ਡਾਇਰੈਕਟਰ ਲੋਕਲ ਬਾਡੀਜ਼ ਨੇ ਨਿਗਮ ਤੋਂ ਮੰਗਿਆ ਨਾਜਾਇਜ਼ ਬਿਲਡਿੰਗਾਂ ਦਾ ਰਿਕਾਰਡ
Thursday, Jul 09, 2026 - 12:08 PM (IST)
ਜਲੰਧਰ (ਖੁਰਾਣਾ)–ਨਾਜਾਇਜ਼ ਨਿਰਮਾਣਾਂ ਦੀ ਜਾਂਚ ਨੂੰ ਲੈ ਕੇ ਜਲੰਧਰ ਨਗਰ ਨਿਗਮ ਦਾ ਬਿਲਡਿੰਗ ਵਿਭਾਗ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ। ਚੀਫ਼ ਵਿਜੀਲੈਂਸ ਆਫਿਸਰ (ਸੀ. ਵੀ. ਓ.) ਦੇ ਵਾਰ-ਵਾਰ ਰਿਮਾਈਂਡਰ ਦੇ ਬਾਵਜੂਦ ਰਿਕਾਰਡ ਉਪਲੱਬਧ ਨਾ ਕਰਵਾਉਣ ਦੇ ਮਾਮਲੇ ਨੂੰ ਹੁਣ ਡਾਇਰੈਕਟਰ, ਲੋਕਲ ਬਾਡੀਜ਼ ਪੰਜਾਬ ਹਰਸੁਰਿੰਦਰਪਾਲ ਸਿੰਘ ਬਰਾੜ (ਆਈ. ਏ. ਐੱਸ.) ਨੇ ਗੰਭੀਰਤਾ ਨਾਲ ਲਿਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਐਨਕਾਊਂਟਰ! ਲੱਕੀ ਪਟਿਆਲ ਗੈਂਗ ਦੇ ਸ਼ੂਟਰ ਤੇ ਪੁਲਸ ਵਿਚਾਲੇ ਚੱਲੀਆਂ ਗੋਲ਼ੀਆਂ
ਜਾਣਕਾਰੀ ਅਨੁਸਾਰ ਡਾਇਰੈਕਟਰ ਲੋਕਲ ਬਾਡੀਜ਼ ਵੱਲੋਂ 2 ਜੁਲਾਈ ਨੂੰ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਨੂੰ ਪੱਤਰ ਜਾਰੀ ਕਰਕੇ ਨਿਰਦੇਸ਼ ਦਿੱਤੇ ਗਏ ਸਨ ਕਿ ਸੀ. ਵੀ. ਓ. ਵੱਲੋਂ ਜਾਂਚ ਕੀਤੀਆਂ ਗਈਆਂ ਸਾਰੀਆਂ ਕਥਿਤ ਨਾਜਾਇਜ਼ ਇਮਾਰਤਾਂ ਨਾਲ ਸਬੰਧਤ ਰਿਕਾਰਡ ਅਤੇ ਰਿਪੋਰਟ 7 ਦਿਨਾਂ ਅੰਦਰ ਸਪੈਸ਼ਲ ਮੈਸੇਂਜਰ ਰਾਹੀਂ ਚੰਡੀਗੜ੍ਹ ਭੇਜੀ ਜਾਵੇ। ਹੁਕਮ ਅਨੁਸਾਰ ਇਹ ਰਿਕਾਰਡ 9 ਜੁਲਾਈ ਵੀਰਵਾਰ ਤਕ ਹਰ ਹਾਲ ਵਿਚ ਸਬੰਧਤ ਦਫ਼ਤਰ ਵਿਚ ਪਹੁੰਚ ਜਾਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਚੀਫ਼ ਵਿਜੀਲੈਂਸ ਆਫਿਸਰ ਆਪਣੀ ਟੀਮ ਨਾਲ 20 ਮਾਰਚ ਨੂੰ ਜਲੰਧਰ ਪਹੁੰਚੇ ਸਨ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਕਈ ਕਥਿਤ ਨਾਜਾਇਜ਼ ਇਮਾਰਤਾਂ ਦਾ ਮੌਕੇ ’ਤੇ ਨਿਰੀਖਣ ਕੀਤਾ ਸੀ। ਨਿਰੀਖਣ ਤੋਂ ਬਾਅਦ ਸਬੰਧਤ ਰਿਕਾਰਡ ਅਤੇ ਰਿਪੋਰਟ ਭੇਜਣ ਦੇ ਸਪੱਸ਼ਟ ਨਿਰਦੇਸ਼ ਦਿੱਤੇ ਗਏ ਸਨ। ਇਸ ਦੇ ਬਾਵਜੂਦ ਨਗਰ ਨਿਗਮ ਨੇ ਬਿਲਡਿੰਗ ਵਿਭਾਗ ਵੱਲੋਂ ਲੰਮੇ ਸਮੇਂ ਤਕ ਰਿਕਾਰਡ ਉਪਲੱਬਧ ਨਹੀਂ ਕਰਵਾਇਆ ਗਿਆ। ਸੀ. ਵੀ. ਓ. ਦਫ਼ਤਰ ਵੱਲੋਂ ਕਈ ਵਾਰ ਰਿਮਾਈਂਡਰ ਭੇਜੇ ਜਾਣ ਦੇ ਬਾਵਜੂਦ ਨਾ ਤਾਂ ਰਿਕਾਰਡ ਭੇਜਿਆ ਗਿਆ ਅਤੇ ਨਾ ਹੀ ਕੋਈ ਅਧਿਕਾਰੀ ਸਪੱਸ਼ਟੀਕਰਨ ਦੇਣ ਲਈ ਚੰਡੀਗੜ੍ਹ ਪਹੁੰਚਿਆ। ਹੁਣ ਡਾਇਰੈਕਟਰ ਲੋਕਲ ਬਾਡੀਜ਼ ਦੀ ਸਿੱਧੀ ਦਖ਼ਲਅੰਦਾਜ਼ੀ ਤੋਂ ਬਾਅਦ ਇਹ ਮਾਮਲਾ ਹੋਰ ਗੰਭੀਰ ਹੋ ਗਿਆ ਹੈ। ਪ੍ਰਸ਼ਾਸਨਿਕ ਹਲਕਿਆਂ ਵਿਚ ਚਰਚਾ ਹੈ ਕਿ ਜੇਕਰ ਇਸ ਵਾਰ ਵੀ ਨਿਰਧਾਰਿਤ ਸਮੇਂ ਵਿਚ ਰਿਕਾਰਡ ਨਾ ਭੇਜਿਆ ਗਿਆ ਤਾਂ ਸਬੰਧਤ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਅਮਰੀਕਾ ਦੇ ਅਟਾਰਨੀ ਜਨਰਲ ਦੀ ਸ਼ਿਕਾਇਤ 'ਤੇ ਪੰਜਾਬ ਪੁਲਸ ਦੇ SHO 'ਤੇ ਡਿੱਗੀ ਗਾਜ! ਹੋਈ ਸਖ਼ਤ ਕਾਰਵਾਈ
ਇਸ ਪੂਰੇ ਮਾਮਲੇ ਵਿਚ ਇਕ ਹੋਰ ਮਹੱਤਵਪੂਰਨ ਪਹਿਲੂ ਇਹ ਵੀ ਸਾਹਮਣੇ ਆਇਆ ਕਿ ਜਿਨ੍ਹਾਂ ਇਮਾਰਤਾਂ ਨੂੰ ਵਿਜੀਲੈਂਸ ਵਿਭਾਗ ਦੀ ਜਾਂਚ ਤੋਂ ਬਾਅਦ ਸੀਲ ਕਰਨ ਦੇ ਹੁਕਮ ਦਿੱਤੇ ਗਏ ਸਨ, ਉਨ੍ਹਾਂ ਵਿਚੋਂ ਕਈ ਇਮਾਰਤਾਂ ਦੀ ਸੀਲ ਨਗਰ ਨਿਗਮ ਵੱਲੋਂ ਬਾਅਦ ਵਿਚ ਖੋਲ੍ਹ ਦਿੱਤੀ ਗਈ। ਇੰਨਾ ਹੀ ਨਹੀਂ ਫੁੱਟਬਾਲ ਚੌਕ ਸਥਿਤ ਇਕ ਚਰਚਿਤ ਇਮਾਰਤ ਵਿਚ ਸੀਲ ਲੱਗੇ ਹੋਣ ਦੇ ਬਾਵਜੂਦ ਇਕ ਹੋਰ ਮੰਜ਼ਿਲ ਬਣਾਏ ਜਾਣ ਦੀ ਚਰਚਾ ਵੀ ਰਹੀ, ਜਿਸ ਨਾਲ ਨਿਗਮ ਦੀ ਕਾਰਜਪ੍ਰਣਾਲੀ ’ਤੇ ਗੰਭੀਰ ਸਵਾਲ ਉੱਠ ਰਹੇ ਹਨ। ਹੁਣ ਸਾਰਿਆਂ ਦੀਆਂ ਨਜ਼ਰਾਂ 9 ਜੁਲਾਈ ’ਤੇ ਟਿਕੀਆਂ ਹਨ। ਵੇਖਣਾ ਹੋਵੇਗਾ ਕਿ ਜਲੰਧਰ ਨਗਰ ਨਿਗਮ ਵਿਸ਼ੇਸ਼ ਕਰਕੇ ਬਿਲਡਿੰਗ ਵਿਭਾਗ ਦੇ ਅਧਿਕਾਰੀ ਡਾਇਰੈਕਟਰ ਲੋਕਲ ਬਾਡੀਜ਼ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਮੇਂ ’ਤੇ ਪੂਰਾ ਰਿਕਾਰਡ ਭੇਜਦੇ ਹਨ ਤਾਂ ਫਿਰ ਇਸ ਮਾਮਲੇ ਵਿਚ ਵੀ ਪਹਿਲਾਂ ਵਾਂਗ ਲਾਪ੍ਰਵਾਹੀ ਵਰਤੀ ਜਾਂਦੀ ਹੈ।
ਰਿਹਾਇਸ਼ੀ ਨਕਸ਼ੇ ’ਤੇ ਬਣ ਰਹੀ ਮਲਟੀਸਟੋਰੀ ਕਮਰਸ਼ੀਅਲ ਬਿਲਡਿੰਗ
ਪਿਛਲੇ ਕੁਝ ਸਮੇਂ ਤੋਂ ਜਲੰਧਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਕਾਰਜਪ੍ਰਣਾਲੀ 'ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਦੋਸ਼ ਹੈ ਕਿ ਵਿਭਾਗ ਨਾਲ ਜੁਡ਼ੇ ਅਧਿਕਾਰੀਆਂ ਨੇ ਫੀਲਡ ਵਿਚ ਜਾਣਾ ਲੱਗਭਗ ਬੰਦ ਕਰ ਦਿੱਤਾ ਹੈ, ਜਿਸ ਕਾਰਨ ਸ਼ਹਿਰ ਵਿਚ ਨਾਜਾਇਜ਼ ਨਿਰਮਾਣ ਤੇਜ਼ੀ ਨਾਲ ਵਧ ਰਹੇ ਹਨ। ਇਸ ਸਬੰਧੀ ਸੈਂਕੜੇ ਸ਼ਿਕਾਇਤਾਂ ਚੰਡੀਗੜ੍ਹ ਸਥਿਤ ਉੱਚ ਅਧਿਕਾਰੀਆਂ ਅਤੇ ਵਿਜੀਲੈਂਸ ਵਿਭਾਗ ਤਕ ਪਹੁੰਚ ਚੁੱਕੀਆਂ ਹਨ ਪਰ ਇਸ ਦੇ ਬਾਵਜੂਦ ਨਾਜਾਇਜ਼ ਨਿਰਮਾਣਾਂ 'ਤੇ ਪ੍ਰਭਾਵੀ ਕਾਰਵਾਈ ਨਹੀਂ ਹੋ ਰਹੀ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ! 5 ਜ਼ਿਲ੍ਹਿਆਂ 'ਚ ਮੌਸਮ ਵਿਭਾਗ ਵੱਲੋਂ Alert ਜਾਰੀ
ਇਸ ਦੌਰਾਨ ਸ਼ਹਿਰ ਵਿਚ ਇਕ ਨਵਾਂ ਟ੍ਰੈਂਡ ਵੀ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਪਹਿਲਾਂ ਰਿਹਾਇਸ਼ੀ ਭਵਨ ਦਾ ਨਕਸ਼ਾ ਪਾਸ ਕਰਵਾਇਆ ਜਾਂਦਾ ਹੈ ਅਤੇ ਬਾਅਦ ਵਿਚ ਉਸੇ ’ਤੇ ਕਮਰਸ਼ੀਅਲ ਇਮਾਰਤ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਸ ਦਾ ਤਾਜ਼ਾ ਮਾਮਲਾ ਗੁਲਾਬ ਦੇਵੀ ਰੋਡ ’ਤੇ ਸਥਿਤ ਰੋਜ਼ ਪਾਰਕ ਇਲਾਕੇ ਦਾ ਦੱਸਿਆ ਜਾ ਰਿਹਾ ਹੈ, ਜਿਥੇ ਵਿੰਡਸਰ ਪਾਰਕ ਕਾਲੋਨੀ ਦੇ ਮੋੜ ਦੇ ਨੇੜੇ ਇਕ ਪਲਾਟ ’ਤੇ ਮਲਟੀਸਟੋਰੀ ਕਮਰਸ਼ੀਅਲ ਬਿਲਡਿੰਗ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨਿਰਮਾਣ ਦੀ ਸ਼ਿਕਾਇਤ ਮੇਅਰ ਅਤੇ ਕਮਿਸ਼ਨਰ ਤਕ ਪਹੁੰਚ ਚੁੱਕੀ ਹੈ। ਇਸ ਸਬੰਧੀ ਜਦੋਂ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸਬੰਧਤ ਬਿਲਡਿੰਗ ਦਾ ਰਿਹਾਇਸ਼ੀ ਨਕਸ਼ਾ ਪਾਸ ਹੈ। ਇੰਟਰਨਲ ਡੇਵੀਏਸ਼ਨ ਸਬੰਧੀ ਨੋਟਿਸ ਵੀ ਨਿਗਮ ਵੱਲੋਂ ਜਾਰੀ ਕੀਤੇ ਜਾ ਚੁੱਕੇ ਹਨ ਪਰ ਇਸ ਦੇ ਬਾਵਜੂਦ ਮੌਕੇ ’ਤੇ ਕਮਰਸ਼ੀਅਲ ਬਿਲਡਿੰਗ ਦਾ ਨਿਰਮਾਣ ਜਾਰੀ ਹੈ।
ਕਮਿਸ਼ਨਰ ਨੇ ਦੱਸਿਆ ਕਿ ਮਾਮਲੇ ਵਿਚ ਕਾਰਵਾਈ ਲਈ ਐੱਮ. ਟੀ. ਪੀ. ਮਿਹਰਬਾਨ ਸਿੰਘ ਨੂੰ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਬੰਧਤ ਇਮਾਰਤ ਵਿਚ ਕਮਰਸ਼ੀਅਲ ਨਿਰਮਾਣ ਹੋਣ ਦੇ ਬਾਵਜੂਦ ਨਾ ਤਾਂ ਜ਼ਰੂਰੀ ਫਰੰਟ ਲਾਈਨ ਛੱਡੀ ਗਈ ਹੈ ਅਤੇ ਨਾ ਹੀ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ, ਜੋ ਨਿਯਮਾਂ ਦੀ ਉਲੰਘਣਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੇਅਰ ਅਤੇ ਨਿਗਮ ਕਮਿਸ਼ਨਰ ਦੇ ਨੋਟਿਸ ਵਿਚ ਮਾਮਲਾ ਆਉਣ ਦੇ ਬਾਵਜੂਦ ਨਿਰਮਾਣ ਕੰਮ ਨਹੀਂ ਰੁਕਿਆ। ਮੌਕੇ 'ਤੇ ਉੱਪਰਲੀ ਮੰਜ਼ਿਲ 'ਤੇ ਲੈਂਟਰ ਪਾਉਣ ਦੀ ਤਿਆਰੀ ਚੱਲ ਰਹੀ ਹੈ। ਓਧਰ ਸ਼ਿਕਾਇਤਕਰਤਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਨਗਰ ਨਿਗਮ ਨੇ ਜਲਦ ਕਾਰਵਾਈ ਨਾ ਕੀਤੀ ਤਾਂ ਪੂਰੇ ਮਾਮਲੇ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਭੇਜੀ ਜਾਵੇਗੀ।
ਇਹ ਵੀ ਪੜ੍ਹੋ: ਅਰਮੀਨੀਆ ਤੋਂ ਮੰਦਭਾਗੀ ਖ਼ਬਰ! ਰੋਜ਼ੀ-ਰੋਟੀ ਲਈ ਵਿਦੇਸ਼ ਗਈ ਪੰਜਾਬੀ ਕੁੜੀ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
