਤਾਣਨ ਦਾ ਦੋਸ਼](https://static.jagbani.com/multimedia/2017_6image_01_13_577480000pistol-shooter.jpg)
ਜਲੰਧਰ (ਮ੍ਰਿਦੁਲ)— 66 ਫੁੱਟੀ ਰੋਡ 'ਤੇ ਸਥਿਤ ਪੁਲਸ ਚੌਕੀ ਦੇ ਇੰਚਾਰਜ ਦੇ ਬੇਟੇ ਵੱਲੋਂ ਗੁਆਂਢੀਆਂ ਨਾਲ ਝਗੜੇ ਤੋਂ ਬਾਅਦ ਪਿਸਤੌਲ ਤਾਣਨ ਦਾ ਮਾਮਲਾ ਸਾਹਮਣੇ ਆਇਆ ਹੈ। ਝਗੜਾ ਦੇਖਦੇ ਹੀ ਦੇਖਦੇ ਇੰਨਾ ਵਧ ਗਿਆ ਕਿ ਦੋਵੇਂ ਧਿਰਾਂ ਵੱਲੋਂ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ ਹੈ, ਜਿਸ ਤੋਂ ਬਾਅਦ ਸਾਰੇ ਮਾਮਲੇ ਦੀ ਇਨਕੁਆਇਰੀ ਏ. ਸੀ. ਪੀ. ਮਾਡਲ ਟਾਉੂਨ ਨੂੰ ਮਾਰਕ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਚੌਕੀ ਇੰਚਾਰਜ ਦੇ ਘਰ ਕੋਲ ਰਹਿੰਦੇ ਗੁਆਂਢੀ ਨਾਲ ਉਨ੍ਹਾਂ ਦੇ ਬੇਟੇ ਦੀ ਬੀਤੇ ਦਿਨੀਂ ਲੜਾਈ ਹੋਈ ਸੀ। ਲੜਾਈ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਹੋਈ ਸੀ। ਜਿਸ 'ਤੇ ਗੁਆਂਢੀਆਂ ਵੱਲੋਂ ਮਾੜੀ ਭਾਸ਼ਾ ਦੀ ਵਰਤੋਂ ਕਰਨ ਕਾਰਨ ਇੰਚਾਰਜ ਅਤੇ ਬੇਟੇ ਨੇ ਸ਼ਿਕਾਇਤ ਦਰਜ ਕਰਵਾਈ ਸੀ। ਗੁਆਂਢੀਆਂ ਨੂੰ ਜਦੋਂ ਸ਼ਿਕਾਇਤ ਦਾ ਪਤਾ ਲੱਗਾ ਤਾਂ ਗੁਆਂਢੀਆਂ ਨੇ ਵੀ ਇੰਚਾਰਜ ਅਤੇ ਬੇਟੇ ਖਿਲਾਫ ਪਿਸਤੌਲ ਤਾਣਨ ਦਾ ਦੋਸ਼ ਲਗਾ ਦਿੱਤਾ। ਜਿਸ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਕੈਦ ਹੋ ਗਈ ਹੈ। ਹਾਲਾਂਕਿ ਇਸ ਸਬੰਧ 'ਚ ਇੰਚਾਰਜ ਦਾ ਕਹਿਣਾ ਹੈ ਕਿ ਬੇਟੇ ਕੋਲ ਪਿਸਤੌਲਨੁਮਾ ਲਾਈਟਰ ਉਸ ਦੀ ਜੇਬ 'ਚ ਸੀ, ਨਾ ਕਿ ਅਸਲੀ ਪਿਸਤੌਲ ਸੀ। ਉਧਰ ਜਾਂਚ ਅਧਿਕਾਰੀ ਏ. ਸੀ. ਪੀ. ਮਾਡਲ ਟਾਉੂਨ ਧਰਮਪਾਲ ਨੇ ਦੱਸਿਆ ਕਿ ਦੋਵਾਂ ਧਿਰਾਂ ਨੂੰ ਤਲਬ ਕੀਤਾ ਗਿਆ ਹੈ। ਬਾਕੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।