ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅਧਿਕਾਰੀਆਂ ਸਣੇ ਨਗਰ ਕੀਰਤਨ ਰੂਟ ਦਾ ਕੀਤਾ ਨਿਰੀਖਣ

Wednesday, Nov 19, 2025 - 08:40 PM (IST)

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅਧਿਕਾਰੀਆਂ ਸਣੇ ਨਗਰ ਕੀਰਤਨ ਰੂਟ ਦਾ ਕੀਤਾ ਨਿਰੀਖਣ

ਹੁਸ਼ਿਆਰਪੁਰ, (ਘੁੰਮਣ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਅਤੇ ਲਾਸਾਨੀ ਸ਼ਹਾਦਤ ਦੀ 350ਵੀਂ ਵਰ੍ਹੇਗੰਢ ਨੂੰ ਸਮਰਪਿਤ ਇਤਿਹਾਸਕ ਨਗਰ ਕੀਰਤਨ ਦੇ ਸਵਾਗਤ, ਸੁਰੱਖਿਆ ਅਤੇ ਸਮੁੱਚੇ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਨੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਅੱਜ ਹੁਸ਼ਿਆਰਪੁਰ ਤੋਂ ਗੜ੍ਹਸ਼ੰਕਰ ਤੱਕ ਰੂਟ ਦਾ ਨਿਰੀਖਣ ਕੀਤਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਹਫ਼ਤੇ ਸੀਨੀਅਰ ਜ਼ਿਲ੍ਹਾ ਅਧਿਕਾਰੀਆਂ ਦੀ ਇਕ ਟੀਮ ਨੇ ਮੁਕੇਰੀਆਂ, ਦਸੂਹਾ, ਗੜ੍ਹਦੀਵਾਲਾ, ਭੂੰਗਾ ਅਤੇ ਹਰਿਆਣਾ ਦੇ ਰੂਟ ਦਾ ਬੱਸ ਰਾਹੀਂ ਨਿਰੀਖਣ ਕੀਤਾ ਸੀ। ਇਸੇ ਤਹਿਤ ਉਨ੍ਹਾਂ ਅਧਿਕਾਰੀਆਂ ਸਮੇਤ ਅੱਜ ਨਲੋਈਆਂ ਚੌਕ, ਮਾਤਾ ਚਿੰਤਪੂਰਨੀ ਚੌਕ, ਗੁਰਦੁਆਰਾ ਮਿੱਠਾ ਟਿਵਾਣਾ, ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ, ਪ੍ਰਭਾਤ ਚੌਕ, ਫਗਵਾੜਾ ਚੌਕ, ਘੰਟਾ ਘਰ ਚੌਕ, ਸੈਸ਼ਨ ਚੌਕ, ਮਾਹਿਲਪੁਰ ਅੱਡਾ, ਚੱਬੇਵਾਲ, ਮਾਹਿਲਪੁਰ ਰਾਹੀਂ ਗੜ੍ਹਸ਼ੰਕਰ ਸੜਕ ਦਾ ਦੌਰਾ ਕੀਤਾ ਗਿਆ ਤਾਂ ਜੋ ਸਾਰੇ ਵਿਭਾਗ ਪਹਿਲਾਂ ਤੋਂ ਤਿਆਰੀਆਂ ਪੂਰੀਆਂ ਕਰ ਸਕਣ।

ਉਨ੍ਹਾਂ ਦੱਸਿਆ ਕਿ ਸ੍ਰੀ ਨਗਰ ਤੋਂ ਸ਼ੁਰੂ ਹੋਇਆ ਨਗਰ ਕੀਰਤਨ 21 ਨਵੰਬਰ ਨੂੰ ਪਠਾਨਕੋਟ ਰਾਹੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਵਿੱਚ ਦਾਖਲ ਹੋਵੇਗਾ, ਜਿੱਥੇ ਨਗਰ ਕੀਰਤਨ ਨੂੰ ਗਾਰਡ ਆਫ਼ ਆਨਰ ਦਿੱਤਾ ਜਾਵੇਗਾ। ਉਸੇ ਦਿਨ ਨਗਰ ਕੀਰਤਨ ਦਸੂਹਾ ਅਤੇ ਗੜ੍ਹਦੀਵਾਲਾ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਰਾਮਪੁਰ ਖੇੜਾ ਵਿਖੇ ਵਿਸ਼ਰਾਮ ਕਰੇਗਾ। 22 ਨਵੰਬਰ ਨੂੰ ਨਗਰ ਕੀਰਤਨ ਗੁਰਦੁਆਰਾ ਸ੍ਰੀ ਰਾਮਪੁਰ ਖੇੜਾ ਤੋਂ ਰਵਾਨਾ ਹੋਵੇਗਾ ਅਤੇ ਭੂੰਗਾ, ਹਰਿਆਣਾ, ਹੁਸ਼ਿਆਰਪੁਰ, ਚੱਬੇਵਾਲ, ਮਾਹਿਲਪੁਰ ਅਤੇ ਗੜ੍ਹਸ਼ੰਕਰ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗਾ। ਨਿਰੀਖਣ ਦੌਰਾਨ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਰਸਤਾ ਸਾਫ਼ ਹੋਵੇ, ਸੁਰੱਖਿਆ ਪ੍ਰਬੰਧ ਮੁਕੰਮਲ ਹੋਣ, ਆਵਾਜਾਈ ਕੰਟਰੋਲ ਹੋਵੇ, ਰੋਸ਼ਨੀ, ਡਾਕਟਰੀ ਸਹਾਇਤਾ ਅਤੇ ਹੋਰ ਜ਼ਰੂਰੀ ਪ੍ਰਬੰਧ ਸਮੇਂ ਸਿਰ ਪੂਰੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਦੇ ਸਵਾਗਤ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਾਰੇ ਕੇਂਦਰਾਂ ''ਤੇ ਵਿਸ਼ੇਸ਼ ਅਧਿਕਾਰੀ ਤਾਇਨਾਤ ਕੀਤੇ ਜਾਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਅੱਗੇ ਕਿਹਾ ਕਿ ਨਗਰ ਕੀਰਤਨ ਦੇ ਸਵਾਗਤ ਲਈ ਵਿਸ਼ੇਸ਼ ਸਵਾਗਤੀ ਗੇਟ ਵੀ ਬਣਾਏ ਜਾ ਰਹੇ ਹਨ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਇਤਿਹਾਸਕ ਨਗਰ ਕੀਰਤਨ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਸ ਇਤਿਹਾਸਕ ਸਮਾਗਮ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ, ਪੁਲਿਸ ਸੁਪਰਡੈਂਟ ਮੇਜਰ ਸਿੰਘ, ਐੱਸ.ਡੀ.ਐੱਮ ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ, ਐੱਸ.ਡੀ.ਐੱਮ ਗੜ੍ਹਸ਼ੰਕਰ ਸੰਜੀਵ ਕੁਮਾਰ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸੰਦੀਪ ਸਿੰਘ, ਸੰਯੁਕਤ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਗੁਰਮੀਤ ਸਿੰਘ, ਕਾਰਜਕਾਰੀ ਇੰਜੀਨੀਅਰ ਪਾਵਰ ਕਾਰਪੋਰੇਸ਼ਨ ਕੁਲਦੀਪ ਸਿੰਘ ਠਾਕੁਰ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।


author

Rakesh

Content Editor

Related News