ਲੋਕ ਮਰਦੇ ਹਨ ਤਾਂ ਮਰਨ, ਅਸੀਂ ਕੂੜਾ ਸਾੜਨ ਤੋਂ ਬਾਜ਼ ਨਹੀਂ ਆਉਣਾ

Saturday, Nov 23, 2019 - 01:23 PM (IST)

ਲੋਕ ਮਰਦੇ ਹਨ ਤਾਂ ਮਰਨ, ਅਸੀਂ ਕੂੜਾ ਸਾੜਨ ਤੋਂ ਬਾਜ਼ ਨਹੀਂ ਆਉਣਾ

ਜਲੰਧਰ (ਬੁਲੰਦ)— ਪ੍ਰਦੂਸ਼ਣ ਵਿਭਾਗ ਅਤੇ ਖੇਤੀ ਵਿਭਾਗ ਦੇ ਅਧਿਕਾਰੀ ਕਹਿ-ਕਹਿ ਕੇ ਥੱਕ ਚੁੱਕੇ ਹਨ ਕਿ ਅਸੀਂ ਪਰਾਲੀ ਸਾੜਨ ਦੇ ਖਿਲਾਫ ਸਖਤ ਐਕਸ਼ਨ ਲੈ ਕੇ ਪਰਾਲੀ ਸਾੜਨ 'ਤੇ ਕਾਫੀ ਹੱਦ ਤੱਕ ਰੋਕ ਲਾ ਦਿੱਤੀ ਹੈ। ਹੁਣ ਨਗਰ ਨਿਗਮ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਕੂੜਾ ਸਾੜਨ ਵਾਲਿਆਂ 'ਤੇ ਸਖ਼ਤੀ ਵਰਤੇ ਪਰ ਉਨ੍ਹਾਂ ਦੀਆਂ ਗੱਲਾਂ ਸੁਣਨ ਲਈ ਕੋਈ ਤਿਆਰ ਹੀ ਨਹੀਂ। ਨਗਰ ਨਿਗਮ ਤਾਂ ਇਸ ਮਾਮਲੇ ਵਿਚ ਬਿਲਕੁਲ ਹੀ ਢਿੱਲਾ ਹੈ, ਜਿਸ ਦਾ ਨਤੀਜਾ ਇਹ ਹੈ ਕਿ ਆਏ ਦਿਨ ਸ਼ਹਿਰ ਵਿਚ ਕੂੜਾ ਅਤੇ ਮਕੈਨੀਕਲ ਵੇਸਟ ਸਾੜੇ ਜਾਣ ਕਾਰਣ ਸ਼ਹਿਰ ਵਿਚ ਪ੍ਰਦੂਸ਼ਣ ਖਤਰਨਾਕ ਢੰਗ ਨਾਲ ਵੱਧਦਾ ਜਾ ਰਿਹਾ ਹੈ ਅਤੇ ਵਾਤਾਵਰਣ ਵਿਚ ਸਮੋਗ ਇਸ ਤਰ੍ਹਾਂ ਫੈਲ ਚੁੱਕੀ ਹੈ ਕਿ ਸਾਹ ਲੈਣ ਦਾ ਮਤਲਬ ਜ਼ਹਿਰ ਨਿਗਲਣਾ ਬਣ ਚੁੱਕਾ ਹੈ।

ਅਜਿਹਾ ਹੀ ਨਜ਼ਾਰਾ ਕਿਸ਼ਨਪੁਰਾ ਚੌਕ ਨਾਲ ਲੱਗਦੀ ਦੁਸਹਿਰਾ ਗਰਾਊਂਡ 'ਚ ਵੇਖਣ ਨੂੰ ਮਿਲਿਆ, ਜਦੋਂ ਇਕ ਪਾਠਕ ਨੇ ਸਾਨੂੰ ਫੋਨ ਕਰਕੇ ਦੱਸਿਆ ਕਿ ਇਸ ਗਰਾਊਂਡ ਦੇ ਆਲੇ-ਦੁਆਲੇ ਕੁਝ ਕਬਾੜੀਆਂ ਦੇ ਗੋਦਾਮ ਹਨ ਜੋ ਕਿ ਮਕੈਨੀਕਲ ਵੇਸਟ ਨੂੰ ਗਰਾਊਂਡ ਵਿਚ ਸਾੜ ਰਹੇ ਹਨ। ਜਦੋਂ ਸਾਡੀ ਟੀਮ ਆਪਣੇ ਸੀਕ੍ਰੇਟ ਕੈਮਰੇ ਦੇ ਨਾਲ ਗਰਾਊਂਡ 'ਚ ਪਹੁੰਚੀ ਤਾਂ ਵੇਖਿਆ ਕਿ ਕੁੱਝ ਲੋਕ ਬਿਜਲੀ ਦੀਆਂ ਬਚੀਆਂ ਤਾਰਾਂ, ਰੱਸੀਆਂ ਅਤੇ ਕਾਫੀ ਸਾਰੇ ਮਕੈਨੀਕਲ ਵੇਸਟ ਨੂੰ ਗਰਾਊਂਡ 'ਚ ਰੱਖ ਕੇ ਸਾੜ ਰPunjabKesariਹੇ ਹਨ ਅਤੇ ਉਸ ਵਿਚੋਂ ਗੰਦੀਆਂ ਗੈਸਾਂ ਅਤੇ ਹਾਨੀਕਾਰਕ ਤੱਤਾਂ ਨਾਲ ਭਰਿਆ ਧੂੰਆਂ ਸਾਰੇ ਇਲਾਕੇ ਵਿਚ ਫੈਲ ਕੇ ਸਮੋਗ ਦੀ ਮਾਤਰਾ ਵਧਾ ਰਿਹਾ ਹੈ। ਜਦੋਂ ਇਸ ਬਾਰੇ ਕਬਾੜੀਆਂ ਨਾਲ ਗੱਲ ਕੀਤੀ ਗਈ ਕਿ ਉਹ ਕੂੜਾ ਅਤੇ ਵੇਸਟ ਕਿਉਂ ਸਾੜ ਰਹੇ ਹਨ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਉਹ ਮਾਲ ਹੈ ਜੋ ਵਿਕਦਾ ਨਹੀਂ ਪਰ ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਅਜਿਹਾ ਕਰਨ ਨਾਲ ਵਾਤਾਵਰਣ ਵਿਚ ਗੰਦੀਆਂ ਗੈਸਾਂ ਫੈਲਦੀਆਂ ਹਨ ਅਤੇ ਲੋਕ ਕੈਂਸਰ ਜਿਹੇ ਰੋਗਾਂ ਦਾ ਸ਼ਿਕਾਰ ਬਣਦੇ ਹਨ ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ। ਉਨ੍ਹਾਂ ਬਸ ਇੰਨਾ ਹੀ ਕਿਹਾ ਕਿ ਉਹ ਜਾਣਦੇ ਹਨ ਪਰ ਕੀ ਕਰੀਏ ਕੋਈ ਚਾਰਾ ਨਹੀਂ, ਇਸ ਨੂੰ ਕਿੱਥੇ ਸੁੱਟੀਏ?

ਅਸੀਂ ਰੋਕਿਆ ਸੀ ਪਰ ਉਹ ਨਹੀਂ ਮੰਨੇ : ਪੀ. ਸੀ. ਆਰ. ਕਰਮਚਾਰੀ
ਜਿੱਥੇ ਕੂੜਾ ਅਤੇ ਵੇਸਟੇਜ ਸਾੜਿਆ ਜਾ ਰਿਹਾ ਸੀ ਤਾਂ ਉਸ ਤੋਂ ਕੁਝ ਹੀ ਕਦਮ ਦੀ ਦੂਰੀ 'ਤੇ ਪੀ. ਸੀ. ਆਰ. ਦੇ 2 ਕਰਮਚਾਰੀ ਸਾਰਾ ਤਮਾਸ਼ਾ ਆਪਣੀਆਂ ਅੱਖਾਂ ਨਾਲ ਵੇਖ ਰਹੇ ਸਨ। ਜਦੋਂ ਸਾਡੀ ਟੀਮ ਨੇ ਉਨ੍ਹਾਂ ਪੁਲਸ ਕਰਮਚਾਰੀਆਂ ਤੋਂ ਪੁੱਛਿਆ ਕਿ ਤੁਹਾਡੇ ਸਾਹਮਣੇ ਇਹ ਲੋਕ ਇੰਨਾ ਪ੍ਰਦੂਸ਼ਣ ਫੈਲਾ ਰਹੇ ਹਨ, ਤੁਸੀਂ ਰੋਕਦੇ ਕਿਉਂ ਨਹੀਂ ਤਾਂ ਪੁਲਸ ਕਰਮਚਾਰੀ ਦਾ ਜਵਾਬ ਸੀ ਕਿ ਅਸੀਂ ਤਾਂ ਉਨ੍ਹਾਂ ਨੂੰ ਰੋਕਿਆ ਸੀ ਪਰ ਉਹ ਮੰਨੇ ਹੀ ਨਹੀਂ। ਜਵਾਬ ਸਾਬਿਤ ਕਰਦਾ ਹੈ ਕਿ ਸਰਕਾਰ ਵਲੋਂ ਲਾਗੂ ਕੂੜਾ ਨਾ ਸਾੜਨ ਦੇ ਹੁਕਮਾਂ ਨੂੰ ਪ੍ਰਸ਼ਾਸਨ ਕਿੰਨੀ ਕੁ ਸਖ਼ਤੀ ਨਾਲ ਲਾਗੂ ਕਰਵਾਉਂਦਾ ਹੈ।

ਸ਼ਹਿਰ ਦਾ ਏ. ਕਿਊ. ਆਈ. ਜਾਨਲੇਵਾ ਬਣਿਆ
ਗੱਲ ਜੇਕਰ ਅੱਜ ਰਹੇ ਸ਼ਹਿਰ ਦੇ ਏਅਰ ਕੁਆਲਿਟੀ ਇੰਡੈਕਸ ਦੀ ਕਰੀਏ ਤਾਂ ਦੇਖ ਕੇ ਹੀ ਸਾਹ ਘੁਟਣ ਲੱਗੇਗਾ ਕਿਉਂਕਿ ਏ. ਕਿਊ. ਆਈ. 270 ਦੇ ਕਰੀਬ ਸੀ ਜੋ ਕਿ ਸਾਹ ਦੇ ਰੋਗੀਆਂ, ਗਰਭਵਤੀ ਔਰਤਾਂ ਅਤੇ ਬੱਚਿਆਂ ਤੋਂ ਇਲਾਵਾ ਆਮ ਲੋਕਾਂ ਲਈ ਵੀ ਬੇਹੱਦ ਖਤਰਨਾਕ ਹੈ ਪਰ ਲੋਕ ਇਸ ਦੇ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਸਿਰਫ ਸਰਕਾਰ, ਪੁਲਸ ਜਾਂ ਪ੍ਰਸ਼ਾਸਨ 'ਤੇ ਦੋਸ਼ ਲਾਉਣ ਨਾਲ ਹੀ ਗੱਲ ਨਹੀਂ ਬਣਨ ਵਾਲੀ। ਲੋਕਾਂ ਨੂੰ ਨਿੱਜੀ ਪੱਧਰ 'ਤੇ ਇਸ ਪਾਸੇ ਸੁਚੇਤ ਹੋਣਾ ਪਵੇਗਾ। ਅਜਿਹਾ ਨਾ ਹੋਵੇ ਕਿ ਦੇਰ ਹੋ ਜਾਵੇ।


author

shivani attri

Content Editor

Related News